ਚੰਡੀਗੜ੍ਹ, 24 ਜਨਵਰੀ (ਪੀ. ਟੀ.)- ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਸਕੂਲਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਅਤੇ ਬਿਨਾਂ ਕਿਸੇ ਕਾਰਨ ਤੋਂ ਆਨ ਡਿਊਟੀ ਹੋਣ ਵਾਲੇ ਅਧਿਆਪਕਾਂ ’ਤੇ ਚੈਕ ਰੱਖਣ ਲਈ ਮੂਵਮੈਂਟ ਰਜਿਸਟਰ ਲਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਬੇਲੋੜੇ ਕੰਮਾਂ ਲਈ ਆਨ ਡਿਊਟੀ ਹੋਣ ’ਤੇ ਮੁਕੰਮਲ ਰੋਕ ਲਗਾ ਦਿੱਤੀ ਹੈ ਅਤੇ ਅਤਿ ਜ਼ਰੂਰੀ ਕੰਮ ਹੋਣ ਦੀ ਸੂਰਤ ਵਿੱਚ ਹੀ ਕੋਈ ਵੀ ਅਧਿਆਪਕ ਜਾਂ ਮੁਲਾਜ਼ਮ ਹੁਣ ਆਪਣੇ ਤੋਂ ਸੀਨੀਅਰ ਅਧਿਕਾਰੀ ਤੋਂ ਇਜਾਜ਼ਤ ਲੈ ਕੇ ਮੂਵਮੈਂਟ ਰਜਿਸਟਰ ਵਿੱਚ ‘ਆਨ ਡਿਊਟੀ’ ਦਾ ਵੇਰਵਾ ਪਾ ਕੇ ਹੀ ਆਨ ਡਿਊਟੀ ਜਾ ਸਕੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਸਕੂਲਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਚੈਕਿੰਗ ਦੌਰਾਨ ਸਕੂਲਾਂ ਵਿੱਚ ਪਾਈਆਂ ਗਈਆਂ
ਖਾਮੀਆਂ ਕਾਰਨ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਸਮੇਂ ਇਹ ਗੱਲ ਸਾਹਮਣੇ ਆਈ ਕਿ ਕਈ ਅਧਿਆਪਕ ਆਨ ਡਿਊਟੀ ਗਏ ਹੁੰਦੇ ਸਨ ਅਤੇ ਸਕੂਲ ਵਿੱਚ ਇਸ ਦਾ ਕੋਈ ਰਿਕਾਰਡ ਨਹੀਂ ਦਰਜ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਕਈ ਵਾਰ ਆਰਜ਼ੀ ਰਜਿਸਟਰ ਉਪਰ ਜ਼ਰੂਰ ਵੇਰਵਾ ਪਾਇਆ ਜਾਂਦਾ ਹੈ ਜਿਸ ਵਿੱਚ ਬਾਅਦ ’ਚ ਛੇੜਛਾੜ ਕੀਤੀ ਜਾਂਦੀ ਸੀ। ਡੀ.ਪੀ.ਆਈ. (ਸਸ) ਸ੍ਰੀ ਢੋਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਸਿੱਖਿਆ ਮੰਤਰੀ ਡਾ.ਚੀਮਾ ਅਤੇ ਪ੍ਰਮੁੱਖ ਸਕੱਤਰ ਸ੍ਰੀ ਸੀ.ਰਾਊਲ ਦੇ ਧਿਆਨ ਵਿੱਚ ਲਿਆਂਦਾ ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹੁਣ ਸਾਰੇ ਸਕੂਲਾਂ, ਜ਼ਿਲਾ ਸਿੱਖਿਆ ਦਫਤਰਾਂ ਨੂੰ ਨਿਰਦੇਸ਼ ਜਾਰੀ ਕਰ ਕੇ ਕਹਿ ਦਿੱਤਾ ਹੈ ਕਿ ਹਰ ਸਕੂਲ ਤੇ ਦਫਤਰ ਵਿੱਚ ਮੂਵਮੈਂਟ ਰਜਿਸਟਰ ਲਗਾਇਆ ਜਾਵੇਗਾ ਜਿਸ ਦੇ ਪੰਨਿਆਂ ਦੀ ਗਿਣਤੀ ਸਬੰਧਤ ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਤਸਦੀਕ ਕੀਤੀ ਜਾਵੇਗੀ। ਪੰਨਿਆਂ ਦੀ ਗਿਣਤੀ ਤਸਦੀਕਕਰਤਾ ਅਧਿਕਾਰੀ ਵੱਲੋਂ ਰਜਿਸਟਰ ਲਗਾਉਣ ਤੋਂ ਪਹਿਲਾਂ ਚੈਕ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬੇਲੋੜੇ ਕੰਮਾਂ ਲਈ ਕੋਈ ਵੀ ਅਧਿਆਪਕ ਆਨ ਡਿਊਟੀ ਨਹੀਂ ਹੋਵੇਗਾ ਅਤੇ ਅਤਿ ਜ਼ਰੂਰੀ ਕੰਮ ਹੋਣ ਦੀ ਸੂਰਤ ਵਿੱਚ ਹੁਣ ਕੋਈ ਵੀ ਅਧਿਆਪਕ ਜਾਂ ਮੁਲਾਜ਼ਮ ਜਦੋਂ ਹੋਰ ਜਗ੍ਹਾਂ ਜਾਵੇਗਾ ਤਾਂ ਉਹ ਆਪਣੇ ਤੋਂ ਸੀਨੀਅਰ ਅਧਿਕਾਰੀ ਦੀ ਇਜਾਜ਼ਤ ਨਾਲ ਮੂਵਮੈਂਟ ਰਜਿਸਟਰ ਵਿੱਚ ਆਪਣੇ ਦੌਰੇ ਸਬੰਧੀ ਪੂਰੀ ਜਾਣਕਾਰੀ ਦੇਵੇਗਾ। ਜੇਕਰ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੇ ਜਾਣਾ ਹੋਵੇ ਤਾਂ ਉਹ ਸਬੰਧਤ ਡੀ.ਈ.ਓ. ਤੋਂ ਫੋਨ ਸੰਦੇਸ਼ ਰਾਹੀਂ ਆਗਿਆ ਲੈ ਕੇ ਜਾਵੇਗਾ। ਇਸੇ ਤਰ੍ਹਾਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ, ਹੈਡ ਟੀਚਰ ਜਾਂ ਸੈਂਟਰ ਹੈਡ ਟੀਚਰ ਸਬੰਧਤ ਬੀ.ਪੀ.ਈ.ਓਜ਼ ਤੋਂ ਆਗਿਆ ਲੈ ਕੇ ਜਾਣਗੇ।
ਸ੍ਰੀ ਬਲਬੀਰ ਸਿੰਘ ਨੇ ਦੱਸਿਆ ਕਿ ਸਕੂਲਾਂ ਨੂੰ ਮੂਵਮੈਂਟ ਰਜਿਸਟਰ ਦੇ ਨਾਲ ਐਡਜੈਸਟਮੈਂਟ ਪੀਰੀਅਡਾਂ ਸਬੰਧੀ ਰਜਿਸਟਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਿਸ ਉਪਰ ਛੁੱਟੀ ਵਾਲੇ ਅਧਿਆਪਕ ਦੀ ਗੈਰ ਹਾਜ਼ਰੀ ਵਿੱਚ ਕਿਸੇ ਹੋਰ ਅਧਿਆਪਕ ਦੀ ਕੀਤੀ ਐਡਜਸਟਮੈਂਟ ਬਾਰੇ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਉਂਦੇ ਸਮੇਂ ਵਿੱਚ ਸਕੂਲਾਂ ਦੀ ਚੈਕਿੰਗ ਮੁਹਿੰਮ ਜਾਰੀ ਰਹੇਗੀ ਅਤੇ ਮੂਵਮੈਂਟ ਤੇ ਐਡਜੈਸਟਮੈਂਟ ਰਜਿਸਟਰਾਂ ਦਾ ਵੀ ਨਿਰੀਖਣ ਕੀਤਾ ਜਾਵੇਗਾ।



