ਨਵੀਂ ਦਿੱਲੀ, 23 ਜਨਵਰੀ (ਪੀ. ਟੀ.)- ਕਾਂਗਰਸ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਆਪਣਾ ਮਨੋਰਥ ਪੱਤਰ ਜਾਰੀ ਕੀਤਾ। ਪਾਰਟੀ ਨੇ ਮਨੋਰਥ ਪੱਤਰ ‘ਚ ਦਿੱਲੀ ਵਾਸੀਆਂ ਲਈ ਕਈ ਐਲਾਨ ਕੀਤੇ ਹਨ। ਕਾਂਗਰਸ ਨੇ ਦਿੱਲੀ ਵਾਸੀਆਂ ਨੂੰ ਰਿਆਇਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਦਿੱਲੀ ਕਾਂਗਰਸ ਪ੍ਰਦੇਸ਼ ਪ੍ਰਧਾਨ ਅਰਵਿੰਦ ਸਿੰਘ ਲਵਲੀ, ਰਾਸ਼ਟਰੀ ਜਨਰਲ ਸਕੱਤਰ ਅਜੇ ਮਾਕਨ ਅਤੇ ਦਿੱਲੀ ਦੇ ਇੰਚਾਰਜ ਪੀ.ਸੀ. ਚਾਕੋ ਨੇ ਪਾਰਟੀ ਦਾ ਮਨੋਰਥ ਪੱਤਰ ਜਾਰੀ ਕੀਤਾ। ਮਨੋਰਥ ਪੱਤਰ ਜਾਰੀ ਕਰਦੇ ਹੋਏ ਲਵਲੀ ਨੇ ਕਿਹਾ ਕਿ ਉਹ ਜੋ ਐਲਾਨ ਕਰ ਰਹੇ ਹਾਂ ਉਸ ਨੂੰ ਪੂਰਾ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਹਸਪਤਾਲਾਂ ‘ਚ ਆਧੁਨਿਕ ਤਕਨੀਕ ਲੈ ਕੇ ਆਉਣਗੇ ਜਿਸ ਨਾਲ ਮਰੀਜ਼ਾਂ ਨੂੰ 24 ਘੰਟੇ ਸੇਵਾਵਾਂ ਮਿਲਣਗੀਆਂ। ਲਵਲੀ ਨੇ ਕਿਹਾ ਕਿ 200 ਯੂਨਿਟ ਤੱਕ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਨੂੰ ਪ੍ਰਤੀ ਯੂਨਿਟ ਡੇਢ ਰੁਪਇਆ ਦੇਣਾ ਹੋਵੇਗਾ। ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦਿੱਲੀ ਸ਼ਹਿਰ ਨੂੰ ਵਾਈ-ਫਾਈ ਸਹੂਲਤ ਨਾਲ ਲੈਸ ਕਰੇਗੀ। ਲਵਲੀ ਨੇ ਯਮੁਨਾ ਦੀ ਸਫਾਈ ਕਰਨ ਦਾ ਵੀ ਵਾਅਦਾ ਕੀਤਾ।



