ਚੰਡੀਗੜ੍ਹ, 23 ਜਨਵਰੀ (ਨਾਗਪਾਲ)– ਹਰਿਆਣਾ ਸੈਰ-ਸਪਾਟਾ ਵਿਭਾਗ ਵੱਲੋਂ ਪਹਿਲੀ ਤੋਂ 15 ਫਰਵਰੀ ਤਕ ਸੂਰਜਕੰਡ, ਫਰੀਦਾਰਬਾਦ ਵਿਚ ਆਯੋਜਿਤ 29ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਦੌਰਾਨ ਰੋਜਾਨਾ ਸ਼ਾਮ ਦੇ ਸਮੇਂ ਸਭਿਆਚਾਰਕ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਹਰਿਆਣਾ ਸੈਰ-ਸਪਾਟਾ ਨਿਗਮ ਦੀ ਪ੍ਰਬੰਧ ਨਿਰਦੇਸ਼ਕ ਸ੍ਰੀਮਤੀ ਸੁਮਿਤਾ ਮਿਸ਼ਰਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤੀ ਸੈਰ-ਸਪਾਟਾ ਦੇ ਖੇਤਰ ਵਿਚ ਇਸ ਮੇਲੇ ਦਾ ਬਹੁਤ ਮਹੱਤਵਪੂਰਨ ਥਾਂ ਹੈ, ਜਿੱਥੇ ਮੇਲੇ ਵਿਚ ਭਾਰਤ ਦਾ ਸਭਿਆਚਾਰ, ਸ਼ਿਲਪ ਕਲਾ, ਪਰੰਪਰਾ ਅਤੇ ਭਾਰਤੀ ਵਿਰਾਸਤ ਦੀ ਸ਼ਾਨਦਾਨ ਝਲਕ ਵੇਖਣ ਨੂੰ ਮਿਲਦੀ ਹੈ, ਉਥੇ ਇਸ ਮੇਲੇ ਨੇ ਭਾਰਤੀ ਕਲਾ, ਸ਼ਿਲਪ ਅਤੇ ਸਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਸਭਿਆਚਾਰਕ ਪ੍ਰੋਗ੍ਰਾਮ ਮੇਲੇ ਦੀ ਸ਼ਾਨ ਵੱਧਾਉਣਗੇ । ਮੇਲੇ ਵਿਚ ਜਿੱਥੇ ਦਿਨ ਦੇ ਸਮੇਂ ਦਰਸ਼ਕਾਂ ਨੂੰ ਖਰੀਦਾਰੀ ਕਰਨ
ਤੇ ਲਜੀਜ ਖਾਣੇ ਨੂੰ ਖਾਣ ਦਾ ਮੌਕਾ ਮਿਲੇਗਾ, ਉਥੇ ਸ਼ਾਮ ਦੇ ਸਮੇਂ ਉਹ ਭਾਰਤ ਅਤੇ ਹੋਰ ਦੇਸ਼ਾਂ ਤੋਂ ਆਏ ਮੰਨੇ-ਪ੍ਰਮੰਨੇ ਕਲਾਕਾਰਾਂ ਵੱਲੋਂ ਪੇਸ਼ ਸਭਿਆਚਾਰਕ ਪ੍ਰੋਗ੍ਰਾਮ ਦਾ ਆਨੰਦ ਮਾਨ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸ਼ਾਮ ਦੇ ਸਭਿਆਚਾਰਕ ਪ੍ਰੋਗ੍ਰਾਮਾਂ ਦਾ ਆਯੋਜਨ ਰੋਜਾਨਾ ਸ਼ਾਮ 6 ਵਜੇ ਤੋਂ ਮੇਲਾ ਦੌਰਾਨ ਵਿਚ ਓਪਨ ਏਅਰ ਥੀਏਟਰ, ਚੌਪਾਲ ਵਿਚ ਕੀਤਾ ਜਾਵੇਗਾ । ਪਹਿਲੀ ਫਰਵਰੀ ਨੂੰ ਮੇਲੇ ਦੇ ਥੀਮ ਰਾਜ ਛੱਤੀਸਗੜ੍ਹ ਦੇ ਕਲਾਕਾਰਾਂ ਵੱਲੋਂ ਪ੍ਰੋਗ੍ਰਾਮ ਪੇਸ਼ ਕੀਤਾ ਜਾਵੇਗਾ। ਇਸ ਤਰ੍ਹਾਂ, ਦਰਸ਼ਕ 2 ਫਰਵਰੀ ਨੂੰ ਲੇਬਨਾਲ ਦੇ ਕਲਾਕਾਰਾਂ ਦੇ ਰੰਗਾਰੰਗ ਪ੍ਰੋਗ੍ਰਾਮ ਦਾ ਆਨੰਦ ਲੈ ਸਕਣਗੇ । 5 ਫਰਵਰੀ ਨੂੰ ਛੱਤੀਸਗੜ੍ਹ ਦੇ ਲੋਕ ਗੀਤਾਂ ਅਤੇ 6 ਫਰਵਰੀ ਨੂੰ ਸਭਿਆਚਾਰਕ ਮਾਮਲੇ ਵਿਭਾਗ, ਹਰਿਆਣਾ ਵੱਲੋਂ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ ਜਾਵੇਗਾ। ਸ੍ਰੀਮਤੀ ਮਿਸ਼ਰਾ ਨੇ ਕਿਹਾ ਕਿ ਦਰਸ਼ਕ ਪ੍ਰਸਿੱਧ ਗਾਇਕਾਂ ਤੋਂ ਲੈ ਕੇ ਬੈਲੇ ਡਾਂਸਰਾਂ ਅਤੇ ਕਵਾਲਾਂ ਦਾ ਲਾਇਵ ਪ੍ਰੋਗ੍ਰਾਮ ਵੀ ਵੇਖ ਸਕਣਗੇ। 7 ਫਰਵਰੀ ਨੂੰ ਹਰਮਨ ਪਿਆਰਾ ਪੰਜਾਬੀ ਪੋਪ ਤੇ ਲੋਕ ਗਾਇਕ ਮਾਸਟਰ ਸਲੀਮ ਆਪਣਾ ਪ੍ਰੋਗ੍ਰਾਮ ਪੇਸ਼ ਕਰਨਗੇ।



