ਚੰਡੀਗੜ੍ਹ, 22 ਜਨਵਰੀ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਸੁੱਖਾ ਕਾਹਲਵਾਂ ਨਾਮ ਦੇ ਵਿਅਕਤੀ ਦੇ ਸੁਰੱਖਿਆ ਕੁਤਾਹੀਆਂ ਕਾਰਨ ਪੁਲਿਸ ਹਿਰਾਸਤ ਵਿਚ ਕਤਲ ਦਾ ਗੰਭੀਰ ਨੋਟਿਸ ਲੈਂਦਿਆਂ ਕਪੂਰਥਲਾ ਦੀ ਐਸ.ਐਸ.ਪੀ ਸ਼੍ਰੀਮਤੀ ਧੰਨਪ੍ਰੀਤ ਕੌਰ ਅਤੇ ਫਗਵਾੜਾ ਦੇ ਐਸ.ਪੀ ਗੁਰਸੇਵਕ ਸਿੰਘ ਦੇ ਤੁਰੰਤ ਪ੍ਰਭਾਵ ਤੋਂ ਤਬਾਦਲਿਆਂ ਦੇ ਆਦੇਸ਼ ਦਿੱਤੇ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਆਸ਼ੀਸ਼ ਚੌਧਰੀ, ਆਈ.ਪੀ.ਐਸ ਨੂੰ ਕਪੂਰਥਲਾ ਦਾ ਨਵਾਂ ਐਸ.ਐਸ.ਪੀ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਰਾਜੇਸ਼ਵਰ ਸਿੰਘ ਸਿੱਧੂ ਨੂੰ ਫਗਵਾੜਾ ਦਾ ਐਸ.ਪੀ ਲਗਾਇਆ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸੁੱਖਾ ਕਾਹਲਵਾਂ ਨੂੰ ਲਿਆ ਰਹੀ ਪੁਲਿਸ ਪਾਰਟੀ ਵਲੋਂ ਹਮਲਾਵਰਾਂ ਦਾ ਕਿਸੇ ਤਰ੍ਹਾਂ ਮੁਕਾਬਲਾ ਕਰਨ ਵਿਚ ਦਿਖਾਈ ਗਈ ਨਾਕਾਮੀ ਸਬੰਧੀ ਉਕਤ ਪੁਲਿਸ ਪਾਰਟੀ ਦੀਆਂ ਕੁਤਾਹੀਆਂ ਦੀ ਜਾਂਚ ਸ਼੍ਰੀ ਪਰਮਜੀਤ
ਸਿੰਘ ਗਿੱਲ, ਆਈ.ਜੀ.ਪੀ ਜੋਨਲ-1, ਪਟਿਆਲਾ ਵਲੋਂ ਕੀਤੀ ਗਈ। ਪੁਲਿਸ ਐਸਕਾਰਟ ਪਾਰਟੀ ਦੇ ਇੰਚਾਰਜ 2 ਏ.ਐਸ.ਆਈਜ਼ ਨੂੰ ਬਰਤਰਫ ਕਰ ਦਿੱਤਾ ਗਿਆ ਹੈ ਜਦੋਂ ਕਿ 4 ਹੋਰਨਾਂ ਮੈਂਬਰਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਵਿਰੁੱਧ ਬਰਤਰਫੀ ਦੀ ਵੱਡੀ ਸਜ਼ਾ ਲਈ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਆਈ.ਜੀ.ਪੀ ਜੋਨ-2, ਜ¦ਧਰ ਨਿੱਜੀ ਤੌਰ ’ਤੇ ਇਸ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ ਅਤੇ ਇਸ ਕੰਮ ਵਿਚ ਜ¦ਧਰ ਦੇ ਪੁਲਿਸ ਕਮਿਸ਼ਨਰ ਉਨ੍ਹਾਂ ਨੂੰ ਸਹਿਯੋਗ ਦੇ ਰਹੇ ਹਨ। ਇਸ ਕਤਲ ਲਈ ਜਿੰਮੇਵਾਰ ਮੁੱਖ ਹਮਲਾਵਰਾਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ।



