ਚੰਡੀਗੜ੍ਹ, 22 ਜਨਵਰੀ (ਪੀ. ਟੀ.)- ਬੀਤੇ ਦਿਨੀ ਅੰਮ੍ਰਿਤਸਰ ਵਿਖੇ ਸਵਾਈਨ ਫਲੂ ਕਾਰਨ 55 ਵਰ੍ਹਿਆਂ ਦੀ ਇੱਕ ਔਰਤ ਦੀ ਮੌਤ ਹੋ ਜਾਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਈ ਅਹਿਮ ਕਦਮ ਪੁੱਟੇ ਗਏ ਹਨ।ਅੱਜ ਇਥੇ ਸਿਹਤ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਨੂੰ ਸਵਾਈਨ ਫਲੂ ਦੇ ਮਰੀਜਾਂ ਲਈ ਵੱਖਰੇ ਜਾਂਚ ਕੇਂਦਰ ਅਤੇ ਵਾਰਡ ਸਥਾਪਤ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਸਵਾਈਨ ਫਲੂ ਸਬੰਧੀ ਦਿਸ਼ਾ-ਨਿਰਦੇਸ਼ ਭੇਜ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਹੰਗਾਮੀ ਹਾਲਾਤ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਨੂੰ ਸਵਾਈਨ ਫਲੂ ਦੇ ਕਿਸੇ ਵੀ ਮਾਮਲੇ ਨਾਲ ਨਿਜਿੱਠਣ ਲਈ ਤਿਆਰ-ਬਰ ਤਿਆਰ ਹਨ ਅਤੇ ਉਨ੍ਹਾਂ ਨੂੰ ਸਵਾਈਨ ਫਲੂ ਲਈ ਲੋੜੀਂਦੀਆਂ ਦਿਵਾਈਆਂ ਤੇ ਮਾਸਕ ਪ੍ਰਾਪਤ ਮਾਤਰਾ ’ਚ ਮੁਹੱਈਆ ਕਰਵਾਈਆਂ ਗਈਆਂ ਹਨ। ਸ੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ’ਚ ਹੁਣ ਤੱਕ ਸਵਾਈਨ ਫਲੂ ਦੇ 11 ਸ਼ੱਕੀ ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ ਬਾਰੇ ਅਗਲੇਰੀ ਜਾਂਚ
ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਵਾਈਨ ਫਲੂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਵੀ ਮੁਹਿੰਮ ਆਰੰਭੀ ਗਈ ਹੈ।
ਸ੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸਵਾਈਨ ਫਲੂ ਦੇ ਮਰੀਜ ਦੇ ਸੰਪਰਕ ’ਚ ਆਉਣ ਵਾਲੇ ਵਿਦਿਆਰਥੀਆਂ ’ਤੇ ਖਾਸ ਨਜ਼ਰ ਰੱਖੀ ਜਾਵੇ ਕਿ ਉਨ੍ਹਾਂ ’ਚ ਐਚ1.ਐਨ1 ਦੇ ਲੱਛਣ ਤਾਂ ਨਜਰ ਨਹੀਂ ਆ ਰਹੇ ਅਤੇ ਅਜਿਹਾ ਹੋਣ ’ਤੇ ਉਨ੍ਹਾਂ ਨੂੰ ਕਾਲਜ ਨਾ ਆ ਕੇ ਜਾਂਚ ਕਰਵਾਉਣ ਲਈ ਕਿਹਾ ਜਾਵੇ। ਇਸੇ ਤਹਿਤ ਵਿਦਿਆਰਥੀ ਹੋਸਟਲਾਂ ਦੇ ਮੈਸ ਮੈਨੇਜਰਾਂ ਨੂੰ ਵੀ ਕਿਹਾ ਗਿਆ ਹੈ ਕਿ ਉਥੇ ਕੰਮ ਕਰਨ ਵਾਲੇ ਮੁਲਾਜਮ ਆਪਣੇ ਚਿਹਰੇ ’ਤੇ ਮਾਸਕ ਪਹਿਨਣ। ਉਨ੍ਹਾਂ ਕਿਹਾ ਕਿ ਨਾਲ ਹੀ ਸਿੱਖਿਆ ਸੰਸਥਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਵਾਈਨ ਫਲੂ ਦੇ ਲੱਛਣਾਂ ਵਾਲੇ ਵਿਦਿਆਰਥੀ ਨੂੰ ਹੋਸਟਲ ਤੋਂ ਘਰ ਭੇਜਣ ਦੀ ਜਗ੍ਹਾ ਹਸਪਤਾਲ ਦਾਖਿਲ ਕਰਵਾਉਣ ਤਾਂ ਕਿ ਇਹ ਬਿਮਾਰੀ ਅੱਗੇ ਨਾ ਫੈਲੇ।



