ਧੂਰੀ/ਸੰਗਰੂਰ 21 ਜਨਵਰੀ (ਹਰਜੀਤ ਸਿੰਘ ਹਸਨਪੁਰੀ, ਰਾਕੇਸ਼ ਜਿੰਦਲ ਘਾਬਦਾਂ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਧੂਰੀ ਵਿਧਾਨ ਸਭਾ ਹਲਕੇ ਦੇ ਸੰਗਤ ਦਾਰਸ਼ਨ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਦਾ ਉਦੇਸ਼ ਕੇਵਲ ਹਲਕੇ ਦੇ ਨਿਰੋਲ ਵਿਕਾਸ ਨਾਲ ਹੀ ਹੈ। ਅੱਜ ਧੂਰੀ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਦੇ ਪਹਿਲੇ ਦਿਨ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮਹੀਨੇ ਵਿੱਚ ਸੂਬੇ ਦੇ ਮਾਝਾ ਅਤੇ ਦੁਆਬਾ ਦੇ ਇੱਕ ਇੱਕ ਵਿਧਾਨ ਸਭਾ ਹਲਕੇ ਅਤੇ ਮਾਲਵਾ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਕਰਨ ਦੀ ਯੋਜਨਾ ਬਣਾਈ ਹੋਈ ਹੈ ਅਤੇ ਇਸ ਯੋਜਨਾ ਦੇ ਹੇਠ ਹੀ ਉਨ੍ਹਾਂ ਨੇ ਲੰਮਾਂ ਸਮਾਂ ਪਹਿਲਾਂ ਧੂਰੀ ਵਿਧਾਨ
ਸਭਾ ਹਲਕੇ ਵਿੱਚ ਸੰਗਤ ਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਉਨ੍ਹਾਂ ਸਪਸ਼ਟ ਕਿਹਾ ਕਿ ਇਸ ਸੰਗਤ ਦਰਸ਼ਨ ਦਾ ਧੂਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਵੱਲੋਂ ਅਸਤੀਫ਼ਾ ਦੇਣ ਅਤੇ ਇਸ ਹਲਕੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਨਾਲ ਕੋਈ ਵੀ ਸਬੰਧ ਨਹੀਂ ਹੈ। ਸੰਗਤ ਦਰਸ਼ਨਾਂ ਨੂੰ ਪੂਰੀ ਤਰ੍ਹਾਂ ਗੈਰ ਸਿਆਸੀ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਸੱਤਾ ਵਿੱਚ ਆਏ ਹਨ, ਉਨ੍ਹਾਂ ਨੇ ਸੰਗਤ ਦਰਸ਼ਨ ਨੂੰ ਪਹਿਲ ਦਿੱਤੀ ਹੈ ਕਿਉਂਕਿ ਇਹ ਲੋਕਾਂ ਦੀਆਂ ਸਮੱਸਿਅਵਾਂ ਦਾ ਵਧੀਆ ਤਰੀਕੇ ਨਾਲ ਹੱਲ ਕਰਨ ਅਤੇ ਢੁਕਵਾਂ ਵਿਕਾਸ ਕਰਨ ਦਾ ਇੱਕੋ ਇੱਕ ਜਮਹੂਰੀ ਰਾਹ ਹੈ।
ਉਨ੍ਹਾਂ ਕਿਹਾ ਕਿ ਧੂਰੀ ਹਲਕੇ ਵਿੱਚ ਕੀਤਾ ਜਾ ਰਿਹਾ ਸੰਗਤ ਦਰਸ਼ਨ ਮਹਿਜ ਵਿਕਾਸ ’ਤੇ ਕੇਂਦਰ ਹੈ ਅਤੇ ਇਸ ਦਾ ਹੋਰ ਕੋਈ ਵੀ ਮਕਸਦ ਨਹੀਂ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਸੰਬਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਵੱਲੋਂ ਪੂਰੀ ਰਜ਼ਾਮੰਦੀ ਅਤੇ ਆਪਸੀ ਤਾਲਮੇਲ ਦੇ ਨਾਲ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਗਠਜੋੜ ਦੀ ਵੱਡੀ ਜਿੱਤ ਹੋਵੇਗੀ ਅਤੇ ਚੋਣਾਂ ਤੋਂ ਬਾਅਦ ਦਿੱਲੀ ਵਿੱਚ ਗਠਜੋੜ ਦੀ ਸਰਕਾਰ ਹੋਂਦ ਵਿੱਚ ਆਵੇਗੀ।
ਈ ਡੀ ਅਧਿਕਾਰੀ ਸ੍ਰੀ ਨਿਰੰਜਣ ਸਿੰਘ ਦੇ ਤਬਾਦਲੇ ਦੇ ਸਬੰਧ ਵਿੱਚ ਹਾਈਕੋਟ ਵੱਲੋਂ ਦਿੱਤੇ ਗਏ ਸਟੇਅ ਦੇ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਵੀ ਸਬੰਧ ਨਹੀਂ ਹੈ ਅਤੇ ਇਹ ਮਾਮਲਾ ਪੂਰੀ ਤਰ੍ਹਾਂ ਕੇਂਦਰ ਸਰਕਾਰ ਦਾ ਹੈ ਅਤੇ ਸੂਬਾ ਸਰਕਾਰ ਦਾ ਇਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਧੂਰੀ ਵਿਧਾਨ ਸਭਾ ਹਲਕੇ ਵਿੱਚ ਨਹਿਰੀ ਪਾਣੀ ਦੇ ਖਾਲ ਪੱਕੇ ਕਰਨ ਲਈ ਸਰਕਾਰ ਨੇ 33 ਕਰੋੜ ਰੁਪਏ ਦੀ ਯੋਜਨਾ ਬਣਾਈ ਹੈ ਅਤੇ ਇਸ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅੱਜ ਭਸੌੜ, ਬਨਭੌਰੀ, ਬੇਲੇਵਾਲ ਦਰੋਗੇਵਾਲ, ਈਸੜਾ, ਲੁਹਾਰਮਾਜਰਾ, ਈਸੀ, ਖੇੜੀ ਜੱਟਾਂ,ਢੰਢੋਗਲ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤਾ ਅਤੇ ਇਨ੍ਹਾਂ ਪਿੰਡਾਂ ਨੂੰ ਦੋ ਕਰੋੜ ਤੋਂ ਵੱਧ ਦੀ ਰਾਸ਼ੀ ਵਿਕਾਸ ਕਾਰਜਾਂ ਲਈ ਤਕਸੀਮ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ, ਵਿੱਤ ਅਤੇ ਯੋਜਨਾ ਮੰਤਰੀ ਸ ਪ੍ਰਮਿੰਦਰ ਸਿੰਘ ਢੀਂਡਸਾ, ਵਿਧਾਇਕ ਕਮ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ. ਇਕਬਾਲ ਸਿੰਘ ਝੂੰਦਾਂ, ਸ. ਗੋਬਿੰਦ ਸਿੰਘ ਲੌਂਗੋਵਾਲ ਹਲਕਾ ਇੰਚਾਰਜ਼ ਧੂਰੀ, ਸ. ਤੇਜਾ ਸਿੰਘ ਕਮਾਲਪੁਰ ਜ਼ਿਲ੍ਹਾ ਪ੍ਰਧਾਨ ਸ੍ਰੋਮ੍ਹਣੀ ਅਕਾਲੀ ਦਲ, ਸ .ਅਮਨਵੀਰ ਸਿੰਘ ਚੈਰੀ ਯੂਥ ਅਕਾਲੀ ਆਗੂ, ਸ. ਜਸਬੀਰ ਸਿੰਘ ਦਿਓਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ. ਨਛੱਤਰ ਸਿੰਘ ਜਹਾਂਗੀਰ ਮੈਂਬਰ ਐਸ.ਜੀ.ਪੀ.ਸੀ, ਸ੍ਰੀ ਜੋਗੀ ਰਾਮ ਸਾਹਨੀ ਭਾਜਪਾ ਆਗੂ, ਸ੍ਰੀ ਸਰਜੀਵਨ ਜਿੰਦਲ ਭਾਜਪਾ ਆਗੂ, ਸ. ਸਤਵੰਤ ਸਿਘ ਪੂਨੀਆਂ ਸਾਬਕਾ ਪ੍ਰਧਾਨ ਨਗਰ ਕੌਸ਼ਲ ਸੰਗਰੂਰ, ਜੈ ਪਾਲ ਸਿੰਘ ਮੰਡੀਆਂ ਮੈਂਬਰ ਐਸ.ਜੀ.ਪੀ.ਸੀ, ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ, ਡੀ.ਆਈ.ਜੀ. ਪਟਿਆਲਾ ਰੇਂਜ ਸ੍ਰੀ ਸਿਵ ਕੁਮਾਰ ਵਰਮਾ, ਜ਼ਿਲ੍ਹਾ ਪੁਲਿਸ ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ .ਸੁਖਦੇਵ ਸਿੰਘ, ਐਸ.ਡੀ.ਐਮ. ਧੂਰੀ ਸ੍ਰੀਮਤੀ ਈਸ਼ਾ ਸਿੰਗਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।



