ਚੰਡੀਗੜ੍ਹ, 19 ਜਨਵਰੀ (ਨਾਗਪਾਲ)– ਸਿਹਤ ਵਿਭਾਗ, ਹਰਿਆਣਾ ਨੇ ਸਵਾਇਨ ਫਲੂ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਦੇ ਲਈ ਸਾਰੇ ਯੋਗ ਪ੍ਰਬੰਧ ਕੀਤੇ ਹਨ। ਸੂਬੇ ਦੇ ਸਾਰੇ ਹਸਪਤਾਲਾਂ ਵਿਚ ਟੈਮੀ ਫਲੂ ਲੋੜੀਂਦੀ ਮਾਤਰਾ ਵਿਚ ਉਪਲੱਬਧ ਕਰਵਾਈ ਗਈ ਹੈ, ਵੈਟੀਲੇਟਰ ਪ੍ਰਦਾਨ ਕੀਤੇ ਗਏ ਹਨ ਅਤੇ ਅਲੱਗ ਵਾਰਡਾਂ ਦੀ ਸਥਾਪਨਾ ਕੀਤੀ ਗਈ ਹੈ। ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਮ ਨਿਵਾਸ ਨੇ ਅੱਜ ਇਥੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਦੇ ਨਾਲ ਵੀਡੀਓ ਕਾਨਫੰਸਿੰਗ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉਨ੍ਹਾਂ ਸੂਬੇ ਵਿਚ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਅਤੇ ਸਵਾਇਨ ਫਲੂ ਦੇ ਮਾਮਲਿਆਂ ਨਾਲ ਨਿਪਟਣ ਦੇ ਲਈ ਸਿਵਿਲ ਸਰਜਨਾਂ ਨੂੰ ਸਾਰੇ ਜ਼ਰੂਰੀ ਪ੍ਰਬੰਧ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਸ੍ਰੀ ਰਾਮ ਨਿਵਾਸ ਨੇ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸਥਿਤੀ ਕੰਟਰੋਲ ਵਿਚ ਹੈ। ਵਿਭਾਗ ਵੱਲੋਂ ਜ਼ਰੂਰੀ ਕਦਮ ਚੁੱਕੇ ਗਏ ਹਨ ਅਤੇ ਇਸ ਮਾਮਲੇ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿਚ ਹੁਣ ਤੱਕ ਸਵਾਇਨ ਫਲੂ ਦੇ 14 ਮਾਮਲੇ ਪਾਜੀਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ ਚਾਰ ਦੀ ਮੌਤ ਦੀ ਰਿਪੋਰਟ ਮਿਲੀ ਹੈ। ਉਨ੍ਹਾਂ ਕਿਹਾ ਕਿ ਖਾਂਸੀ, ਜੁਕਾਮ ਅਤੇ ਸ਼ਾਹ ਲੈਣ ਵਿਚ ਕਠਿਨਾਈ ਦੇ ਨਾਲ ਉਚ ਤਾਪਮਾਨ ਵਿਚੋਂ ਕੋਈ ਵੀ
ਇਕ ਸਵਾਇਨ ਫਲੂ ਦਾ ਲੱਛਣ ਹੋ ਸਕਦਾ ਹੈ। ਸ੍ਰੀ ਨਿਵਾਸ ਨੇ ਕਿਹਾ ਕਿ ਇਨ੍ਹਾਂ ਲੱਛਣਾਂ ਨਾਲ ਪੀੜਤ ਵਿਅਕਤੀ ਨੂੰ ਇਸਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਨਜ਼ਦੀਕੀ ਸਿਹਤ ਕੇਂਦਰ ਵਿਚ ਰਿਪੋਰਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਹੋਵੇ ਅਜਿਹੇ ਮਰੀਜ਼ਾਂ ਦੇ ਖੂਨ ਦੇ ਨਮੂਨੇ ਲਏ ਜਾ ਸਕਦੇ ਹਨ। ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਮੌਜੂਦਾ ਠੰਡ ਅਤੇ ਧੁੰਦ ਦੇ ਮੌਸਮ ਵਿਚ ਲੋਕਾਂ ਨੂੰ, ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ ਅਤੇ ਕਿਸੇ ਵੀ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਜਾਂ ਘੱਟ ਪ੍ਰਤੀਰੋਧਾਤਮਕ ਸਮਰਥਾ ਵਾਲੇ ਵਿਅਕਤੀਆਂ ਅਤੇ ਬੱਚਿਆਂ ਨੂੰ ਸਵੇਰ ਦੀ ਸ਼ੈਰ ਲਈ ਸਵੇਰ ਦੇ ਸਮੇਂ ਛੇਤੀ ਨਾ ਉਠਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਸ ਸਮੇਂ ਸਵਾਇਨ ਫਲੂ ਦਾ ਵਾਇਰਸ ਬਹੁਤ ਸਰਗਰਮ ਹੁੰਦਾ ਹੈ।



