ਚੰਡੀਗੜ੍ਹ 18 ਜਨਵਰੀ (ਪੀ. ਟੀ.)- ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਫਦ ਦਾ ਅਹਿਮ ਅਤੇ ਮਹੱਤਵਪੂਰਣ ਤਿੰਨ ਦਿਨਾਂ ਪੰਜਾਬ ਦੌਰਾ 19 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰੇ ਦੌਰਾਨ ਜਿੱਥੇ ਵਫਦ ਮੈਂਬਰ ਪੰਜਾਬ ਵਿਚ ਚੱਲ ਰਹੀਆਂ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਕਰਨਗੇ ਉੱਥੇ ਹੀ ਪਬਲਿਕ ਨੁਮਾਇੰਦਿਆਂ ਅਤੇ ਸਟਾਫ ਐਸੋਸੀਏਸ਼ਨਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਪੰਜਾਬ ਦੇ ਭਲਾਈ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਉੱਚ ਪ੍ਰਸਾਸ਼ਨਿਕ ਅਤੇ ਪੁਲਿਸ ਅਫਸਰਾਂ ਨਾਲ ਵੀ ਵੱਖਰੇ ਤੌਰ ‘ਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਭਲਾਈ ਵਿਭਾਗ ਦੀ ਸਕੱਤਰ ਸ੍ਰੀਮਤੀ ਸੀਮਾ ਜੈਨ ਨੇ ਦੱਸਿਆ ਕਿ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਡਾ. ਪੀ.ਐਲ. ਪੂਨੀਆ ਦੀ ਪ੍ਰਧਾਨਗੀ ਹੇਠ ਰਾਜ ਪੱਧਰ ’ਤੇ ਚਲਾਈਆਂ ਜਾ ਰਹੀਆਂ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਮਿਤੀ 19 ਤੋਂ 21 ਜਨਵਰੀ, 2015 ਤੱਕ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਵਫ਼ੳਮਪ;ਦ ਵਿਚ ਚੇਅਰਮੈਨ ਡਾ. ਪੀ.ਐਲ. ਪੂਨੀਆ, ਉਪ-ਚੇਅਰਮੈਨ ਸ੍ਰੀ ਰਾਜ ਕੁਮਾਰ ਵੇਰਕਾ, ਸ੍ਰੀ ਰਾਜੂ ਪਰਮਾਰ ਮੈਂਬਰ, ਸ੍ਰੀ ਈਸ਼ਵਰ ਸਿੰਘ ਮੈਂਬਰ, ਸ੍ਰੀਮਤੀ ਪੀ.ਐਲ. ਕਮਲਾਮਾ ਅਤੇ ਕਮਿਸ਼ਨ ਦੇ ਉੱਚ ਅਧਿਕਾਰੀ ਯੂ.ਟੀ ਗੈਸਟ ਹਾਊਸ, ਚੰਡੀਗੜ੍ਹ ਵਿਖੇ 19 ਜਨਵਰੀ ਨੂੰ ਸ਼ਾਮ 3 ਵਜੇ ਤੋਂ 4 ਵਜੇ ਤੱਕ ਪੰਜਾਬ ਦੇ ਪਬਲਿਕ ਨੁਮਾਇੰਦਿਆਂ ਨਾਲ ਅਤੇ 4 ਵਜੇ ਤੋਂ 5 ਵਜੇ ਤੱਕ ਪੰਜਾਬ ਦੀਆਂ ਸਟਾਫ ਐਸੋਸੀਏਸ਼ਨਾਂ ਨਾਲ ਬੈਠਕ ਕਰਨਗੇ। ਇਸ ਦੇ ਨਾਲ ਹੀ ਵਫਦ ਵੱਲੋਂ 20 ਜਨਵਰੀ ਨੂੰ ਸਵੇਰੇ 9 ਵਜੇ ਤੋਂ 12.30 ਵਜੇ ਤੱਕ ਪੰਜਾਬ ਦੇ ਭਲਾਈ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਉੱਚ ਪ੍ਰਸਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਰਾਜ ਪੱਧਰੀ ਸਕੀਮਾਂ ਦੀ ਵੀ ਸਮੀਖਿਆ ਸਬੰਧੀ ਮੀਟਿੰਗ ਕੀਤੀ ਜਾਵੇਗੀ।



