ਫ਼ਿਲਮ ਦਾ ਪ੍ਰੀਮੀਅਰ ਰੱਦ, ਕਈ ਗ੍ਰਿਫਤਾਰੀਆਂ
ਨਵੀਂ ਦਿੱਲੀ/ਗੁੜਗਾਓਂ, 16 ਜਨਵਰੀ (ਪੀ. ਟੀ. ਲਾਇਵ)- ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਚਰਚਿਤ ਫਿਲਮ ਮੈਸੰਜਰ ਆਫ ਗੋਡ (ਐਮਐਸਜੀ) ਨੂੰ ਹਰੀ ਝੰਡੀ ਮਿਲਣ ਦੇ ਬਾਵਜੂਦ ਇਸ ਫਿਲਮ ਦੇ ਵਿਰੁੱਧ ਅੱਜ ਗੁੜਗਾਓਂ, ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਕਈ ਥਾਵਾਂ ’ਤੇ ਭਾਰੀ ਵਿਰੋਧ ਹੋਇਆ ਹੈ। ਪੁਲਿਸ ਨੇ ਭੜਕੇ ਵਿਖਾਵਾਕਾਰੀਆਂ ਨੂੰ ਹਿੰਸਕ ਹੋਣ ਤੋਂ ਰੋਕਣ ਲਈ ਕਈ ਗ੍ਰਿਫਤਾਰੀਆਂ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਭਾਰਤੀ ਰਾਸ਼ਟਰੀ ਲੋਕ ਦਲ (ਆਈਐਨਐਲਡੀ) ਅਤੇ ਹੋਰ ਜਥੇਬੰਦੀਆਂ ਨੇ ਇਸ ਫਿਲਮ ਦੇ ਵਿਰੁੱਧ ਰੋਸ ਵਿਖਾਵੇ ਕੀਤੇ ਹਨ।ਇਸ ਫਿਲਮ ਦਾ ਪ੍ਰੀਮੀਅਰ ਅੱਜ ਗੁੜਗਾਓਂ ਵਿਖੇ ਹੋਣਾ ਸੀ ਜਿਸ ਨੂੰ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਰੱਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੈਂਸਰ ਬੋਰਡ ਨੇ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਸੀ ਪਰ ਫਿਲਮ ਨਿਰਮਾਤਾ ਸਰਟੀਫਿਕੇਟ ਦਾ ਇੰਤਜ਼ਾਰ ਕਰ ਰਹੇ ਹਨ। ਇਸ ਲਈ ਫਿਲਮ ਦੀ ਰਿਲੀਜ਼ ਦੀ ਮਿਤੀ ਹਾਲੇ ਤੈਅ ਨਹੀਂ ਹੋਈ ਹੈ। ਪੰਜਾਬ ਵਿੱਚ ਇਸ ਦੇ ਵਿਰੋਧ ਨੂੰ ਦੇਖਦਿਆਂ ਹੋਇਆਂ ਕਈ ਸਿਨੇਮਾ ਮਾਲਕਾਂ ਨੇ ਫਿਲਮ ਨੂੰ ਨਾ ਦਿਖਾਉਣ ਦਾ ਫੈਸਲਾ ਲਿਆ ਹੈ।ਇਸ ਫਿਲਮ ਦਾ ਵਿਰੋਧ ਕਰ ਰਹੇ ਸਿੱਖ ਜਥੇਬੰਦੀਆਂ ਅਤੇ ਕਈ ਹੋਰ ਵਿਅਕਤੀਆਂ ਦਾ ਕਹਿਣਾ ਹੈ ਕਿ ਇਸ ਫਿਲਮ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਲਈ ਇਸ ਫਿਲਮ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ। ਵਿਖਾਵਾਕਾਰੀਆਂ ਦਾ ਇਹ ਵੀ ਦੋਸ਼ ਹੈ ਕਿ ਡੇਰਾ ਪ੍ਰਮੁੱਖ ਰਾਮ ਰਹੀਮ ਇਸ ਫਿਲਮ ਦੇ ਜ਼ਰੀਏ ਆਪਣੇ ਕਾਲੇ ਧਨ ਨੂੰ ਸਫੇਦ ਕਰ ਰਹੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਡੇਰਾਮੁਖੀ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ।ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੈਂਸਰ ਬੋਰਡ ਦੀ ਚੇਅਰਪਰਸਨ ਲੀਲਾ ਸੈਮਸਨ ਨੇ ਫਿਲਮ ਨੂੰ ਪਾਸ ਕੀਤੇ ਜਾਣ ਦੇ ਵਿਰੋਧ ਵਿੱਚ ਆਪਣਾ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸੈਂਸਰ ਬੋਰਡ ਦੀ ਹੀ ਇੱਕ ਹੋਰ ਮੈਂਬਰ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ। ਦੂਜੇ ਪਾਸੇ ਗੁੜਗਾਓਂ ਵਿੱਚ ਫਿਲਮ ਪ੍ਰੀਮੀਅਰ ਦਾ ਵਿਰੋਧ ਕਰ ਰਹੇ ਕਈ ਲੋਕਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਫਿਲਮ ਦੇ ਪ੍ਰੀਮੀਅਰ ਨੂੰ ਦੇਖਣ ਲਈ ਹਜ਼ਾਰਾ ਲੋਕ ਗੁੜਗਾਓਂ ਦੇ ਸੈਕਟਰ 29 ਸਥਿਤ ਲਈਅਰ ਵੈਲੀ ਗਰਾਊਂਡ ਵਿੱਚ ਜਮ੍ਹਾ ਹੋ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੇਰਾ ਸਮਰਥਕਾਂ ਅਤੇ ਆਈਐਨਐਲਡੀ ਅਤੇ ਇੰਡੀਅਨ ਨੈਸ਼ਨਲ ਸਟੂਡੈਂਟ ਆਰਗੇਨਾਈਜ਼ੇਸ਼ਨ ਦੇ ਵਰਕਰਾਂ ਵਿਚਾਲੇ ਹਿੰਸਕ ਝੜਪਾਂ ਤੋਂ ਬਚਾਅ ਦੇ ਲਈ 80 ਵਰਕਰਾਂ ਨੂੰ ਹਿਰਾਸਤ ’ਚ ਲਿਆ ਹੈ।



