ਚੰਡੀਗੜ੍ਹ, 14 ਜਨਵਰੀ (ਪੀ. ਟੀ.)- ਪੰਜਾਬ ਸਰਕਾਰ ਸੂਬੇ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ 36.25 ਕਰੋੜ ਰੁਪਏ ਦੀ ਲਾਗਤ ਨਾਲ ਅੱਠ ਪੀ.ਆਰ.ਟੀ.ਸੀ ਬੱਸ ਸਟੈਡਾਂ ਦੀ ਉਸਾਰੀ ਕਰੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਬਸੀ ਪਠਾਣਾ ਅਤੇ ਅਮਲੋਹ ਬੱਸ ਸਟੈਡਾਂ ਦੀ ਉਸਾਰੀ ਕ੍ਰਮਵਾਰ 4.00 ਕਰੋੜ ਅਤੇ 2.67 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਕਰ ਲਈ ਗਈ ਹੈ। ਸ. ਕੋਹਾੜ ਨੇ ਦੱਸਿਆ ਕਿ ਸਰਹਿੰਦ, ਭਵਾਨੀਗੜ੍ਹ, ਰਾਜਸਥਾਨ, ਸਮਾਣਾ, ਸੁਨਾਮ, ਮਲੇਰਕੋਟਲਾ, ਫਤਹਿਗੜ੍ਹ ਸਾਹਿਬ ਅਤੇ ਅਹਿਮਦਾਬਾਦ ਤਜਵੀਜਤ ਅੱਠ ਬੱਸ ਸਟੈਡਾਂ ਦੀ ਉਸਾਰੀ ਕੀਤੀ ਜਾਵੇਗੀ ਜਦਕਿ ਰਾਮਾ ਮੰਡੀ ਅਤੇ ਫਰੀਦਕੋਟ ਬੱਸ ਸਟੈਡਾਂ ਦੀ ਉਸਾਰੀ ਦਾ ਕੰਮ ਕ੍ਰਮਵਾਰ 2.00 ਕਰੋੜ ਅਤੇ 5.00 ਕਰੋੜ ਰੁਪਏ ਦੀ ਲਾਗਤ ਨਾਲ ਲਗਪਗ ਮੁਕੰਮਲ ਕਰ ਲਿਆ ਗਿਆ ਹੈ। ਮੰਤਰੀ ਨੇ ਹੋਰ ਦੱਸਿਆ ਕਿ ਪੀ.ਆਰ.ਟੀ.ਸੀ.
ਦੇ ਕੰਮ ਵਿੱਚ ਕੁਸ਼ਲਤਾ ਵਧਾਉਣ ਲਈ ਅਤੇ ਪਾਰਦਰਸ਼ਤਾ ਲਿਆਉਣ ਲਈ ਇੰਟੈਗਰੇਟਡ ਡਿਪੋ ਮਨੈਜਮੈਟ ਸਿਸਟਮ (ਆਈ.ਡੀ.ਐਮ.ਐਸ) ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੰਤਵ ਲਈ ਭਾਰਤ ਸਰਕਾਰ ਤੋਂ ਗ੍ਰਾਂਟ-ਇਨ-ਏਡ ਲੈਣ ਹਿੱਤ ਇੱਕ ਵਿਸਥਾਰਤ ਪ੍ਰੋਜੈਕਟ ਰਿਪੋਰਟ ਸੈਂਟਰਲ ਇੰਸਟੀਚਿਊਟ ਆਫ ਰੋਡ ਟਰਾਂਸਪੋਰਟ (ਸੀ.ਆਈ.ਆਰ.ਟੀ.), ਪੂਨੇ ਵੱਲੋਂ ਤਿਆਰ ਕੀਤੀ ਗਈ ਹੈ।



