ਸਾਲ 2015 ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦੀ ਦੇ ਵਰ੍ਹੇ ਵਜੋਂ ਮਨਾਇਆ ਜਾਵੇਗਾ : ਸੁਖਬੀਰ ਬਾਦਲ
ਜਲੰਧਰ/ਸ੍ਰੀ ਮੁਕਤਸਰ ਸਾਹਿਬ, 14 ਜਨਵਰੀ- ਅਕਾਲੀ-ਭਾਜਪਾ ਗੱਠਜੋੜ ਨੂੰ ਨਹੁੰ-ਮਾਸ ਦਾ ਅਟੁੱਟ ਰਿਸ਼ਤਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਾਂਗਰਸ ਪਾਰਟੀ ਗੱਠਜੋੜ ਵਿੱਚ ਤਰੇੜਾਂ ਪੈਣ ਦੀਆਂ ਅਫਵਾਹਾਂ ਫੈਲਾ ਕੇ ਸੂਬੇ ਦੀ ਸੱਤਾ ਵਿੱਚ ਵਾਪਸ ਦੇ ਦਿਨ ਦਿਹਾੜੇ ਸਪੁਨੇ ਵੇਖ ਰਹੀ ਹੈ। ਅੱਜ ਇੱਥੇ ਮਾਘੀ ਦੇ ਦਿਹਾੜੇ ’ਤੇ ਸਿਆਸੀ ਕਾਨਫਰੰਸ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਗੱਠਜੋੜ ਦੇ ਨੇਤਾਵਾਂ ਵੱਲੋਂ ਅੱਜ ਇਸ ਕਾਨਫਰੰਸ ਵਿੱਚ ਮੰਚ ਸਾਂਝਾ ਕਰਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਗੱਠਜੋੜ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਸਮੇਂ-ਸਮੇਂ ਬਾਅਦ ਆਪਸੀ ਪਿਆਰ ਦੀਆਂ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਭਾਈਵਾਲਾਂ
ਵਿੱਚ ਵਖਰੇਵਿਆਂ ਦੀਆਂ ਅਫਵਾਹਾਂ ਬੁਰੀ ਤਰ੍ਹਾਂ ਨਿਰਾਸ਼ਾ ਵਿੱਚੋਂ ਗੁਜ਼ਰ ਰਹੀ ਕਾਂਗਰਸ ਲੀਡਰਸ਼ਿਪ ਦੀ ਮਨਘੜਤ ਕਲਪਨਾ ਦੀ ਸਿਰਜਣਾ ਹੈ ਜੋ ਸੂਬੇ ਵਿੱਚ ਸੱਤਾ ਲਈ ਤੜਫ਼ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਭਾਰਤ ਦੇ ਜਮਹੂਰੀ ਢਾਂਚੇ ਵਿੱਚ ਵਿਲੱਖਣ ਤਜਰਬਾ ਹੈ ਜੋ ਹਰ ਇਮਤਿਹਾਨ ਵਿਚੋਂ ਦ੍ਰਿੜ ਰਿਹਾ ਹੈ।
ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਅਕਾਲੀ-ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਦੱਸਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਵੱਲੋਂ ਲੋਕਾਂ ਨੂੰ ਫਿਰਕੂ ਆਧਾਰ ’ਤੇ ਵੰਡਣ ਲਈ ਚੱਲੀਆਂ ਚਾਲਾਂ ਦਾ ਗੱਠਜੋੜ ਸਰਕਾਰ ਨੇ ਹਮੇਸ਼ਾ ਮੂੰਹ-ਤੋੜਵਾਂ ਜੁਆਬ ਦਿੱਤਾ ਹੈ। ਸ. ਬਾਦਲ ਨੇ ਅੱਗੇ ਆਖਿਆ ਕਿ ਕਾਂਗਰਸ ਪਾਰਟੀ ਦੇ ਮਾੜੇ ਇਰਾਦਿਆਂ ਦੇ ਟਾਕਰੇ ਲਈ ਗੱਠਜੋੜ ਸਮੇਂ ਦੀ ਲੋੜ ਹੈ ਕਿਉਂ ਜੋ ਸੂਬੇ ਦੀ ਅਮਨ-ਸ਼ਾਂਤੀ ਬਹੁਤ ਘਾਲਣਾ ਘਾਲ ਕੇ ਕਾਇਮ ਕੀਤੀ ਹੈ। ਸ. ਬਾਦਲ ਨੇ ਕਿਹਾ,‘‘ਹਰ ਕੋਈ ਜਾਣਦਾ ਹੈ ਕਿ ਕਾਂਗਰਸ ਦੀਆਂ ਸਿਆਸੀ ਸਾਜ਼ਿਸ਼ਾਂ ਕਰਕੇ ਪੰਜਾਬ ਨੇ ਦਹਿਸ਼ਤਵਾਦ ਦੇ ਕਾਲੇ ਦਿਨਾਂ ਦਾ ਦਰਦ ਹੰਢਾਇਆ ਹੈ।’’
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿੱਚ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਸਰਕਾਰ ਪਾਸੋਂ ਪੰਜਾਬ ਦੇ ਬੜੇ ਚਿਰਾਂ ਤੋਂ ਲਟਕ ਰਹੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਸਿਆਸੀ ਮਸਲੇ ਹੱਲ ਦੀ ਆਸ ਮੁੜ ਤੋਂ ਪੈਦਾ ਹੋਈ ਹੈ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਇਨ੍ਹਾਂ ਮੁੱਦਿਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੋਲ ਉਠਾਏਗੀ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਪੰਜਾਬ ਲਈ ਪਹਿਲਾਂ ਹੀ ਬਹੁਤ ਵੱਡੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਵਿੱਚ ਸੂਬੇ ਵਿੱਚੋਂ ਸੇਮ ਦੀ ਸਮੱਸਿਆ ਦਾ ਖਾਤਮਾ ਅਤੇ ਨਹਿਰਾਂ ਦੀ ਰੀਲਾਈਨਿੰਗ ਸ਼ਾਮਲ ਹੈ ਅਤੇ ਬਾਕੀ ਦੇ ਮਾਮਲੇ ਵੀ ਮੋਦੀ ਸਰਕਾਰ ਵੱਲੋਂ ਛੇਤੀ ਹੱਲ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ,‘‘ਕੇਂਦਰ ਵਿੱਚ ਸਾਡੀ ਸਰਕਾਰ ਦੇਸ਼ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸ੍ਰੀ ਮੋਦੀ ਸੂਬੇ ਦੇ ਚਹੁਮੁਖੀ ਵਿਕਾਸ ਤੇ ਤਰੱਕੀ ਲਈ ਸੂਬਾ ਸਰਕਾਰ ਦੀ ਮਦਦ ਕਰਨਗੇ।
ਆਉਂਦੀ 22 ਜਨਵਰੀ ਨੂੰ ਕਾਂਗਰਸ ਦੀ ਤਜਵੀਜ਼ ਰੈਲੀ ’ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਅਜਿਹੀਆਂ ਸਿਆਸੀ ਗਤੀਵਿਧੀਆਂ ਨਾਲ ਮੀਡੀਆ ਰਾਹੀਂ ਆਪਣੇ ਚਿਹਰੇ ਚਮਕਾਉਣ ਦੇ ਹੱਥਕੰਡੇ ਵਰਤ ਰਹੀ ਹੈ। ਉਨ੍ਹਾਂ ਨੇ ਕਾਂਗਰਸ ਲੀਡਰਾਂ ਨੂੰ ਵੰਗਾਰਦਿਆਂ ਆਖਿਆ ਕਿ ਜੇਕਰ ਉਹ ਨਸ਼ਿਆਂ ਵਰਗੇ ਗੰਭੀਰ ਮੁੱਦੇ ਪ੍ਰਤੀ ਸੱਚਮੁੱਚ ਸੰਜੀਦਾ ਹਨ ਤਾਂ ਇਸ ਲਈ ਉਨ੍ਹਾਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਿੱਖਾਂ ਦੇ ਤਿੰਨ ਤਖ਼ਤਾਂ ਨੂੰ ਆਪਸ ਵਿੱਚ ਜੋੜਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ (ਸ੍ਰੀ ਨਾਂਦੇੜ ਸਾਹਿਬ) ਤੱਕ ਅਪਗਰੇਡ ਕਰਨ ਦਾ ਮਾਮਲਾ ਸਬੰਧਤ ਸੂਿਬਆਂ ਦੇ ਮੁੱਖ ਮੰਤਰੀ ਕੋਲ ਉਠਾਉਣਗੇ ਕਿਉਂ ਜੋ ਇਹ ਮਾਰਗ ਕੌਮੀ ਏਕਤਾ, ਅਖੰਡਤਾ ਤੇ ਮਾਣ ਦਾ ਪ੍ਰਤੀਕ ਹੈ ਜਿਸ ਲਈ ਗੁਰੂ ਸਾਹਿਬ ਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਸ. ਬਾਦਲ ਨੇ ਆਖਿਆ ਕਿ ਇਸ ਮਾਰਗ ਨੂੰ ਅਪਗਰੇਡ ਕਰਨ ਵਿੱਚ ਤੇਜ਼ੀ ਲਿਆਉਣ ਲਈ ਉਹ ਖੁਦ ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਮਿਲਣਗੇ ਜਿਨ੍ਹਾਂ ਸੂਬਿਆਂ ਵਿੱਚੋਂ ਦੀ ਇਹ ਇਤਿਹਾਸਕ ਮਾਰਗ ਗੁਜ਼ਰਦਾ ਹੈ।
ਮੁੱਖ ਮੰਤਰੀ ਨੇ ਕਿਾ ਕਿ ਸੂਬੇ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਭਾਰਤ ਸਰਕਾਰ ਦੇ ਸਹਿਯੋਗ ਦੀ ਮੰਗ ਕਰਦਿਆਂ ਇਸ ਅਲਾਮਤ ਦੇ ਖਾਤਮੇ ਲਈ ਸਾਂਝੀ ਜੰਗ ਵਿੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਦੇਸ਼ ਲਈ ਖਾਸ ਕਰਕੇ ਪੰਜਾਬ ਸਾਹਮਣੇ ਬਹੁਤ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਹੱਲ ਦੇਸ਼-ਵਿਦੇਸ਼ ਵਿੱਚੋਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨਾ ਹੈ। ਸ. ਬਾਦਲ ਨੇ ਨਸ਼ਿਆਂ ਤੇ ਕੈਂਸਰ ਰੋਗ ਦੀ ਰੋਕਥਾਮ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਵੀ ਜ਼ਿਕਰ ਕੀਤਾ।
ਸੂਬੇ ਵਿੱਚ ਵਿਆਹਾਂ ’ਤੇ ਘੱਟ ਖਰਚ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੋਰਨਾਂ ਲੋਕਾਂ ਅੱਗੇ ਵਿਖਾਵਾ ਕਰਨ ਲਈ ਅਜਿਹੇ ਸਮਾਗਮਾਂ ’ਤੇ ਬੇਸ਼ੁਮਾਰ ਦੌਲਤ ਖਰਚ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਮੁੱਚੇ ਕਾਡਰ ਨੂੰ ਨਸ਼ਿਆਂ, ਭਰੂਣ ਹੱਤਿਆ, ਪ੍ਰਦੂਸ਼ਣ ਅਤੇ ਹੋਰਨਾਂ ਸਮਾਜਿਕ ਅਲਾਮਤਾਂ ਖਿਲਾਫ ਜਾਗਰੂਕਤਾ ਚਲਾਉਣ ਦਾ ਸੱਦਾ ਦਿੱਤਾ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਲਹਿਰ ਹਰੇਕ ਵਰਗ ਦੀ ਭਲਾਈ ਨੂੰ ਯਤਨਸ਼ੀਲ ਹੋਵੇਗੀ।
ਸਾਲ 2015 ਨੂੰ ਸਮਾਜਿਕ ਬੁਰਾਈਆਂ ਖਿਲਾਫ ‘ਜਾਗਰੂਕਤਾ ਵਰ੍ਹਾ’ ਐਲਾਨਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਤੇ ਆਗੂ ਸੂਬੇ ਵਿੱਚ ਨਸ਼ਿਆਂ, ਭਰੂਣ ਹੱਤਿਆ, ਵਾਤਾਵਰਣ ਪ੍ਰਦੂਸ਼ਣ ਅਤੇ ਹੋਰ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਇਕਜੁਟ ਹੋ ਕੇ ਸਰਗਰਮ ਹੋਣਗੇ। ਉਨ੍ਹਾਂ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵਿਧਾਨ ਸਭਾ ਹਲਕਾਵਾਰ ‘ਲੰਗਰ ਸੇਵਾ’ ਮੁੜ ਸ਼ੁਰੂ ਕਰੇਗੀ ਜੋ ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਸਵਰਗੀ ਸੁਰਿੰਦਰ ਕੌਰ ਬਾਦਲ ਨੇ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਦੇ ਸਮਾਜਿਕ ਉਸਾਰੂ ਪ੍ਰੋਗਰਾਮ ਵਜੋਂ ਸੂਬਾ ਭਰ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ ‘ਕੀਰਤਨ ਦਰਬਾਰ’ ਵੀ ਸਜਾਏ ਜਾਣਗੇ।
ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਉਪ ਮੁੱਖ ਮੰਤਰੀ ਨੇ ਸ੍ਰੀ ਗਾਂਧੀ ਵੱਲੋਂ ਪੰਜਾਬੀਆਂ ਨੂੰ ਨਸ਼ੇੜੀ ਵਜੋਂ ਦਰਸਾਉਣ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਿਹਨਤਕਸ਼ ਤੇ ਜੁਝਾਰੂ ਪੰਜਾਬੀਆਂ ਨੂੰ ਹਮੇਸ਼ਾ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਤਿਹਾਸ ਗਵਾਹ ਹੈ ਕਿ ਬੀਤੇ ਵਿੱਚ ਪੰਜਾਬੀਆਂ ਨੂੰ ਅਤਿਵਾਦੀ ਵਜੋਂ ਅਤੇ ਹੁਣ ਨਸ਼ੇ ਦੇ ਆਦੀਆਂ ਵਜੋਂ ਬਦਨਾਮ ਕੀਤਾ ਜਾ ਰਿਹਾ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਕਾਂਗਰਸੀ ਲੀਡਰ ਆਪਣੀ ਹਾਈਕਮਾਂਡ ਵੱਲੋਂ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਝੀਆਂ ਚਾਲਾਂ ਦੀ ਕਦੇ ਵੀ ਮੁਖਾਲਫਤ ਨਹੀਂ ਕਰਦੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਕਸ਼ਮਕਸ਼ ’ਤੇ ਚੋਟ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜਦੋਂ ਉਹ ਆਪਣਾ ਘਰ (ਪਾਰਟੀ) ਨਹੀਂ ਸੰਭਾਲ ਸਕਦੇ ਤਾਂ ਸੂਬੇ ਦੇ ਲੋਕਾਂ ਨਾਲ ਇਨਸਾਫ ਕਿਵੇਂ ਕਰਨਗੇ। ਉਨ੍ਹਾਂ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਅਗਲੇ 25 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗਾ ਜਿਸ ਕਰਕੇ ਕਾਂਗਰਸ ਦੇ ਇਨ੍ਹਾਂ ਦੋਵਾਂ ‘ਬਜ਼ੁਰਗ ਲੀਡਰਾਂ’ ਨੂੰ ਸੱਤਾ ਵਿੱਚ ਆਉਣ ਦੀ ਆਸ ਲਾਹ ਦੇਣੀ ਚਾਹੀਦੀ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ,‘‘ਇਹ ਸਾਰੇ ਕਾਂਗਰਸੀ ਨੇਤਾ ਗਾਂਧੀ ਪਰਿਵਾਰ ਦੀਆਂ ਕਠਪੁਤਲੀਆਂ ਹਨ ਜਿਸ ਕਰਕੇ ਇਨ੍ਹਾਂ ਦੇ ਮਨਾਂ ਵਿੱਚ ਪੰਜਾਬ ਪ੍ਰਤੀ ਦਰਦ ਨਹੀਂ ਹੈ।’’
ਭਾਜਪਾ ਦੇ ਸੂਬਾਈ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਨੂੰ ਦੇਸ਼ ਦੀ ‘ਖੜਗਭਜਾ’ ਕਰਾਰ ਦਿੰਦਿਆਂ ਸਿਹਤਮੰਦ ਤੇ ਮਜ਼ਬੂਤ ਪੰਜਾਬ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੂਬੇ ਦੀ ਭਲਾਈ ਲਈ ਕੇਂਦਰ ਤੇ ਸੂਬਾ ਸਰਕਾਰ ਦਰਮਿਆਨ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸ: ਬਲਵਿੰਦਰ ਸਿੰਘ ਭੂੰਦੜ, ਸਾਬਕਾ ਸਾਂਸਦ ਸ: ਬਲਵੰਤ ਸਿੰਘ ਰਾਮੂਵਾਲੀਆ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਨਿੱਘੀ ਜੀ ਆਇਆਂ ਨੂੰ ਆਖੀ ਅਤੇ ਖਰਾਬ ਮੌਸਮ ਦੇ ਬਾਵਜੂਦ ਵੱਡੀ ਸੰਖਿਆਂ ਵਿਚ ਪਹੁੰਚੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਉਪ ਮੁੱਖ ਮੰਤਰੀ ਦੇ ਪੀ.ਏ. ਸ: ਅਵਤਾਰ ਸਿੰਘ ਵਣਵਾਲਾ ਨੇ ਕੀਤਾ। ਇਸ ਮੌਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ-ਇਕ ਦੇ ਪ੍ਰਧਾਨ ਸ੍ਰੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਰਕਰਾਂ ਨੇ ਵੱਡੀ ਸੰਖਿਆ ਵਿਚ ਕਾਫਲੇ ਦੇ ਰੂਪ ਵਿਚ ਪਿੰਡ ਰੁਪਾਣਾ ਤੋਂ ਕਾਨਫਰੰਸ ਵਾਲੀ ਥਾਂ ਤੱਕ ਲਿਆਂਦਾ। ਕਾਫਲੇ ਵਿੱਚ ਯੂਥ ਅਕਾਲੀ ਆਗੂ ਸ੍ਰੀ ਪਵਨਜੀਤ ਸਿੰਘ ਬੌਬੀ ਬਿੰਦਲ, ਸੋਈ ਦੇ ਕੋਆਰਡੀਨੇਟਰ ਸ੍ਰੀ ਪਰਮਬੰਸ ਸਿੰਘ ਬੰਟੀ ਰੋਮਾਣਾ ਹਾਜ਼ਰ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ: ਜਨਮੇਜਾ ਸਿੰਘ ਸੇਖੋਂ, ਸ: ਮਨਤਾਰ ਸਿੰਘ ਬਰਾੜ ਤੇ ਸ੍ਰੀ ਸਰੂਪ ਚੰਦ ਸਿੰਗਲਾ (ਮੁੱਖ ਪਾਰਲੀਮਾਨੀ ਸਕੱਤਰ), ਮੁੱਖ ਮੰਤਰੀ ਦੇ ਮੀਡੀਆ ਅਤੇ ਕੌਮੀ ਮਾਮਲਿਆਂ ਬਾਰੇ ਸਲਾਹਕਾਰ ਸ੍ਰੀ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ: ਹਰਜਿੰਦਰ ਸਿੰਘ ਸਿੱਧੂ, ਸਾਬਕਾ ਸਾਂਸਦ ਬੀਬੀ ਪਰਮਜੀਤ ਕੌਰ ਗੁਲਸ਼ਨ, ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ, ਯੂਥ ਅਕਾਲੀ ਦਲ ਦਲ ਦੇ ਮਾਲਵਾ ਜੋਨ ਇਕ ਦੇ ਪ੍ਰਧਾਨ ਸ: ਕੰਵਰਜੀਤ ਸਿੰਘ ਬਰਕੰਦੀ, ਸ੍ਰੀ ਦੀਪ ਮਲਹੋਤਰਾ, ਸ੍ਰੀ ਪ੍ਰੇਮ ਮਿੱਤਲ, ਸ: ਗੁਰਤੇਜ ਸਿੰਘ ਘੁੜਿਆਣਾ, ਸ: ਦਰਸ਼ਨ ਸਿੰਘ ਕੋਟਫੱਤਾ, ਸ: ਹਰੀ ਸਿੰਘ ਜ਼ੀਰਾ, ਸ: ਅਵਤਾਰ ਸਿੰਘ ਬਰਾੜ ਚੇਅਰਮੈਨ ਪੀ.ਆਰ.ਟੀ.ਸੀ., ਸ: ਮਨਜੀਤ ਸਿੰਘ ਮੰਨਾ, ਸ: ਸਤਿੰਦਰਜੀਤ ਸਿੰਘ ਮੰਟਾ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂ ਖੇੜਾ, ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ: ਚਰਨਜੀਤ ਸਿੰਘ ਬਰਾੜ ਓ.ਐਸ.ਡੀ. ਟੂ. ਉਪਮੁੱਖ ਮੰਤਰੀ, ਸ: ਪਰਮਿੰਦਰ ਸਿੰਘ ਕੋਲਿਆਂ ਵਾਲੀ, ਸ: ਸੁਖਦਰਸ਼ਨ ਸਿੰਘ ਮਰਾੜ, ਸ: ਪ੍ਰਕਾਸ ਸਿੰਘ ਭੱਟੀ, ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈਕਾਕੇਰਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ਼ ਧੀਂਗੜਾ, ਸ: ਬਲਜੀਤ ਸਿੰਘ ਬੀੜ ਬਹਿਮਣ, ਜ਼ਿਲ੍ਹਾ ਸਰਪ੍ਰਸਤ ਸ: ਮਨਜੀਤ ਸਿੰਘ ਬਰਕੰਦੀ, ਚੇਅਰਮੈਨ ਸ: ਮਨਜਿੰਦਰ ਸਿੰਘ ਬਿੱਟੂ, ਸ: ਗੁਰਬਖਸ਼ੀਸ ਸਿੰਘ ਮਿੱਡੂਖੇੜਾ, ਓਪਪ੍ਰਕਾਸ ਸ਼ਰਮਾ, ਵੀਰਪਾਲ ਕੌਰ ਤਰਮਾਲ, ਸੁਖਪਾਲ ਸਿੰਘ ਭਾਟੀ ਕਿਲਿਆਂਵਾਲੀ, ਰਣਜੋਧ ਸਿੰਘ ¦ਬੀ, ਮਨਜੀਤ ਸਿੰਘ ਲਾਲਬਾਈ, ਸ੍ਰੀ ਜਸਵਿੰਦਰ ਸਿੰਘ ਧੌਲਾ ਅਤੇ ਸ੍ਰੀ ਅਕਾਸ਼ਦੀਪ ਸਿੰਘ ਮਿੱਡੂਖੇੜਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਡੀ.ਆਈ.ਜੀ. ਸ: ਅਮਰ ਸਿੰਘ ਚਾਹਲ, ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ ਵੀ ਹਾਜ਼ਰ ਸਨ।



