ਅੱਜ ਰਾਜਪੁਰਾ ਵਿਖੇ ਰਾਜ ਪੱਧਰੀ ਸਮਾਰੋਹ ਮੌਕੇ ਕੀਤਾ ਜਾਵੇਗਾ ਲਾਂਚ
ਐਸ.ਏ.ਐਸ.ਨਗਰ, 6 ਜਨਵਰੀ (ਪੀ. ਟੀ.)- ਪੰਜਾਬ ਵਿੱਚ ਪੈਂਟਾਵੇਲੈਂਟ ਟੀਕਾਕਰਨ ਲਾਗੂ ਹੋਣ ਨਾਲ ਬੱਚਿਆਂ ਦਾ ਭਵਿੱਖ ਸਿਹਤਮੰਦ ਹੋਵੇਗਾ ਅਤੇ ਬੱਚਿਆਂ ਦਾ ਭਿਆਨਕ ਬਿਮਾਰੀਆਂ ਤੋਂ ਬਚਾਅ ਕਰੇਗਾ। ਪੈਂਟਾਂਵੇਲੈਂਟ ਟੀਕਾਕਰਨ ਦੀ ਸ਼ੁਰੂਆਤ 7 ਜਨਵਰੀ ਤੋਂ ਪੂਰੇ ਪੰਜਾਬ ਵਿੱਚ ਰਾਜਪੁਰਾ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਮੌਕੇ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਐਸ.ਏ.ਐਸ.ਨਗਰ ਵਿਖੇ ਰਾਜ ਸਿਹਤ ਤੇ ਸਿਖਲਾਈ ਕੇਂਦਰ ਦੇ ਆਡੀਟੋਰੀਅਮ ਵਿਖੇ ਸਿਹਤ ਵਿਭਾਗ ਵੱਲੋਂ ਕਰਵਾਈ ਗਈ ਰਾਜ ਪੱਧਰੀ ਪੈਂਟਾਵੇਲੈਂਟ ਮੀਡੀਆ ਸੈਨਸੀਟਾਈਜ਼ੇਸ਼ਨ ਵਰਕਸ਼ਾਪ ਦਾ ਉਦਘਾਟਨ ਸ਼ਮਾਂ ਰੋਸ਼ਨ ਕਰਕੇ ਕਰਨ ਉਪਰੰਤ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਨੁਮਾਇੰਦਿਆਂ ਅਤੇ ਰਾਜ ਦੇ ਸਮੂਹ ਸਿਵਲ ਸਰਜਨਾਂ, ਜ਼ਿਲ੍ਹਾ ਟੀਕਾਕਰਨ ਅਫ਼ਸਰਾਂ ਅਤੇ ਮਾਸ ਮੀਡੀਆ ਅਫ਼ਸਰਾਂ ਅਤੇ ਸਿਹਤ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਸਿਹਤ ਵਿਭਾਗ ਪੰਜਾਬ ਵੱਲੋਂ ਪੈਂਟਾਵੇਲੈਂਟ
ਟੀਕੇ ਸਬੰਧੀ ਪ੍ਰਕਾਸ਼ਿਤ ਕਰਵਾਏ ਗਏ ਇੱਕ ਕਿਤਾਬਚੇ ਨੂੰ ਵੀ ਜਾਰੀ ਕੀਤਾ।ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਪੈਂਟਾਵੇਲੈਂਟ ਵੈਕਸੀਨ ਨੂੰ ਰਾਜ ਵਿੱਚ ਲਾਗੂ ਕਰਨ ਲਈ ਪੁਰੀ ਤਰ੍ਹਾਂ ਤਿਆਰ ਹੈ ਅਤੇ ਪੈਂਟਾਵੇਲੈਂਟ ਟੀਕਾਕਰਨ ਨੂੰ ਬੱਚਿਆਂ ਦੇ ਸਿਹਤਮੰਦ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਪੈਂਟਾਵੇਲੈਂਟ ਟੀਕਾ ਪੰਜ ਭਿਆਨਕ ਤੇ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਬੇਹੱਦ ਸਹਾਈ ਹੋਵੇਗਾ। ਪੈਂਟਾਵੇਲੈਂਟ ਟੀਕੇ ਨਾਲ ਗੱਲ ਘੋਟੂ, ਕਾਲੀ ਖਾਂਸੀ, ਟੈਟਨਸ, ਹੈਪਾਟਾਈਟਸ-ਬੀ ਤੇ ਹਿਬ ਵਰਗੀਆਂ ਬਿਮਾਰੀਆਂ ਤੋਂ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਛੋਟੇ ਬੱਚਿਆਂ ਨੂੰ 6 ਟੀਕੇ ਲਗਦੇ ਸਨ ਅਤੇ ਹੁਣ ਕੇਵਲ ਪੈਂਟਾਵੇਲੈਂਟ ਦੇ ਤਿੰਨ ਟੀਕੇ ਹੀ ਲੱਗਣਗੇ। ਜਿਸ ਨਾਲ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇਗਾ।
ਸ੍ਰੀ ਜਿਆਣੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਪੈਂਟਾਵੇਲੈਂਟ ਟੀਕਾਕਰਨ ਸਬੰਧੀ ਪ੍ਰਿੰਟ ਅਤੇ ਇਲੈਕਟੋਨਿਕ ਮੀਡੀਆ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕਰਨ ਲਈ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਸੈਨਸੀਟਾਈਜ਼ੇਸਨ ਵਰਕਸ਼ਾਪ ਦਾ ਮੁੱਖ ਮੰਤਵ ਮੀਡੀਆ ਨੂੰ ਪੈਂਟਾਵੇਲੈਂਟ ਵੈਕਸ਼ੀਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਾਉਣਾ ਸੀ ਤਾਂ ਜੋ ਮੀਡੀਆ ਰਾਜ ਵਿੱਚ ਲੋਕਾਂ ਨੂੰ ਪੈਂਟਾਵੇਲੈਂਟ ਵੈਕਸੀਨ ਸਬੰਧੀ ਅਤੇ ਇਸ ਦੇ ਪਹਿਲੂਆਂ ਬਾਰੇ, ਬੱਚਿਆਂ ਨੂੰ ਬਿਮਾਰੀਆਂ ਦੇ ਬਚਾਓ ਸਬੰਧੀ ਆਮ ਲੋਕਾਂ ਨੂੰ ਇਸ ਵੈਕਸੀਨ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਸਕੇ ਅਤੇ ਪੰਜਾਬ ਵਿੱਚ ਪੈਂਟਾਵੇਲੈਂਟ ਟੀਕਾਕਰਨ ਪੁਰੀ ਸਫਲਤਾ ਨਾਲ ਲਾਗੂ ਹੋ ਸਕੇ ਤਾਂ ਜੋ ਰਾਜ ਵਿੱਚ ਸਿਹਤਮੰਦ ਭਵਿੱਖ ਦੇ ਸੁਪਨੇ ਨੂੰ ਸਫ਼ਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ 7 ਲੱਖ ਟੀਕੇ ਪ੍ਰਾਪਤ ਹੋ ਚੁੱਕੇ ਹਨ ਅਤੇ ਇਸ ਵੈਕਸੀਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਜਰੂਰਤ ਮੁਤਾਬਕ ਭਾਰਤ ਸਰਕਾਰ ਤੋਂ ਹੋਰ ਮੰਗਵਾਈ ਜਾਵੇਗੀ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਪੈਂਟਾਵੇਲੈਂਟ ਵੈਕਸੀਨ ਰਾਜ ਦੇ ਹਰੇਕ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਉਪਲਬੱਧ ਹੋਵੇਗੀ ਅਤੇ ਬੱਚਿਆਂ ਲਈ ਪੈਂਟਾਵੇਲੈਂਟ ਟੀਕਾਕਰਨ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਲੋਕਾਂ ਨੂੰ ਬੱਚਿਆਂ ਦੇ ਇਸ ਵੈਕਸੀਨ ਦੇ ਟੀਕਾਕਰਨ ਕਰਨ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਇਹ ਵੈਕਸੀਨ ਮਿਆਰੀ ਵੈਕਸੀਨ ਹੋਵੇਗੀ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਕਿਹਾ ਕਿ ਕੋਈ ਵੀ ਪ੍ਰੋਗਰਾਮ ਲੋਕਾਂ ਅਤੇ ਮੀਡੀਏ ਦੇ ਸਹਿਯੋਗ ਤੋਂ ਬਿਨ੍ਹਾਂ ਸਫ਼ਲ ਨਹੀਂ ਹੋ ਸਕਦਾ ਇਸ ਲਈ ਮੀਡੀਆ ਰਾਜ ਵਿੱਚ ਪੈਂਟਾਵੇਲੈਂਟ ਟੀਕਾਕਰਨ ਦੀ ਸਫ਼ਲਤਾ ਲਈ ਉਸਾਰੂ ਭੁਮਿਕਾ ਨਿਭਾਉਣ ਲਈ ਅੱਗੇ ਆਵੇ । ਉਨ੍ਹਾਂ ਦੱਸਿਆ ਕਿ ਪੈਂਟਾਵੇਲੈਂਟ ਟੀਕਾਕਰਨ ਦੀ ਸਫ਼ਲਤਾ ਲਈ ਲੋਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾ ਤੋਂ ਵੀ ਸਹਿਯੋਗ ਲਿਆ ਜਾਵੇਗਾ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਵੀ ਵਿੰਢੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੈਂਟਾਵੇਲੈਂਟ ਟੀਕਾਕਰਨ ਰਾਹੀਂ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਪੱਤਰਕਾਰਾਂ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਨਸ਼ਿਆਂ ਦੇ ਖਾਤਮ ਲਈ ਦ੍ਰਿੜ ਸਕੰਲਪ ਹੈ ਅਤੇ ਪੰਜਾਬ ਦਾ ਹਰ ਵਰਗ ਨਸ਼ਿਆਂ ਦਾ ਖਾਤਮਾ ਚਾਹੁੰਦਾ ਹੈ ਇਸ ਲਈ ਸਮੁੱਚੇ ਵਰਗਾਂ ਨੂੰ ਇੱਕ ਜੁੱਟ ਹੋ ਕੇ ਨਸ਼ਿਆਂ ਦੇ ਖਾਤਮੇ ਦੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾ ਸਕੀਏ। ਉਨ੍ਹਾਂ ਕਿਹਾ ਕਿ ਰਾਜ ਵਿੱਚ 28 ਨਸ਼ਾ ਛੁਡਾਊ ਕੇਂਦਰ ਕੰਮ ਕਰ ਰਹੇ ਹਨ ਜਿਥੇ ਕਿ ਨਸ਼ਿਆਂ ਦੀ ਲੱਤ ਵਿੱਚ ਫਸੇ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਰਾਜ ਦੇ ਸਾਰੇ ਜ਼ਿਲਿਆਂ ਵਿੱਚ 50-50 ਬਿਸਤਰਿਆਂ ਦੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਬਣਾ ਰਹੀਂ ਹੈ ਜਿਥੇ ਕਿ ਨਸ਼ਿਆਂ ਦੀ ਲਤ ਵਿੱਚ ਫਸੇ ਵਿਅਕਤੀਆਂ ਨੂੰ ਨਸ਼ਾ ਮੁਕਤ ਕਰਕੇ ਉਨ੍ਹਾਂ ਨੂੰ ਸਵੈ ਰੋਜ਼ਗਾਰ ਧੰਦਿਆਂ ਸਬੰਧੀ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਨਸ਼ਾ ਮੁਕਤ ਹੋਣ ਉਪਰੰਤ ਆਪੋ ਆਪਣੇ ਕਾਰੋਬਾਰ ਸ਼ੁਰੂ ਕਰਕੇ ਆਮ ਲੋਕਾਂ ਵਰਗੀ ਜਿੰਦਗੀ ਬਸਰ ਕਰ ਸਕਣ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਪੰਜਾਬ ਦੇ 70ਫੀਸਦੀ ਲੋਕ ਨਸ਼ਾ ਕਰਨ ਸਬੰਧੀ ਦਿੱਤੇ ਜਾਣ ਵਾਲੇ ਬਿਆਨ ਹਾਸੋ ਹੀਣੇ ਹਨ ਅਤੇ ਅਜਿਹੇ ਬਿਆਨ ਕੇਵਲ ਅਫਵਾਵਾਂ ਹਨ ਜੋ ਕਿ ਤੱਥਾਂ ਤੋਂ ਬਿਲਕੁਲ ਉਲਟ ਹਨ ਅਤੇ ਪੰਜਾਬ ਨੂੰ ਬਿਨ੍ਹਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾ ਡਾਇਰੈਕਟਰ ਪਰਿਵਾਰ ਭਲਾਈ ਪੰਜਾਬ ਡਾ. ਜਤਿੰਦਰ ਕੌਰ ਨੇ ਵਰਕਸ਼ਾਪ ਵਿੱਚ ਸ਼ਾਮਲ ਹੋਈਆਂ ਸਖ਼ਸੀਅਤਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਪੈਂਟਾਵੇਲੈਂਟ ਮੀਡੀਆ ਸੈਨਸੀਟਾਈਜ਼ੇਸ਼ਨ ਵਰਕਸਾਪ ਪੈਂਟਾਵੇਲੈਂਟਾ ਟੀਕਾਕਰਨ ਲਾਗੂ ਕਰਨ ਵਿੱਚ ਬੇਹੱਦ ਸਹਾਈ ਹੋਵੇਗੀ ਅਤੇ ਇਸ ਦੇ ਸਾਰਥਿਕ ਸਿੱਟੇ ਨਿਕਲਣਗੇ। ਉਨ੍ਹਾਂ ਇਸ ਮੌਕੇ ਪੈਂਟਾਵੇਲੈਂਟ ਟੀਕਾਕਰਨ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਰਕਸ਼ਾਪ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਸਿਹਤ ਸੇਵਾਵਾਂ ਵਿਭਾਗ ਪੰਜਾਬ ਡਾ. ਕਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੈਂਟਾਵੇਲੈਂਟ ਟੀਕਾਕਰਨ ਨੂੰ ਸਿਹਤ ਵਿਭਾਗ ਪੁਰੀ ਤਨਦੇਹੀ ਨਾਲ ਲਾਗੂ ਕਰੇਗਾ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਇਸ ਮੌਕੇ ਪ੍ਰੋਗਰਾਮ ਅਫ਼ਸਰ (ਇਮੂਨਾਈਜੇਸ਼ਨ ) ਡਾ. ਜੀ.ਬੀ ਸਿੰਘ ਨੇ ਪੈਂਟਾਵੇਲੈਂਟ ਵੈਕਸੀਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਇਸ ਵੈਕਸੀਨ ਰਾਹੀਂ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਦੇ ਬਚਾਓ ਸਬੰਧੀ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਬੱਚਿਆਂ ਨੂੰ ਹਿਬ ਬਿਮਾਰੀ ਤੇ ਕੰਟਰੋਲ ਕਰਨ ਲਈ ਵੀ ਬੇਹੱਦ ਸਹਾਇਕ ਸਾਬਤ ਹੋਵੇਗੀ । ਵਰਕਸ਼ਾਪ ਨੂੰ ਡਾ. ਵਿਕਰਾਂਤ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ।



