ਮੁਹਾਲੀ/ਚੰਡੀਗੜ੍ਹ, 29 ਦਸੰਬਰ (ਪੀ. ਟੀ.)- ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਸਾਇੰਸ ਵਿਸ਼ੇ ਦੀ ਪੜ੍ਹਾਈ ਵਿੱਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਅਤੇ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਵੱਲ ਜੋੜਨ ਦੇ ਇਰਾਦੇ ਨਾਲ ਜ਼ਿਲਾ ਸਾਇੰਸ ਸੁਪਰਵਾਈਜ਼ਰਾਂ ਨਾਲ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਸੀ ਰਾਊਲ ਤੇ ਵਿਸ਼ੇਸ਼ ਸਕੱਤਰ ਸ੍ਰੀ ਅਜੋਏ ਸ਼ਰਮਾ ਵੀ ਹਾਜ਼ਰ ਹੋਏ। ਮੁਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਤਾਇਨਾਤ ਵਿਭਾਗ ਦੇ ਦਫਤਰ ਵਿਖੇ ਹੋਈ ਮੀਟਿੰਗ ਵਿੱਚ ਸਾਇੰਸ ਵਿਸ਼ੇ ਨੂੰ ਹੋਰ ਬਿਹਤਰ ਤਰੀਕੇ ਨਾਲ ਚਲਾਉਣ ਲਈ ਵਿਚਾਰਾਂ ਹੋਈਆਂ ਅਤੇ ਸੁਝਾਅ ਵੀ ਮੰਗੇ। ਸਿੱਖਿਆ ਮੰਤਰੀ ਡਾ.ਚੀਮਾ ਨੇ ਕਿਹਾ ਕਿ ਸਾਇੰਸ ਇੰਸਟੀਚਿਊਟ ਦੀ ਪੁਨਰ ਸਥਾਪਨਾ ਕੀਤੀ ਜਾਵੇ ਤਾਂ ਜੋ ਇਸ ਸੰਸਥਾ ਤੋਂ ਸਾਇੰਸ ਵਿਸ਼ੇ ਦੀ ਪੜ੍ਹਾਈ ਲਈ ਖੋਜ ਸੰਸਥਾ ਵਜੋਂ ਲਿਆ ਜਾਵੇ। ਉਨ੍ਹਾਂ ਸਾਇੰਸ ਸੁਪਰਵਾਈਜ਼ਰਾਂ ਨੂੰ ਕਿਹਾ ਕਿ ਹੇਠਲੇ ਪੱਧਰ ’ਤੇ ਸਾਇੰਸ ਦੇ ਅਧਿਆਪਕਾਂ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਜੋੜਨ ਤਾਂ ਜੋ ਸੂਬੇ ਵਿੱਚੋਂ ਵੱਧ ਤੋਂ ਵੱਧ ਡਾਕਟਰ, ਇੰਜਨੀਅਰ ਆਦਿ ਤਿਆਰ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਹਰ ਜ਼ਿਲੇ ਵਿੱਚ ਸਾਇੰਸ ਦੇ ਮਾਹਿਰ ਅਧਿਆਪਕਾਂ/ਲੈਕਚਰਾਰਾਂ ਦਾ ਗਰੁੱਪ ਤਿਆਰ ਕਰ ਕੇ ਰਿਸੋਰਸ ਪਰਸਨ ਵਜੋਂ ਤਿਆਰ ਕੀਤਾ ਜਾਵੇ ਜੋ ਵਿਸ਼ੇ ਨੂੰ ਹੇਠਲੇ ਪੱਧਰ ’ਤੇ
ਮਕਬੂਲ ਬਣਾਉਣ ਅਤੇ ਪੜ੍ਹਾਈ ਦੀ ਵਿਧੀ ਨੂੰ ਸੁਖਾਲਾ ਤੇ ਰੌਚਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ। ਜ਼ਿਲਾ ਸਾਇੰਸ ਸੁਪਰਵਾਈਜ਼ਰਾਂ ਵੱਲੋਂ ਮਿਲੇ ਸੁਝਾਆਂ ਨੂੰ ਮੌਕੇ ’ਤੇ ਹੀ ਪੂਰਾ ਕਰਨ ਦੀ ਦਿਸ਼ਾ ਵਿੱਚ ਡਾ. ਚੀਮਾ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਸਾਇੰਸ ਵਿਸ਼ੇ ਦੇ ਸਿਲੇਬਸ ਨਾਲ ਵੱਧ ਤੋਂ ਵੱਧ ਪੁਸਤਕਾਂ ਰੱਖੀਆ ਜਾਣ ਤਾਂ ਜੋ ਗਰੀਬ ਵਿਦਿਆਰਥੀ ਇਸ ਦਾ ਲਾਹਾ ਲੈ ਸਕਣ। ਉਨ੍ਹਾਂ ਵਿਸ਼ੇ ਨਾਲ ਸਬੰਧਤ ਲੈਬਜ਼ ਨੂੰ ਮੁਕੰਮਲ ਸਾਮਾਨ ਨਾਲ ਤਿਆਰ ਕਰਨ ਦਾ ਭਰੋਸਾ ਵੀ ਦਿਵਾਇਆ। ਸਾਇੰਸ ਵਿਸ਼ੇ ਦੀ ਮਹੱਤਤਾ ਨੂੰ ਦੇਖਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵੀ ਸਾਇੰਸ ਵਿਸ਼ਿਆਂ ਨਾਲ ਸਬੰਧਤ ਲੈਕਚਰਾਰ ਜਾਂ ਅਧਿਆਪਕਾਂ ਦੀ ਗੈਰ ਵਿਦਿਅਕ ਜਾਂ ਹੋਰ ਕੰਮਾਂ ਵਿੱਚ ਡਿਊਟੀ ਲਗਾਈ ਗਈ ਹੈ, ਉਨ੍ਹਾਂ ਨੂੰ ਤੁਰੰਤ ਉਥੋਂ ਰਿਲੀਵ ਕਰ ਕੇ ਸਬੰਧਤ ਸਕੂਲਾਂ ਵਿੱਚ ਤਾਇਨਾਤ ਕੀਤਾ ਜਾਵੇ।



