ਚੰਡੀਗੜ੍ਹ, 28 ਦਸੰਬਰ – ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਉਹ ਦੇਸ਼ ਭਰ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਦੀ ਅਗਵਾਈ ਕਰੇਗਾ ਜਿਸ ਲਈ 5 ਜਨਵਰੀ ਨੂੰ ਅੰਤਰਰਾਸ਼ਟਰੀ ਸਰਹੱਦ ’ਤੇ 4 ਵੱਡੇ ਧਰਨੇ ਲਾਏ ਜਾਣਗੇ ਤਾਂ ਜੋ ਬੀ.ਐਸ.ਐਫ. ’ਤੇ ਦਬਾਅ ਬਣਾਇਆ ਜਾ ਸਕੇ ਕਿ ਉਹ ਪਾਕਿਸਤਾਨ ਰਾਹੀਂ ਪੰਜਾਬ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਠੋਸ ਉਪਰਾਲੇ ਕਰੇ। ਅੱਜ ਇੱਥੇ ਇਸਦਾ ਐਲਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਧਰਨੇ ਅਟਾਰੀ ਸਰਹੱਦ, ਫਾਜਿਲਕਾ ਦੀ ਸਦਕੀ ਜਾਂਚ ਚੌਂਕੀ , ਹੁਸੈਨੀਵਾਲਾ ਤੇ ਗੁਰਦਾਸਪੁਰ ਵਿਖੇ ਅੰਤਰਰਾਸ਼ਟਰੀ ਸਰਹੱਦ ’ਤੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਹੋ ਰਹੀ ਨਸ਼ਿਆਂ ਦੀ ਤਸਕਰੀ ਨਾਲ ਨਾ ਸਿਰਫ ਪੰਜਾਬ ਸਗੋਂ ਸਾਰਾ ਦੇਸ਼ ਪੀੜ੍ਹਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਬੀ.ਐਸ.ਐਫ. ਦੀ ਜਿੰਮੇਵਾਰੀ ਹੈ ਜੋ ਕਿ ਕੇਂਦਰੀ ਏਜੰਸੀ ਹੈ ਤੇ ਪੰਜਾਬ ਸਰਕਾਰ ਦਾ ਉਸ ਉਪਰ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਨਸ਼ਿਆਂ ਨੂੰ ਰੋਕਣਾ ਹੈ ਤਾਂ ਸਰਹੱਦ ਪਾਰੋਂ ਨਸ਼ਾ ਤਸਕਰੀ ਨੂੰ ਰੋਕਣਾ ਸਭ ਤੋਂ ਜ਼ਰੂਰੀ ਹੈ।
ਸ. ਬਾਦਲ ਨੇ ਕਿਹਾ ਕਿ ਧਰਨੇ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਇਹ ਮਹਿਸੂਸ ਕਰਦੇ ਹਨ ਕਿ ਨਸ਼ਿਆਂ ਵਿਰੁੱਧ ਲੜਾਈ ਲੜਨ ਦੇ ਬਾਵਜੂਦ ਉਨ੍ਹਾਂ ਨੂੰ ਨਸ਼ੇੜੀ ਕਹਿਕੇ ਪ੍ਰਚਾਰਿਆਂ ਜਾ ਰਿਹਾ ਹੈ ਜਿਸ ਕਰਕੇ ਸਰਹੱਦ ’ਤੇ ਇਹ ਸੰਦੇਸ਼ ਦੇਣਾ ਜ਼ਰੂਰੀ ਹੈ ਕਿ ਪੰਜਾਬੀ ਨਸ਼ਿਆਂ ਵਿਰੁੱਧ ਲੜਾਈ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਰੋਕਥਾਮ ਲਈ 25000 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜੇਕਰ ਅਜਿਹੇ ਕਦਮ ਨਾ ਚੁੱਕੇ ਹੁੰਦੇ ਤਾਂ ਇਸ ਨਾਲ ਸਥਿਤੀ ਬਹੁਤ ਖਰਾਬ ਹੁੰਦੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਵੱਡੀ ਪੱਧਰ ’ਤੇ ਉਭਰਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਵਿੱਢੀ ਸੀ। ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਇਕ ਗ੍ਰਾਮ ਵੀ ਨਸ਼ਾ ਉਤਪਾਦਿਤ ਨਹੀਂ ਹੁੰਦਾ ਤੇ ਸਾਰਾ ਤਸਕਰੀ ਰਾਹੀਂ ਆਉਂਦਾ ਹੈ , ਜਿਸ ਵਿਚ ਮੁੱਖ ਤੌਰ ’ਤੇ ਪਾਕਿਸਤਾਨ ਤੇ ਸਾਡੇ ਰਾਜ ਰਾਜਸਥਾਨ ਤੇ ਮੱਧ ਪ੍ਰਦੇਸ਼ ਹਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨਸ਼ਿਆਂ ਦੇ ਦੋਹ੍ਯਾਂ ਸ੍ਰੋਤਾਂ ’ਤੇ ਰੋਕ ਲੱਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਐਨ.ਡੀ.ਪੀ.ਐਸ. ਤਹਿਤ ਸਭ ਤੋਂ ਵੱਧ ਕੇਸ ਦਰਜ ਕੀਤੇ ਹਨ। ਨੈਸ਼ਨਲ ਕ੍ਰਾਇਮ ਰਿਪੋਰਟ ਬਿਊਰੋ ਅਨੁਸਾਰ ਸਾਲ 2013 ਦੌਰਾਨ ਪੰਜਾਬ ਨੇ ਨਸ਼ਿਆਂ ਵਿਰੁੱਧ 16464 ਕੇਸ ਦਰਜ ਕੀਤੇ ਹਨ ਜਦਕਿ ਗੋਆ ਨੇ ਕੇਵਲ 55 ਤੇ ਮਹਾਂਰਾਸ਼ਟਰ ਨੇ 756 ਕੇਸ ਹੀ ਦਰਜ ਕੀਤੇ ਹਨ।
ਉਨ੍ਹਾਂ ਕਿਹਾ ਕਿ ਗੋਆ ਤੇ ਮਹਾਂਰਾਸ਼ਟਰ ਨੂੰ ਨਸ਼ਿਆਂ ਦੀ ਸਭ ਤੋਂ ਵੱਧ ਖਪਤ ਤੇ ਰੇਵ ਪਾਰਟੀਆਂ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਤੱਥਾਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਨੇ ਹੀ ਨਸ਼ਾ ਰੋਕਣ ਲਈ ਸਭ ਤੋਂ ਵੱਧ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸੱਚੇ ਦੇਸ਼ ਭਗਤ ਹਨ ਜਿਨ੍ਹਾਂ ਨੇ ਪਹਿਲਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਤੇ ਅਨਾਜ ਦੇ ਮਾਮਲੇ ਵਿਚ ਦੇਸ਼ ਨੂੰ ਆਤਮ ਨਿਰਭਰ ਬਣਾਇਆ ਤੇ ਹੁਣ ਪੰਜਾਬ ਵਲੋਂ ਨਸ਼ਿਆਂ ਵਿਰੁੱਧ ਲੜਾਈ ਵਿਚ ਫੇਰ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਿਆਸੀ ਮੁਫਾਦਾਂ ਲਈ ਸਾਨੂੰ ਨਸ਼ੇੜੀ ਨਹੀਂ ਗਰਦਾਨ ਸਕਦਾ।
ਸ. ਬਾਦਲ ਨੇ ਸਾਰੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ 5 ਜਨਵਰੀ ਨੂੰ ਧਰਨਿਆਂ ਵਿਚ ਸ਼ਾਮਿਲ ਹੋ ਕੇ ਸੰਦੇਸ ਦੇਣ ਕਿ ਉਹ ਸਾਰੇ ਨਸ਼ਿਆਂ ਵਿਰੁੱਧ ਲੜਾਈ ਵਿਚ ਮੋਹਰੀ ਹਨ। ਸ. ਬਾਦਲ ਖੁਦ ਅਟਾਰੀ ਵਿਖੇ ਧਰਨੇ ਨੂੰ ਸੰਬੋਧਨ ਕਰਨਗੇ। ਸਾਰੇ ਧਰਨੇ ਬਾਅਦ ਦੁਪਹਿਰ 12 ਤੋਂ 2 ਵਜੇ ਤੱਕ ਲੱਗਣਗੇ।



