Skip to content
Independent perspectives. Global stories.
BREAKING

ਨਾਵਲ ਲਿਖ ਕੇ ਮਨ ਨੂੰ ਸੰਤੁਸ਼ਟੀ ਮਿਲੀ

Share this story

ਮੈਂ ਇਸ ਨਾਵਲ ਨੂੰ ਕਈ ਦਹਾਕੇ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀ, ਪਰ ਇਹ ਅਧੂਰਾ ਹੀ ਪਿਆ ਰਿਹਾ। ਓਸ ਸਮੇਂ ਮੈਂ ਆਪਣੇ ਪਿੰਡ ਰੋਡੇ ਜ਼ਿਲ੍ਹਾ ਮੋਗਾ ਦੀ ਪਹਿਲੀ ਨੌਜਵਾਨ ਸਭਾ ਦਾ ਜਨਰਲ ਸਕੱਤਰ ਸੀ। ਇਸ ਵੇਲੇ ਪਿੰਡ ਦੀਆਂ ਕੁਝ ਮੋਹਤਬਰ ਸ਼ਖਸੀਅਤਾਂ ਦੀਪ ਸਿੰਘ ਸਰਪੰਚ, ਆਤਮਾ ਸਿੰਘ ਬਰਾੜ ਤੇ ਕਈ ਹੋਰ ਸਭਾ ਵਿੱਚ ਕੰਮ ਕਰਦੇ ਰਹੇ ਹਨ ਤੇ ਮੇਰੇ ਨਜ਼ਦੀਕੀ ਸਨ। ਦੀਪ ਸਿੰਘ (ਸਰਪੰਚ) ਸਭਾ ਦੇ ਓਸ ਵੇਲੇ ਪ੍ਰਧਾਨ ਅਤੇ ਆਤਮਾ ਸਿੰਘ ਸੀਨੀਅਰ ਮੀਤ ਪ੍ਰਧਾਨ ਸਨ। ਪਹਿਲਾਂ ਨੌਜਵਾਨ ਸਭਾ ਵਿੱਚ ਅਤੇ ਬਾਅਦ ਵਿੱਚ ਮੈਂ ਅਧਿਆਪਕ ਲੱਗ ਕੇ ਟਰੇਡ ਯੂਨੀਅਨ ਲਹਿਰ ਵਿੱਚ ਸਰਗਰਮ ਹੋ ਗਿਆ।
ਪ੍ਰਗਤੀਵਾਦੀ ਵਿਚਾਰਧਾਰਾ ਦੀ ਪਾਹ ਮੈਨੂੰ ਸਕੂਲ ਦਾ ਵਿਦਿਆਰਥੀ ਹੋਣ ਦੇ ਸਮੇਂ ਤੋਂ ਹੀ ਲੱਗ ਗਈ ਸੀ। ਇਹ ਲਗਨ ਮੈਨੂੰ ਆਪਣੇ ਦੋ ਅਧਿਆਪਕਾਂ ਸ. ਨਿਰੰਜਣ ਸਿੰਘ (ਬੁੱਟਰ) ਅਤੇ ਸ. ਮਾਘ ਸਿੰਘ ਬਰਾੜ (ਰੋਡੇ) ਅਤੇ ਸਾਰੇ ਪਿੰਡ ਵਿੱਚ ਹੁੰਦੀਆਂ ਸਿਆਸੀ ਸਰਗਰਮੀਆਂ ਵਿਚ ਬਾਹਰੋਂ ਆਉਂਦੇ ਦੇਸ਼ ਭਗਤ ਤੇਜਾ ਸਿੰਘ ਸੁਤੰਤਰ, ਉਜਾਗਰ ਸਿੰਘ ਬੁੱਧ ਸਿੰਘ ਵਾਲਾ ਅਤੇ ਬਚਨ ਸਿੰਘ ਘੋਲੀਆ ਦੇ ਵਿਚਾਰਾਂ ਤੋਂ ਲੱਗੀ। ਮੈਂ ਛੋਟੀ ਉਮਰ ਤੋਂ ਹੀ ਪੰਜਾਬੀ ਸਾਹਿਤ ਦਾ ਪਾਠਕ ਰਿਹਾ ਹਾਂ। ਸਮਾਜ ਅੰਦਰ ਵਾਪਰਦੀਆਂ ਘਟਨਾਵਾਂ ਨੂੰ ਸਮਝਣ ਦੀ ਸੂਝ ਸਿੱਖਣ ਵਿੱਚ ਮੈਨੂੰ ਇਹ ਅੱਗੇ ਵਧੂ ਵਿਚਾਰਧਾਰਾ ਸਹਾਈ ਹੋਈ।
1971 ਵਿੱਚ, ਸਰਕਾਰੀ ਨੌਕਰੀ ਵਿੱਚ ਆਉਣ ਤੋਂ ਦੋ ਸਾਲਾਂ ਬਾਅਦ ਮੈਂ ਪੰਜਾਬ ਦੀ ਟਰੇਡ ਯੂਨੀਅਨ ਲਹਿਰ ਨਾਲ ਜੁੜ ਗਿਆ ਅਤੇ ਮੇਰਾ ਸਬੰਧ ਏਟਕ ਦੀ ਵਿਚਾਰਧਾਰਾ ਨਾਲ ਪੱਕ ਗਿਆ। ਮੈਂ ਰਣਧੀਰ ਸਿੰਘ ਗਿੱਲ, ਬਾਬਾ ਮਹਿੰਦਰ ਸਿੰਘ ਤੂਰ, ਰਣਬੀਰ ਢਿੱਲੋਂ, ਸੱਜਣ ਸਿੰਘ, ਸ਼ਹੀਦ ਨਛੱਤਰ ਸਿੰਘ ਧਾਲੀਵਾਲ, ਚਰਨ ਸਿੰਘ ਸਰਾਭਾ, ਅਵਤਾਰ ਸਿੰਘ ਫਿਰੋਜ਼ਪੁਰ, ਜਗਮੋਹਣ ਕੌਸ਼ਲ, ਨਾਲ ਰਲਕੇ ਜਥੇਬੰਦੀ ਦੀਆਂ ਮੂਹਰਲੀਆਂ ਸਫਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਲਾਕ, ਜ਼ਿਲ੍ਹੇ ਤੋਂ ਜ਼ਿੰਮੇਵਾਰੀਆਂ ਵਧਦੀਆਂ-ਵਧਦੀਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵਿੱਚ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ

ਸੁਬਾਰਡੀਨੇਰ ਸਰਵਿਸਜ਼ ਫੈਡਰੇਸ਼ਨ ਵਿੱਚ ਸਟੇਟ ਦੇ ਐਡੀਸ਼ਨਲ ਜਨਰਲ ਸਕੱਤਰ ਅਤੇ ਜਨਰਲ ਸਕੱਤਰ ਤੱਕ ਪਹੁੰਚ ਗਈਆਂ।
ਇਸ ਸਫਰ ਵਿੱਚ ਮੈਂ ਏਨਾ ਮਸ਼ਰੂਫ ਹੋ ਗਿਆ ਕਿ ਮੇਰਾ ਲਿਖਾਰੀ ਮਨ ਕਵਿਤਾ, ਗਜ਼ਲ, ਕਹਾਣੀ ਤੋਂ ਟਰੇਡ ਯੂਨੀਅਨ ਲਿਖਤਾਂ ਵਾਲੇ ਪਾਸੇ ਰੁੱਝ ਗਿਆ। ਮੈਂ ਲਗਾਤਾਰ ਸਿੱਖਿਆ ਪ੍ਰਬੰਧ, ਸੁਧਾਰਾਂ ਅਤੇ ਰਾਜਸੀ, ਆਰਥਿਕ ਨੀਤੀਆਂ ਬਾਰੇ ਲਿਖਦਾ ਰਿਹਾ ਤੇ ਇਹ ਲਿਖਤਾ ਅਖਬਾਰਾਂ ਤੇ ਕੁਝ ਮੈਗਜ਼ੀਨਾਂ ਵਿਚ ਛਪਦੀਆਂ ਰਹੀਆਂ। ਕਰਮਚਾਰੀ ਲਹਿਰ ਫੇਰ ਮੁਲਾਜ਼ਮ ਸੰਦੇਸ਼, ਸਹੀ ਬੁਨਿਆਦ ਅਤੇ ਅਖਬਾਰ ਇਹ ਲਿਖਤਾਂ ਛਾਪਦੇ ਰਹੇ ਤੇ ਹੁਣ ਵੀ ਛਾਪ ਰਹੇ ਹਨ। ਕਦੇ-ਕਦੇ ਕੋਈ ਕਵਿਤਾ, ਨਜ਼ਮ, ਕਹਾਣੀ ਵੀ ਇਸ ਸਮੇਂ ਦੌਰਾਨ ਛਪਦੀ ਰਹੀ।
ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸੇਵਾ ਮੁਕਤੀ ਬਾਅਦ ਕੁਝ ਫੁਰਸਤ ਦੇ ਪਲ ਨਿਕਲਣ ਲੱਗੇ ਤਾਂ ਮੈਂ ਆਪਣੇ ਅੰਦਰ ਦਬਾ ਕੇ ਰੱਖੇ ਲਿਖਾਰੀ ਨਾਲ ਵੀ ਇਨਸਾਫ ਕਰਨ ਦਾ ਫੈਸਲਾ ਕੀਤਾ। ਸੱਭ ਤੋਂ ਪਹਿਲਾਂ ਆਪਣੀ ਪਹਿਲੀ ਲਿਖਤ ਦਾ ਨਾਵਲ ਦੇ ਰੂਪ ਵਿੱਚ ‘ਇਸ਼ਕ ਬੁਝੇ ਨਾ ਲੋਅ’ ਨੂੰ ਪੂਰਾ ਕਰਕੇ ਸੰਤੁਸ਼ਟਤਾ ਅਤੇ ਪ੍ਰਸੰਨਤਾ ਦਾ ਅਨੁਭਵ ਮਹਿਸੂਸ ਕਰ ਰਿਹਾ ਹਾਂ। ਇਸ ਦੇ ਛਪਣ ਉਪਰੰਤ ਮੈਂ ਜਲਦੀ ਹੀ ਆਪਣੀ ਗਜ਼ਲ-ਕਵਿਤਾਵਾਂ ਦੀ ਪੁਸਤਕ ‘ਇਕ ਰੰਗ ਹੋਰ’ ਗੀਤਾਂ ਦੀ ‘ਮੈਂ ਬੋਲਾਂ ਪੰਜਾਬ’ ਅਤੇ ਇਸ ਉਪਰੰਤ ਟਰੇਡ ਯੂਨੀਅਨ ਲਹਿਰ ਵਿੱਚ ‘ਸੰਘਰਸ਼ਾਂ ਦਾ ਸਫਰਨਾਵਾਂ’ ਨਾਮੀ ਕਿਤਾਬ ਵੀ ਛਪਵਾ ਰਿਹਾ ਹਾਂ।
ਇਸ ਨਾਵਲ ਵਿਚ ਸਾਡੇ ਸੱਭਿਆਚਾਰ ਵਿਚ ਸੱਚੇ ਪਿਆਰ ਦੇ ਪਾਤਰਾਂ, ਮਤੇਰ-ਮਾਂ ਵਾਂਗ ਪੇਸ਼ ਆਉਂਦੀ ਚਾਚੀ ਦੀ ਮਾਂ-ਮਛ੍ਹੋਰ ਧੀ ਨਾਲ ਜ਼ਾਲਮਾਨਾ ਵਰਤਾਓ, ਪਿਓ ਵਰਗੇ ਚਾਚੇ ਦੀ ਦਾਸਤਾਂ, ਭੈਣਾਂ ਵਾਂਗ ਨਿਭਦੀਆਂ ਸਹੇਲੀਆਂ, ਸਕੇ ਭਰਾਵਾਂ ਵਾਂਗ ਵਿਚਰਦਾ ਧਰਮ-ਭਰਾ, ਅੱਗੇ ਵਧੂ ਨੌਜਵਾਨ ਪੀਹੜੀ ਵੱਲੋਂ ਸਮਾਜਕ ਤਬਦੀਲੀ ਲਈ ਇਨਕਲਾਬੀ ਲਹਿਰਾਂ ਨਾਲ ਜੁੜਨ ਦੀ ਕਹਾਣੀ ਦੇ ਨਾਲ-ਨਾਲ ਪਿੱਛੇ-ਖਿੱਚੂ ਅਨਸਰਾਂ, ਜ਼ਾਬਰ ਪੁਲਸ ਅਤੇ ਲੋਕ ਵਿਰੋਧੀ ਸਰਕਾਰਾਂ ਦੇ ਚਿਹਰੇ-ਮੁਹਰੇ ਦਾ ਖੁਲਾਸਾ ਕਰਨ ਦਾ ਤੁੱਛ ਯਤਨ ਕੀਤਾ ਗਿਐ।

WRITTEN BY