Skip to content
Independent perspectives. Global stories.
BREAKING

ਮੋਦੀ ਰਾਜਸਥਾਨ ’ਚ ਅਫੀਮ ਦੀ ਵਿਕਰੀ ਬੰਦ ਕਰਵਾਉਣ : ਸ਼੍ਰੋਮਣੀ ਅਕਾਲੀ ਦਲ

Share this story

ਚੰਡੀਗੜ੍ਹ, 26 ਦਸੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਜੋਰ ਦਿੰਦਿਆਂ ਅਪੀਲ ਕੀਤੀ ਕਿ ਉਹ ਰਾਜਸਥਾਨ ਸਰਕਾਰ ਨੂੰ ਅਫੀਮ ਦੀ ਵਿਕਰੀ ’ਤੇ ਪਾਬੰਧੀ ਲਗਾਉਣ ਦੇ ਨਿਰਦੇਸ਼ ਦੇਣ ਕਿਉਂਕਿ ਰਾਜਸਥਾਨ ਸਰਕਾਰ ਵੱਲੋਂ ਅਫੀਮ ਦੀ ਵਿਕਰੀ ਤੋਂ ਲਾਭ ਕਮਾਉਣ ਦੀ ਨੀਤੀ ਦਾ ਪੰਜਾਬ ਨੂੰ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਅੱਜ ਇਥੇ ਜਾਰੀ ਇੱਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਜਸਥਾਨ ਸਰਕਾਰ ਵੱਲੋਂ 17000 ਤੋਂ ਵੱਧ ਠੇਕਿਆਂ ਨੂੰ ਅਫੀਮ ਵੇਚਣ ਦਾ ਲਾਇਸੰਸ ਜਾਰੀ ਕਰਨਾ ਮੰਦਭਾਗੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਇਸ ਤਰ੍ਹਾਂ ਸ਼ਰੇਆਮ ਮੁਹੱਈਆ ਕੀਤੀ ਗਈ ਅਫੀਮ ਦੀ ਉਥੋਂ ਪੰਜਾਬ ਅੰਦਰ ਤਸਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਪੰਜਾਬ ਅੰਦਰ ਪੈਦਾ ਹੋ ਰਹੇ ਸਮਾਜਕ ਤਣਾਅ ਕਾਰਨ ਇਸ ਨੂੰ ਤਰੁੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਕੋਈ ਵੀ ਕਾਨੂੰਨ ਜੋ ਨਸ਼ੇ ਦੀ ਲਤ ਨੂੰ ਉਤਸ਼ਾਹਿਤ ਕਰਦਾ ਹੋਵੇ ਅਤੇ ਅਫੀਮ ਨੂੰ ਗਵਾਂਡੀ ਰਾਜਾਂ ਅੰਦਰ ਤਸਕਰੀ ਦੀ ਜੜ੍ਹ ਬਣਦਾ ਹੋਵੇ, ਨੂੰ ਤੁਰੰਤ ਵਾਪਿਸ ਲਿਆ ਜਾਣਾ ਚਾਹੀਦਾ ਹੈ।  ਅਕਾਲੀ ਆਗੂਆਂ ਨੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਅਫੀਮ

ਦੀ ਕੀਤੀ ਜਾਂਦੀ ਖੇਤੀ ਵੀ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੋਵਾਂ ਸੂਬਿਆਂ ’ਚ ਪੈਦਾ ਕੀਤੀ ਜਾ ਰਹੀ ਅਫੀਮ ਦੀ ਵੱਡੇ ਪੱਧਰ ’ਤੇ ਪੰਜਾਬ ਨੂੰ ਤਸਕਰੀ ਕੀਤੀ ਜਾਂਦੀ ਹੈ। ਸ. ਗਰੇਵਾਲ ਅਤੇ ਡਾ. ਚੀਮਾ ਨੇ ਪ੍ਰਧਾਨ ਮੰਤਰੀ ਨੂੰ ਜੋਰ ਦਿੰਦਿਆਂ ਪਾਕਿਸਤਾਨ ਨਾਲ ਅੰਤਰਰਾਸ਼ਟਰੀ ਸਰਹੱਦ ਨੂੰ ਵੀ ਪੂਰੀ ਤਰ੍ਹਾਂ ਸੀਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਉਤਪਾਦਨ ਨਹੀਂ ਹੁੰਦਾ, ਪਰ ਸੂਬੇ ਨੂੰ ਕੰਢਿਆਲੀ ਤਾਰ ਤੋਂ ਪਾਰ ਪਾਕਿਸਤਾਨ ਵੱਲੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਦੀ ਵੱਡੀ ਮਾਰ ਝੱਲਣੀ ਪੈ ਰਹੀ ਹੈ। ਆਗੂਆਂ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਕੇਂਦਰੀ ਬਲ ਬੀ.ਐਸ.ਐਫ ਦੇ ਹੱਥ ਹੋਣ ਕਾਰਨ ਕੇਂਦਰ ਨੂੰ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਜ਼ਰੂਰੀ ਕਦਮ ਪੁੱਟਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਤਰੁੰਤ ਵਿਚਾਰ ਕਰਦਿਆਂ ਇਸ ਨੂੰ ਜਲਦ ਹੱਲ ਕਰਨ ਦੀ ਲੋੜ ਹੈ।

WRITTEN BY