ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਮੀਡੀਆ ਦੀ ਸਰਗਰਮ ਭੂਮਿਕਾ ’ਤੇ ਜ਼ੋਰ
ਜਲੰਧਰ/ਮੋਹਾਲੀ, 26 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ, ਖਾਸਕਰ ਪ੍ਰਿੰਟ ਮੀਡੀਆ ਨੂੰ ਆਰਥਿਕ ਪੱਖ ਤੋਂ ਖੇਤੀਬਾੜੀ, ਉਦਯੋਗ, ਡੇਅਰੀ ਵਿਕਾਸ ਅਤੇ ਵਾਤਾਵਰਣ ਨਾਲ ਸਬੰਧਤ ਖੇਤਰਾਂ ਦੀਆਂ ਖਬਰਾਂ ਅਤੇ ਵਿਚਾਰ ਵੱਡੀ ਪੱਧਰ ’ਤੇ ਪ੍ਰਕਾਸ਼ਿਤ ਕਰਨ ਲਈ ਆਖਿਆ ਹੈ। ਚੰਡੀਗੜ੍ਹ ਤੋਂ ਅਤਿ ਆਧੁਨਿਕ ਪ੍ਰਿੰਟਿਗ ਪ੍ਰੈ¤ਸ ਨਾਲ ‘ਅਜੀਤ’ ਅਤੇ ‘ਅਜੀਤ ਸਮਾਚਾਰ’ ਦੇ ਐਡੀਸ਼ਨ ਸ਼ੁਰੂ ਕਰਨ ਲਈ ਅਜੀਤ ਗਰੁਪ ਦੇ ਪੱਤਰਕਾਰਾਂ ਅਤੇ ਐਡੀਟਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਤਰੀ ਪ੍ਰੈ¤ਸ ਖੇਤੀਬਾੜੀ ਅਤੇ ਸਬੰਧਤ ਕਾਰਜਾਂ ਦੇ ਸਬੰਧ ਵਿੱਚ ਆਰਥਿਕ ਸਰਗਰਮੀਆਂ ਨੂੰ ਢੁਕਵੀਂ ਥਾਂ ਨਹੀਂ ਦੇ ਰਹੀ। ਇਸੇ ਤਰ੍ਹਾਂ ਹੀ ਬੇਰੁਜ਼ਗਾਰੀ, ਗਰੀਬੀ ਅਤੇ ਅਨਪੜ੍ਹਤਾ ਵਰਗੇ ਸਮਾਜਿਕ ਮੁੱਦਿਆਂ ਨੂੰ ਵੀ ਢੁਕਵੀਂ ਥਾਂ ਨਹੀਂ ਦਿੱਤੀ ਜਾ ਰਹੀ ਜਦਕਿ ਦੂਜੇ ਪਾਸੇ ਬਹੁਤ ਸਾਰੇ ਅਖਬਾਰ ਖੇਡਾਂ ਦੀ ਕਵਰੇਜ ਲਈ ਤਿੰਨ ਤੋਂ ਚਾਰ ਸਫੇ ਦੇ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਉਹ ਖੇਡਾਂ ਦੇ ਖਿਲਾਫ
ਨਹੀਂ ਹਨ ਪਰ ਅਖਬਾਰਾਂ ਨੂੰ ਲੋਕਪੱਖੀ ਅਤੇ ਵਿਕਾਸਮਈ ਸਰਗਰਮੀਆਂ ਨੂੰ ਢੁਕਵੀਂ ਥਾਂ ਦੇਣ ਲਈ ਖਬਰਾਂ ਦੇ ਸਬੰਧ ਵਿੱਚ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਹਰੇਕ ਸੂਬੇ ਦੇ ਆਰਥਿਕ ਵਿਕਾਸ ਲਈ ਪ੍ਰਭਾਵੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ‘ਅਜੀਤ’ ਅਤੇ ‘ਅਜੀਤ ਸਮਾਚਾਰ’ ਦੇ ਐਡੀਸ਼ਨ ਸ਼ੁਰੂ ਕਰਨ ਲਈ ਵੱਡੀ ਪਹਿਲਕਦਮੀ ਕਰਨ ਵਾਸਤੇ ਅਜੀਤ ਗਰੁੱਪ ਦੇ ਪ੍ਰਬੰਧਕੀ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਵਧਾਈ ਦਿਤੀ ਕਿਉਂਕਿ ਇਸ ਨਾਲ ਚੰਡੀਗੜ੍ਹ, ਹਰਿਆਣਾ, ਹਿਮਚਲ ਪ੍ਰਦੇਸ਼, ਦਿੱਲੀ ਅਤੇ ਮਾਲਵਾ ਖਿੱਤੇ ਦੇ ਲੋਕ ਅਖਬਾਰ ਵਿੱਚ ਤਾਜ਼ਾ ਖਬਰਾਂ ਪ੍ਰਾਪਤ ਕਰ ਸਕਣਗੇ। ਅਜੀਤ ਦੀ ਪੱਤਰਕਾਰੀ ਦੀਆਂ ਨੈਤੀਕ ਕਦਰਾਂ ਕੀਮਤਾਂ ਦੇ ਨਾਲ ਕਦੀ ਵੀ ਸਮਝੌਤਾ ਨਾ ਕਰਨ ਦੀ ਪਹੁੰਚ ਦੀ ਮੁੱਖ ਮੰਤਰੀ ਨੇ ਸਰਹਾਣਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਬਾਨੀ ਸੰਪਾਦਕ ਡਾ: ਸਾਧੂ ਸਿੰਘ ਹਮਦਰਦ ਨੇ ਇਸ ਨੂੰ ਲਾਹੌਰ ਤੋਂ ਉਰਦੂ ਵਿੱਚ ਸ਼ੁਰੂ ਕੀਤਾ ਸੀ ਜੋ ਕਿ ਅੱਜ ਦੇਸ਼ ਦਾ ਪ੍ਰਮੁੱਖ ਭਾਸ਼ਾਈ ਅਖਬਾਰ ਬਣ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਅਜੀਤ ਸਚਾਈ, ਪੱਖਪਾਤ ਰਹਿਤ ਅਤੇ ਤੱਥਾਂ ਆਧਾਰਤ ਰਿਪੋਰਟਿੰਗ ਦਾ ਸਮਾਨਅਰਥ ਬਣ ਗਿਆ ਹੈ ਜੋ ਕਿ ਕਿਸੇ ਵੀ ਅਖਬਾਰ ਦੀ ਭਰੋਸੇਯੋਗਤਾ ਦਾ ਆਧਾਰ ਹੁੰਦੇ ਹਨ। ਸ. ਬਾਦਲ ਨੇ ਪੱਤਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸੰਜੀਦਗੀ, ਸਮਰਪਣ, ਇਮਾਨਦਾਰੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਉਣ ਦੀ ਅਪੀਲ ਕੀਤੀ ਤਾਂ ਜੋ ਸ਼ਾਂਤੀ, ਭਾਈਚਾਰਕ, ਫਿਰਕੂ ਸਦਭਾਵਨਾ ਤੇ ਆਪਸੀ ਸਾਂਝ ਦੇ ਵਿਸ਼ਵਾਸਾਂ ਉਤੇ ਪਹਿਰਾ ਦਿੱਤਾ ਜਾ ਸਕੇ। ਮੁੱਖ ਮੰਤਰੀ ਨੇ ਡਾ: ਬਰਜਿੰਦਰ ਸਿੰਘ ਨੂੰ ਅੰਗਰੇਜ਼ੀ ਵਿੱਚ ਅਖਬਾਰ ਸ਼ੁਰੂ ਕਰਨ ਦੀ ਬੇਨਤੀ ਕੀਤੀ। ਆਪਣੇ ਸੁਆਗਤੀ ਭਾਸ਼ਣ ਵਿੱਚ ਅਜੀਤ ਦੇ ਪ੍ਰਬੰਧਕੀ ਸੰਪਾਦਕ ਡਾ: ਬਰਜਿੰਦਰ ਸਿੰਘ ਨੇ ਅਜੀਤ ਅਤੇ ਅਜੀਤ ਸਮਾਚਾਰ ਦੇ ਚੰਡੀਗੜ੍ਹ ਐਡੀਸ਼ਨ ਸ਼ੁਰੂ ਕਰਨ ਦੇ ਉਦੇਸ਼ਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜੀਤ ਗਰੁੱਪ ਸੂਬੇ ਦੇ ਵੱਖ ਵੱਖ ਭਾਗਾਂ ਤੋਂ ਹੋਰ ਐਡੀਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਨੇ ਸਾਫ ਅਤੇ ਹਰੇ ਭਰੇ ਵਾਤਾਵਰਣ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਤੋਂ ਇਲਾਵਾ ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਗਰੀਬੀ ਵਰਗੀਆਂ ਸਮਾਜਿਕ ਅਲਾਮਤਾਂ ਨੂੰ ਜੜ੍ਹੋਂ ਪੁੱਟਣ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਜੀਤ ਗਰੁੱਪ ਨੇ ਪਹਿਲਾਂ ਹੀ ਅਜੀਤ ਹਰਿਆਵਲ ਮਿਸ਼ਨ ਦੇ ਰਾਹੀਂ ਪੌਦੇ ਲਾਉਣ ਦੀ ਮੱਹਤਤਾ ਬਾਰੇ ਲੋਕਾਂ ਨੂੰ ਸੰਵੇਦਨਸ਼ੀਲ ਬਨਾਉਣ ਲਈ ਸੂਬੇ ਭਰ ਵਿੱਚ ਤਿੱਖੀ ਮੁਹਿੰਮ ਆਰੰਭੀ ਹੋਈ ਹੈ। ਇਸ ਮੌਕੇ ਹੋਰਨਾਂ ਬੁਲਾਰਿਆਂ ਵਿੱਚ ਡਾ: ਸਾਧੂ ਸਿੰਘ ਹਮਦਰਦ ਟਰੱਸਟ ਦੇ ਚੇਅਰਮੈਨ ਸ. ਪ੍ਰੇਮ ਸਿੰਘ, ਟਰੱਸਟ ਦੇ ਮੈਂਬਰ ਸ. ਸੁਰਿੰਦਰ ਸਿੰਘ ਵਿਰਦੀ, ਪੰਜਾਬ ਭਾਜਪਾ ਇਕਾਈ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਅਤੇ ਸ੍ਰੀ ਪਵਨ ਕੁਮਾਰ ਬਾਂਸਲ, ਸਾਬਕਾ ਐਮ.ਪੀ ਸ. ਤਰਲੋਚਨ ਸਿੰਘ, ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਾਜਿੰਦਰ ਕੌਰ ਭੱਠਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਸ਼ਾਮਲ ਸਨ। ਇਸ ਮੌਕੇ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ.ਸ਼ਰਮਾ ਅਤੇ ਸ੍ਰੀ ਸੋਮ ਪ੍ਰਕਾਸ਼ ਅਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਹਾਜ਼ਰ ਸਨ।



