ਸ੍ਰੀਨਗਰ, 25 ਦਸੰਬਰ (ਪੀ. ਟੀ.)- ਜੰਮੂ-ਕਸ਼ਮੀਰ ’ਚ ਚੋਣਾਂ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਣ ਦੇ ਕਾਰਨ ਸਾਰੇ ਦਲ ਸਰਕਾਰ ਬਣਾਉਣ ਲਈ ਇਕ ਦੂਸਰੇ ਵੱਲ ਦੇਖ ਰਹੇ ਹਨ। ਚੋਣਾਂ ‘ਚ ਪੀ.ਡੀ.ਪੀ. 28 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਜਦਕਿ ਸੂਬੇ ‘ਚ ਸਰਕਾਰ ਬਣਾਉਣ ਲਈ 44 ਸੀਟਾਂ ਦੀ ਜਰੂਰਤ ਹੈ। ਅਜਿਹੇ ਵਿਚ ਭਾਜਪਾ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਨੈਸ਼ਨਲ ਕਾਨਫਰੰਸ ਦੇ ਪ੍ਰਮੁੱਖ ਅਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਜਪਾ ਦੇ ਨਾਲ ਜਾਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਕੋਲ ਨਹੀਂ ਜਾ ਰਹੇ ਪਰ ਜੇਕਰ ਉਹ ਉਨ੍ਹਾਂ ਕੋਲ ਆਉਂਦੇ ਹਨ ਤਾਂ ਉਨ੍ਹਾਂ ਨਾਲ ਗੱਲ ਨਾ ਕਰਨਾ ਮੂਰਖਤਾ ਹੋਵੇਗੀ।



