ਬਰਨਾਲਾ, 23 ਦਸੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਜ਼ਿਲ੍ਹੇ ਦੇ ਦੂਰ-ਦਰਾਜ ਖੇਤਰਾਂ ਦੇ ਲੋਕਾਂ ਲਈ ਮੁਫ਼ਤ ਸਿਹਤ ਸੇਵਾਵਾਂ ਪਹੁੰਚ ਤੋਂ ਬਾਹਰ ਨਹੀਂ ਹਨ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸੂਬੇ ਦੇ ਆਮ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਤੇ ਯਤਨਸ਼ੀਲ ਹੈ। ਜ਼ਿਲ੍ਹਾ ਬਰਨਾਲਾ ਦੇ ਗਰੀਬ ਅਤੇ ਬਜ਼ੁਰਗ ਮਰੀਜ਼ਾਂ ਨੂੰ ਸਲੱਮ ਬਸਤੀਆਂ ਅਤੇ ਪਿੰਡ ਪੱਧਰ ’ਤੇ ਪਹੁੰਚ ਕਰਕੇ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦੋ ਮੋਬਾਇਲ ਮੈਡੀਕਲ ਯੂਨਿਟ ਬੱਸਾਂ ਚਲਾਈਆਂ ਗਈਆ ਹਨ। ਇਹਨਾਂ ਬੱਸਾਂ ਰਾਹੀ ਸਲੱਮ ਬਸਤੀਆਂ ਦੇ ਵਿੱਚ ਰਹਿੰਦੇ ਬਜ਼ੁਰਗ ਅਤੇ ਹੋਰ ਵਿਅਕਤੀ ਜਿਹੜੇ ਹਸਪਤਾਲ ਤੱਕ ਦਵਾਈ ਲੈਣ ਲਈ ਪਹੁੰਚ ਨਹੀਂ ਸਕਦੇ, ਅਜਿਹੇ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਵਿੱਚ ਇਹ ਬੱਸਾਂ ਸਹਾਈ ਸਾਬਿਤ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਇੰਨ੍ਹਾਂ ਚੱਲ ਰਹੀਆਂ ਮੈਡੀਕਲ ਬੱਸਾਂ ਰਾਹੀਂ ਲਗਾਤਾਰ ਦੋ-ਦੋ ਅਤੇ ਕਈ ਵਾਰ ਚੱਕਰ ਲਗਾ ਕੇ ਮਰੀਜਾਂ ਨੂੰ ਮੁਫ਼ਤ ਇਲਾਜ਼ ਮੁਹੱਈਆਂ ਕਰਵਾਇਆ ਜਾ ਰਿਹਾ ਹੈ।



