ਬਰਨਾਲਾ, 22 ਦਸੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਪਿੰਡ ਘਨੌਰੀ ਕਲਾਂ ਵਿਖੇ ਲਾਏ ਜਾ ਰਹੇ ਪਲਾਂਟ ਵਿੱਚ ਗਊਆਂ ਤੇ ਹੋਰ ਪਸ਼ੂਆਂ ਨੂੰ ਕੱਟੇ ਜਾਣ ਲਈ ਬੁੱਚੜਖਾਨਾ ਬਣਾਏ ਜਾਣ ਦੇ ਸ਼ੱਕ ’ਚ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਦੇ ਆਗੂ ਵਰਕਰਾਂ ਨੇ ਅੱਜ ਕੰਧਾਂ ਢਾਹ ਦਿੱਤੀਆਂ ਸੀਮਿੰਟ ਸਟੋਰ ਨੂੰ ਅੱਗ ਲਗਾ ਦਿੱਤੀ ਅਤੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਧਰਮਪ੍ਰਸਾਰ ਕਮੇਟੀ ਦੇ ਪੰਜਾਬ ਪ੍ਰਧਾਨ ਗੁਰਮੁਖ ਸਿੰਘ ਨਾਮਧਾਰੀ, ਵਿਸ਼ਵ ਹਿੰਦੂ ਪ੍ਰੀਸ਼ਦ ਧਰਮ ਪਰਸ਼ਾਰ ਪੰਜਾਬ ਦੇ ਸਹ ਪ੍ਰਮੁੱਖ ਵਿਜੇ ਮਾਰਵਾੜੀ ਅਤੇ ਜ਼ਿਲ੍ਹਾ ਪ੍ਰਧਾਨ ਵਿਮਲ ਕੁਮਾਰ ਨੇ ਕਿਹਾ ਕਿ ਇੱਥੇ ਕਿਸੇ ਕੀਮਤ ’ਤੇ ਬੁੱਚੜਖਾਨਾ ਨਹੀਂ ਲੱਗਣ ਦਿੱਤਾ ਜਾਵੇਗਾ। ਉਨ੍ਹਾਂ ਪਸ੍ਰਾਸ਼ਨ ’ਤੇ ਦੋਸ਼ ਲਾਇਆ ਕਿ ਪਿਛਲੇ ਕਈ ਦਿਨਾਂ ਤੋਂ ਉਹ ਪ੍ਰਸਾਸ਼ਿਨਕ ਅਧਿਕਾਰੀਆਂ ਨੂੰ ਬੇਨਤੀਆਂ ਕਰਦੇ ਆ ਰਹੇ ਹਨ ਕਿ ਉਹ ਇਸ ਲੱਗ ਰਹੇ ਯੁਨਿਟ ਬਾਰੇ ਜਾਣਕਾਰੀ ਦੇਣ ਪਰ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਉਕਾ ਨਹੀਂ ਗੌਲਿਆ ਜਿਸ ਕਰਕੇ ਇਸ ਕਾਰਵਾਈ ਨੂੰ ਅੰਜ਼ਾਮ ਦੇਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਕੰਮ ਬੰਦ ਨਾ ਕਰਵਾਇਆ ਤਾਂ ਇਸ ਦਾ ਹਸ਼ਰ ਉਹੀ ਹੋਵੇਗਾ ਜੋ ਮਾਨਸਾ ਦੇ ਪਿੰਡ ਜੋਗਾ ਵਿਖੇ ਬੁੱਚੜਖਾਨੇ ਨੂੰ ਬੰਦ ਕਰਵਾਉਣ ਵਾਸਤੇ ਹੋਇਆ ਸੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਅਤੇ ਪ੍ਰਸਾਸ਼ਨ ਨੇ ਲੱਗ ਰਹੇ ਬੁੱਚੜਖਾਨੇ ਨੂੰ ਨਾ
ਰੋਕਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਐਸਐਚਓ ਸਦਰ ਪ੍ਰਮਿੰਦਰ ਬਾਠ, ਐਸਐਚਓ ਸ਼ੇਰਪੁਰ ਇੰਦਰਪ੍ਰੀਤ ਸਿੰਘ ਬਡੂੰਗਰ ਪਹੁੰਚੇ ਤੇ ਮਾਮਲੇ ਨੂੰ ਸਾਂਤ ਕੀਤਾ ਅਤੇ ਇਸ ਪ੍ਰੋਜੈਕਟ ਦੇ ਪ੍ਰਬੰਧ ਨਾਲ 20 ਦਸੰਬਰ ਨੂੰ ਮੀਟਿੰਗ ਤਹਿ ਕਰਵਾਕੇ ਇਸਦਾ ਇਹ ਮਾਮਲਾ ਇੱਕ ਵਾਰ ਸਮੇਟ ਦਿੱਤਾ। ਇਸਤੋਂ ਪਹਿਲਾਂ ਕਾਰਕੁੰਨਾਂ ਨੇ ਪਿੰਡ ਵਿੱਚ ਚੇਤਨਾ ਮਾਰਚ ਕਰਕੇ ਲੋਕਾਂ ਨੂੰ ਪਿੰਡ ’ਚ ਲੱਗ ਰਹੇ ਬੁੱਚੜਖਾਨੇ ਸਬੰਧੀ ਜਾਣਕਾਰੀ ਦਿੱਤੀ ਸੀ। ਸਿਵਲ ਪ੍ਰਸ਼ਾਸ਼ਨ ਵੱਲੋਂ ਮੌਕੇ ’ਤੇ ਕੋਈ ਨਹੀਂ ਪਹੁੰਚਿਆਂ। ਇਸ ਮੌਕੇ ਪੁਖਰਾਜ ਰਾਜ ਪ੍ਰੋਹਿਤ, ਵਿਜੈ ਢੋਲੇਵਾਲ, ਯੁਵਾ ਸਕਤੀ ਮੰਚ ਦੇ ਗੁਲਸ਼ਨ ਗਰਗ ਬਰਨਾਲਾ, ਨੀਲਮਣੀ ਸਮਾਧੀਆ ਪ੍ਰਧਾਨ ਬਜਰੰਗ ਦਲ ਬਰਨਾਲਾ, ਬਜਰੰਗ ਦਲ ਦੇ ਟਿੰਕੂ ਜਿੰਦਲ, ਰਜਿੰਦਰ ਕੁਮਾਰ ਮੰਨੂੰ ਮਲੇਰਕੋਟਲਾ ਆਦਿ ਵੀ ਹਾਜ਼ਰ ਸਨ। ਪ੍ਰੋਜੈਕਟ ਦੇ ਪ੍ਰਬੰਧਕ ਵਿਮਲ ਕੁਮਾਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਹਰੇਕ ਨਗਰ ਨਿਗਮ ਵਿੱਚ ਲੱਗੇ ਹੋਏ ਹਨ। ਇਹ ਪ੍ਰੋਜੈਕਟ ਪੰਜਾਬ ਸਰਕਾਰ ਤੋਂ ਮਨਜੂਰ ਹੋ ਕੇ ਲੱਗ ਰਿਹਾ ਹੈ।



