ਖੰਨਾ, 19 ਦਸੰਬਰ (ਸੁਖਵਿੰਦਰ ਸਿੰਘ ਸਲੌਦੀ)- ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਸਕੂਲਾਂ ਵਿੱਚ ਦਾਖਲਾ ਲੈਣ ਸਮੇਂ ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਆਦਿ ਵੇਚ ਕੇ ਆਮ ਦੁਕਾਨਦਾਰਾਂ ਦੇ ਕੀਤੇ ਜਾ ਰਹੇ ਨੁਕਸਾਨ ਖਿਲਾਫ ਅਤੇ ਮਾਪਿਆਂ ਦੀ ਹੁੰਦੀ ਲੁੱਟ ਖਸੁੱਟ ਨੂੰ ਰੋਕਣ ਲਈ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੇ ਦੁਕਾਨਦਾਰਾਂ ਵੱਲੋਂ ਇੱਕ ਪਲੇਟਫਾਰਮ ’ਤੇ ਇਕੱਠੇ ਹੋਣ ਤੋਂ ਬਾਅਦ ਇਸ ਸੰਘਰਸ਼ ’ਚ ਵੱਖ ਵੱਖ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਾਪੇ ਵੀ ਨਾਲ ਆ ਗਏ ਹਨ। ਇਸ ਸਬੰਧ ’ਚ ਬੀਤੀ ਰਾਤ ਸਥਾਨਕ ਗੋਲਡਨ ਗਰੇਨ ਕਲੱਬ ’ਚ ਖੰਨਾ, ਮੰਡੀ ਗੋਬਿੰਦਗੜ੍ਹ ਦੇ ਬੁੱਕ ਸੈਲਰਾਂ ਅਤੇ ਵੱਖ ਵੱਖ ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਵੱਖ ਵੱਖ ਪ੍ਰਾਈਵੇਟ ਸਕੂਲਾਂ ਵਾਲਿਆਂ ਵੱਲੋਂ ਸਕੂਲਾਂ ’ਚ ਵੇਚੀਆਂ ਜਾਂਦੀਆਂ ਕਾਪੀਆਂ, ਕਿਤਾਬਾਂ, ਸਟੇਸ਼ਨਰੀ ਅਤੇ ਹੋਰ ਸਮਾਨ ਰਾਹੀਂ ਮਾਪਿਆਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਨੂੰ ਰੋਕਣ ਲਈ ਅਤੇ ਸਕੂਲਾਂ ਦੀ ਬਜਾਏ ਕਿਤਾਬਾਂ ਕਾਪੀਆਂ ਬਜਾਰਾਂ ਵਿੱਚੋਂ ਬੁੱਕ ਸੈਲਰਾਂ ਰਾਹੀਂ ਉਪਲੱਬਧ ਕਰਾਉਣ ਲਈ ਯਤਨ ਅਰੰਭੇ ਜਾਣਗੇ। ਮੀਟਿੰਗ ’ਚ ਇਹ ਆਮ ਰਾਏ ਸੀ ਕਿ ਇਸ ਫੈਸਲੇ ਨੂੰ ਯਕੀਨੀ ਬਣਾਉਣ ਲਈ ਅਤੇ ਸਕੂਲਾਂ ’ਚ ਕਾਇਮ ਇਸ ਰੁਝਾਨ ਤੋਂ ਮੁੱਖ ਮੰਤਰੀ ਪੰਜਾਬ, ਸਿੱਖਿਆ
ਮੰਤਰੀ ਪੰਜਾਬ, ਹਿਊਮਨ ਰਾਈਟਸ ਕਮਿਸ਼ਨ, ਚੰਡੀਗੜ੍ਹ, ਚੇਅਰਮੈਨ ਸੀ ਬੀ ਐਸ ਈ, ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਮੈਮੋਰੰਡਮ ਭੇਜ ਕੇ ਜਾਣੂੰ ਕਰਾਇਆ ਜਾਵੇਗਾ। ਇਸੇ ਦੌਰਾਨ ਅੱਜ ਸਾਂਝੀ ਬੁੱਕ ਸੈਲਰ ਐਸੋਸੀਏਸਨ ਵੱਲੋਂ ਵੱਖ ਵੱਖ ਪ੍ਰਾਈਵੇਟ ਸਕੂਲਾਂ ਦਾ ਦੌਰਾ ਕਰਕੇ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਪ੍ਰਬੰਧਕਾਂ ਨੂੰ ਉਕਤ ਮੁਸ਼ਕਲਾਂ ਤੋਂ ਜਾਣੂੰ ਕਰਾਉਂਦੇ ਹੋਏ ਉਕਤ ਮੁਸ਼ਕਲਾਂ ਦੇ ਹੱਲ ਲਈ ਚਾਨਣਾ ਪਾਇਆ ਗਿਆ। ਮੀਟਿੰਗ ’ਚ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਇੱਕ ਵਹਿਸ਼ੀਆਨਾ ਕਾਰੇ ਰਾਹੀਂ ਮਾਰੇ ਗਏ 132 ਮਾਸੂਮ ਬੱਚਿਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ’ਚ 21 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ’ਚ ਮਾਪਿਆਂ ਦੀ ਐਸੋਸੀਏਸ਼ਨ ਵੱਲੋਂ ਅਖਿਲੇਸ਼ ਢੰਡ, ਸੰਜੇ ਕੁਮਾਰ, ਸੰਜੀਵ ਕੁਮਾਰ, ਸੰਦੀਪ ਧਾਮੀ, ਦਲਜੀਤ ਸਿੰਘ, ਰਵਿੰਦਰ ਕੁਮਾਰ ਰਵੀ, ਬਲਵਿੰਦਰ ਸਿੰਘ ਸੇਖੋਂ, ਸੋਹਣ ਢੰਡ, ਕਮਲ ਸ਼ਰਮਾ ਅਤੇ ਗੁਰਇਕਬਾਲ ਸਿੰਘ ਬੈਨੀਪਾਲ ਸ਼ਾਮਲ ਹਨ, ਜਦੋਂ ਕਿ ਬੁੱਕ ਸੈਲਰਾਂ ਵੱਲੋਂ ਰਜਿੰਦਰ ਸਰਮਾ, ਪ੍ਰਦੀਪ ਕੁਮਾਰ, ਰਵੀ ਕੁਮਾਰ, ਰਾਮ ਕਿਸ਼ੋਰ ਕਪੂਰ, ਗੋਪਾਲ ਕ੍ਰਿਸ਼ਨ, ਵਿਨੋਦ ਕੁਮਾਰ, ਰਾਜ ਦੀ ਹੱਟੀ, ਅਸ਼ੋਕ ਕੁਮਾਰ, ਜਨਕ ਰਾਜ, ਵਿਜੇ ਕੁਮਾਰ ਅਤੇ ਰਾਧੇ ਸ਼ਾਮ ਸ਼ਾਮਲ ਸਨ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਜਲਦ ਹੀ ਸਾਂਝੀ ਹੰਗਾਮੀ ਮੀਟਿੰਗ ਬੁਲਾ ਕੇ ਸਕੂਲਾਂ ’ਚ ਹੁੰਦੀ ਲੁੱਟ ਖਸੁੱਟ ਖਿਲਾਫ ਸੰਘਰਸ਼ ਤੇਜ ਕੀਤਾ ਜਾਵੇਗਾ।



