ਨਵੀ ਦਿੱਲੀ, 16 ਦਸੰਬਰ (ਪੀ. ਟੀ.)- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਨਸ਼ੀਲੇ ਪਦਾਰਥਾਂ ‘ਤੇ ਰੋਕ ਲਗਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਮੋਦੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਉਹਨਾਂ ਸ਼ਕਤੀਆ ਨੂੰ ਨੰਗਾ ਕਰਕੇ ਕਨੂੰਨ ਦੇ ਕਟਿਹਰੇ ਵਿੱਚ ਖੜਾ ਕਰਨ ਜਿਹੜੀਆ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਜਿੰਮੇਵਾਰ ਹਨ। ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਪੰਜਾਬ ਇਸ ਵੇਲੇ ਮੰਡੀ ਬਣ ਚੁੱਕਾ ਹੈ ਤੇ ਪੰਜਾਬ ਵਿੱਚ 80 ਫੀਸਦੀ ਤੋ ਵੀ ਵਧੇਰੇ ਨੌਜਵਾਨ ਨਸ਼ਿਆ ਦੀ ਲਪੇਟ ਵਿੱਚ ਆ ਚੁੱਕੇ ਹਨ। ਉਹਨਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ਪੁਲੀਸ ਦੇ ਡੀ.ਐਸ.ਪੀ ਜਗਦੀਸ਼ ਸਿੰਘ ਭੋਲਾ ਦੇ ਫੜੇ ਜਾਣ ਨਾਲ ਪੰਜਾਬ ਵਿੱਚ ਸਿੰਥੈਟਿਕ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਕਰਕੇ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਨੂੰ ਭੇਜੀ ਜਾਂਦੀ ਸੀ। ਉਹਨਾਂ ਕਿਹਾ
ਕਿ ਇਸ ਰੈਕਟ ਵਿੱਚ ਜਾਂਚ ਕਰ ਰਹੀ ਪੰਜਾਬ ਪੁਲੀਸ ਨੇ ਤਾਂ ਭਾਂਵੇ ਸਿਰਫ ਉਹਨਾਂ ਵਿਅਕਤੀਆ ਨੂੰ ਗ੍ਰਿਫਤਾਰ ਨਹੀ ਕੀਤਾ ਜਿਹਨਾਂ ਦੀ ਸੱਤਾ ਤੱਕ ਪਹੁੰਚ ਨਹੀ ਸੀ ਪਰ ਕੇਂਦਰ ਦੀ ਜਾਂਚ ਏਜੰਸੀ ਈ.ਡੀ. (ਇੰਫੋਰਸਮੈਂਟ ਡਾਇਰੈਕਟੋਰੇਟ) ਵੱਲੋ ਕੀਤੀ ਗਈ ਪੁੱਛ ਪੜਤਾਲ ਵਿੱਚ ਪੰਜਾਬ ਸਰਕਾਰ ਦੇ ਇੱਕ ਮੰਤਰੀ ਦੇ ਬੇਟੇ ਦੀ ਸ਼ਮੂਲੀਅਤ ਸਾਹਮਣੇ ਆਉਣ ਉਪਰੰਤ ਮੁੱਖ ਮੰਤਰੀ ਨੇ ਉਸ ਮੰਤਰੀ ਸਰਵਣ ਸਿੰਘ ਫਿਲੌਰ ਤੇ ਤਾਂ ਅਸਤੀਫਾ ਲੈ ਲਿਆ ਪਰ ਜਿਸ ਬਾਦਲ ਦੇ ਰਿਸ਼ਤੇਦਾਰ ਦਾ ਨਾਮ ਜਗਦੀਸ਼ ਸਿੰਘ ਭੋਲਾ ਨੇ ਪਹਿਲੇ ਦਿਨ ਹੀ ਲੈ ਲਿਆ ਸੀ ਉਸ ਵਿਰੁੱਧ ਅੱਜ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ। ਉਹਨਾਂ ਕਿਹਾ ਕਿ ਉਲਟਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਗੈਰ ਜਿੰਮੇਵਾਰਨਾਂ ਤਰੀਕਾ ਅਪਨਾ ਕੇ ਉਸ ਨੂੰ ਨਿਰਦੋਸ਼ ਦੱਸ ਰਹੇ ਹਨ ਜਦ ਕਿ ਈ.ਡੀ. ਨੇ ਆਪਣੇ ਡੀ.ਜੀ ਕੋਲੋ ਪੁੱਛ ਪੜਤਾਲ ਕਰਨ ਲਈ ਮਨਜੂਰੀ ਲੈ ਲਈ ਹੈ ਤੇ ਪਤਾ ਨਹੀ ਕਿਹੜੇ ਵੇਲੇ ਉਸ ਮੰਤਰੀ ਦੀ ਸੰਗੀ ਈ.ਡੀ. ਦੇ ਹੱਥਾਂ ਵਿੱਚ ਹੋਵੇਗੀ।



