Skip to content
Independent perspectives. Global stories.
BREAKING

ਆਧੁਨਿਕ ਸਹੂਲਤਾਂ ਵਾਲੇ ਦੋ ਕੈਂਸਰ ਹਸਪਤਾਲ ਜਨਵਰੀ ਦੇ ਅਖੀਰਲੇ ਹਫ਼ਤੇ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ : ਬਾਦਲ

Share this story

Page-1_18  ਚੰਡੀਗੜ੍ਹ 15 ਦਸੰਬਰ (ਪੀ. ਟੀ.)- ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਜਾਂਚ ਅਤੇ ਵਧੀਆ ਇਲਾਜ ਸਹੂਲਤਾਂ ਮੁੱਹਈਆ ਕਰਵਾਉਣ ਦੇ ਉਦੇਸ਼ ਨਾਲ ਸੰਗਰੂਰ ਵਿਖੇ ਸਥਿਤ ਅਤਿ ਆਧੁਨਿਕ ਹੋਮੀ ਭਾਭਾ ਕੈਂਸਰ ਸੁਪਰ ਸਪੈਸ਼ਲਟੀ ਹਸਪਤਾਲ ਅਤੇ ਬਠਿੰਡਾ ਵਿਖੇ ਕੈਂਸਰ ਦਾ ਆਧੁਨਿਕ ਇਲਾਜ ਤੇ ਖੋਜ ਕੇਂਦਰ ਜਨਵਰੀ, 2015 ਦੇ ਅਖੀਰਲੇ ਹਫ਼ਤੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਹ ਫੈਸਲਾ ਅੱਜ ਸਵੇਰੇ ਮੁੱਖ ਮੰਤਰੀ ਦਫਤਰ ਵਿਖੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਟਾਟਾ ਮੈਮੋਰੀਅਲ ਸੈਂਟਰ ਦੇ ਡਾਇਰੈਕਟਰ ਡਾ. ਆਰ.ਏ.ਬਦਵੇ ਦੀ ਅਗਵਾਈ ਵਿੱਚ ਮਾਹਿਰਾਂ ਦੀ ਇਕ ਟੀਮ ਅਤੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਉਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਡਾ: ਬਦਵੇ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੰਗਰੂਰ ਦੇ 50 ਬਿਸਤਰਿਆਂ ਅਤੇ ਬਠਿੰਡਾ ਦੇ 100 ਬਿਸਤਰਿਆਂ ਵਾਲੇ ਹਸਪਤਾਲਾਂ ਵਾਸਤੇ ਅਤਿ ਆਧੁਨਿਕ ਲੋੜੀਂਦੀ ਤਕਨਾਲੋਜੀ ਸਥਾਪਤ ਕਰ ਦਿੱਤੀ ਹੈ ਅਤੇ ਸਟਾਫ ਵੀ ਤਾਇਨਾਤ

ਕਰ ਦਿੱਤਾ ਗਿਆ ਹੈ।  ਇਨ੍ਹਾਂ ਦੋਵਾਂ ਹਸਪਤਾਲਾਂ ਨੂੰ ਟਰਾਇਲ ਦੇ ਆਧਾਰ ਉਤੇ ਜਨਵਰੀ ਦੇ ਤੀਜੇ ਜਾਂ ਆਖਰੀ ਹਫਤੇ ਦੌਰਾਨ ਕਾਰਜਸ਼ੀਲ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਨਿਯਮਤ ਤੌਰ ’ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਡਾ. ਬਦਵੇ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਇੰਸਟੀਚਿਊਟ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਦੀ ਉਸਾਰੀ ਦਾ ਕੰਮ ਅਪਰੈਲ, 2015 ਤੱਕ ਸ਼ੁਰੂ ਹੋ ਜਾਵੇਗਾ ਅਤੇ ਇਹ ਅਗਲੇ ਦੋ ਸਾਲਾਂ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਸਤੇ ਪ੍ਰਾਜੈਕਟ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ ਅਤੇ ਬੁਨਿਆਦੀ ਢਾਂਚਾ ਤੇ ਡਾਕਟਰੀ ਸਾਜ਼ੋ-ਸਾਮਾਨ ਦੀ ਸਥਾਪਤੀ ਲਈ ਜ਼ਰੂਰੀ ਪ੍ਰਵਾਨਗੀ ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਕੋਲੋਂ ਪਹਿਲਾਂ ਹੀ ਪ੍ਰਾਪਤ ਕਰ ਲਈ ਹੈ। ਕੈਂਸਰ ਨਾਲ ਪ੍ਰਭਾਵਤ ਮਰੀਜ਼ਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਲੀਹੋਂ ਹਟਵੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਤਸਲੀ ਦਾ ਪ੍ਰਗਟਾਵਾ ਕਰਦੇ ਹੋਏ ਡਾ. ਬਦਵੇ ਨੇ ਮੁੱਖ ਮੰਤਰੀ ਦੀ ਦੂਰਦ੍ਰਿਸ਼ਟੀ ਅਤੇ ਕੈਂਸਰ ਦੇ ਮਰੀਜ਼ਾਂ ਪ੍ਰਤੀ ਡੂੰਘੀ ਚਿੰਤਾ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਕੈਂਸਰ ਦੀ ਲਪੇਟ ਵਿੱਚ ਆ ਰਹੇ ਗਰੀਬ ਲੋਕਾਂ ਪ੍ਰਤੀ ਵਿਖਾਈ ਪਹੁੰਚ ਦੀ ਖਾਸ ਤੌਰ ’ਤੇ ਪ੍ਰਸੰਸਾ ਕੀਤੀ।  ਡਾ: ਬਦਵੇ ਨੇ ਕਿਹਾ ਕਿ ਕੈਂਸਰ ਨਾਲ ਲੜਨ ਲਈ ਹੋਰਨਾਂ ਸੂਬਿਆਂ ਨੂੰ ਵੀ ਪੰਜਾਬ ਵਰਗਾ ਮਾਡਲ ਅਪਨਾਉਣਾ ਚਾਹੀਦਾ ਜਿਸ ਨੇ ਕਿ ਇਸ ਭਿਆਨਕ ਬਿਮਾਰੀ ਨਾਲ ਨਿਪਟਣ ਲਈ ਪਹਿਲਾਂ ਹੀ ਦੇਸ਼ ਵਿੱਚ ਮੋਹਰੀ ਪੁਲਾਂਘ ਪੁੱਟ ਲਈ ਹੈ। ਉਨ੍ਹਾਂ ਨੇ ਸੂਬੇ ਦੇ ਸਿਹਤ ਵਿਭਾਗ, ਪੀ.ਜੀ.ਆਈ., ਚੰਡੀਗੜ੍ਹ ਅਤੇ ਟਾਟਾ ਮੈਮੋਰੀਅਲ ਸੈਂਟਰ ਵੱਲੋਂ ਸੂਬਾ ਭਰ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਸ਼ਨਾਖਤ ਲਈ ਕੀਤੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਪ੍ਰਾਪਤ ਹੋਏ ਉਤਸ਼ਾਹਜਨਕ ਨਤੀਜਿਆਂ ਨੂੰ ਪੇਸ਼ ਕੀਤਾ ਤਾਂ ਜੋ ਇਨ੍ਹਾਂ ਮਰੀਜ਼ਾਂ ਦਾ ਪ੍ਰਭਾਵੀ ਤੌਰ ’ਤੇ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਡਾ: ਬਦਵੇ ਦੀ ਅਗਵਾਈ ਹੇਠ ਟੀ.ਐਮ.ਸੀ. ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਮਾਣ ਨਾਲ ਦੱਸਿਆ ਕਿ ਪੰਜਾਬ ਕਿਸ ਤਰ੍ਹਾਂ ਕੈਂਸਰ ਦੇ ਮਰੀਜ਼ਾਂ ਨੂੰ ਦੇਸ਼ ਭਰ ਵਿੱਚੋਂ ਸਭ ਤੋਂ ਵਧੀਆ ਇਲਾਜ ਮੁਹੱਈਆ ਕਰਵਾ ਰਿਹਾ ਹੈ ਜੋ ਕਿ ਅੰਤਰ ਰਾਸ਼ਟਰੀ ਮਾਪਦੰਡਾਂ ਦੇ ਬਰਾਬਰ ਹੈ। ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਸਿਹਤ ਨੂੰ ਸਰਕਾਰ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਆਧੁਨਿਕ ਕੈਂਸਰ ਸਹੂਲਤਾਂ ਦੀ ਸਥਾਪਤੀ ਵਾਸਤੇ ਤੇਜ਼ੀ ਲਿਆਉਣ ਲਈ ਆਖਿਆ। ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਨੂੰ ਹੋਮੀ ਭਾਭਾ ਹਸਪਤਾਲ ਅਤੇ ਰਿਸਰਚ ਇੰਸਟਿਚਿਊਟ (ਨਵੇਂ ਚੰਡੀਗੜ੍ਹ) ਤੱਕ ਸੜਕਾਂ ਨੂੰ ਚੌੜਾ ਕਰਕੇ ਬਿਨਾਂ ਕਿਸੇ ਅੜਿਕੇ ਤੋਂ ਆਉਣਾ-ਜਾਣਾ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਨੇ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਗਰੂਰ ਵਿਖੇ ਤਾਇਨਾਤ ਕੀਤੇ ਗਏ ਨਵ-ਨਿਯੁਕਤ ਡਾਕਟਰਾਂ ਅਤੇ ਹੋਰ ਸਟਾਫ ਮੈਂਸਰਾਂ ਨੂੰ ਰਿਹਾਇਸ਼ ਮੁੱਹਈਆ ਕਰਵਾਉਣ ਵਾਸਤੇ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਰਾਬਤਾ ਕਰਨ। ਇਸੇ ਤਰ੍ਹਾਂ ਸ. ਬਾਦਲ ਨੇ ਸੰਗਰੂਰ ਕੈਂਸਰ ਸੁਪਰ ਸਪੈਸ਼ਲਟੀ ਹਸਪਤਾਲ ਨੂੰ ਇਕ ਹਫਤੇ ਦੇ ਅੰਦਰ-ਅੰਦਰ 24 ਘੰਟੇ ਵੱਖਰੀ ਹਾਟਲਾਈਨ ਮੁੱਹਈਆ ਕਰਵਾਉਣ ਵਾਸਤੇ ਪ੍ਰਮੁੱਖ ਸਕੱਤਰ ਬਿਜਲੀ ਨੂੰ ਨਿਰਦੇਸ਼ ਦਿੱਤੇ। ਸ. ਬਾਦਲ ਨੇ ਕੈਂਸਰ ਬਾਰੇ ਸੰਗਰੂਰ ਅਤੇ ਮਾਨਸਾ ਜ਼ਿਲਿਆਂ ਦੇ ਆਮ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸੰਗਰੂਰ ਕੈਂਸਰ ਇੰਸਟੀਚਿਊਟ ਨੂੰ ਦੋ ਗੱਡੀਆਂ ਮੁੱਹਈਆ ਕਰਵਾੳਣ ਬਾਰੇ ਵੀ ਪ੍ਰਵਾਨਗੀ ਦੇ ਦਿੱਤੀ। ਮੁੱਲਾਂਪੁਰ ਪ੍ਰਾਜੈਕਟ ਨੂੰ ਚਲਾਉਣ ਲਈ ਟੀ.ਐਮ.ਸੀ. ਦੀ ਟੀਮ ਨੂੰ ਪੰਜਾਬ ਮੰਡੀ ਬੋਰਡ ਕੰਪਲੈਕਸ ਮੁਹਾਲੀ ਵਿਖੇ ਦਫਤਰ ਵਾਸਤੇ ਜਗ੍ਹਾ ਮੁੱਹਈਆ ਕਰਵਾਉਣ ਦੀ ਡਾ: ਬਦਵੇ ਦੀ ਬੇਨਤੀ ’ਤੇ ਵੀ ਮੁੱਖ ਮੰਤਰੀ ਨੇ ਸਹਿਮਤੀ ਦੇ ਦਿੱਤੀ ਹੈ।
       ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਪ੍ਰਮੁੱਖ ਸਕੱਤਰ ਸਿਹਤ ਸ੍ਰੀਮਤੀ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ੍ਰੀ ਵਿਸ਼ਵਜੀਤ ਖੰਨਾ, ਪ੍ਰਮੁੱਖ ਸਕੱਤਰ ਬਿਜਲੀ ਸ੍ਰੀ ਅਨਿਰੁਧ ਤਿਵਾੜੀ, ਐਮ.ਡੀ. ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਸ੍ਰੀ ਹੁਸਨ ਲਾਲ, ਵਿਸ਼ੇਸ਼ ਸਕੱਤਰ ਸਿਹਤ ਸ੍ਰੀ ਵਿਕਾਸ ਗਰਗ ਅਤੇ ਡੀ.ਆਰ.ਐਮ.ਈ. ਡਾ: ਗੁਰਦੀਪ ਸਿੰਘ ਕਲਿਆਣ, ਡਿਪਟੀ ਡਾਇਰੈਕਟਰ ਸਿਹਤ ਡਾ: ਜੈ ਸਿੰਘ, ਪ੍ਰਾਜੈਕਟ ਸਲਾਹਕਾਰ ਟੀ.ਐਮ.ਸੀ ਸ੍ਰੀ ਅਨਬੁਮਾਨੀ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ.ਚੀਮਾ, ਸ੍ਰੀ ਐਸ ਕਰੁਣਾ ਰਾਜੂ ਅਤੇ ਸ੍ਰੀ ਗਗਨਦੀਪ ਸਿੰਘ ਬਰਾੜ ਸ਼ਾਮਲ ਸਨ।

WRITTEN BY