Skip to content
Independent perspectives. Global stories.
BREAKING

ਪ੍ਰਸ਼ਾਸਨ ਦਾ ਜਨਤਾ ਨਾਲ ਮਜ਼ਬੂਤ ਰਾਬਤਾ ਬਣੇ’

Share this story

Page-1_20 ਪੰਜਾਬ ਵਿੱਚ ਕੋਈ ਸਮਾਂ ਸੀ ਜਦੋਂ ਜਿਲ੍ਹਿਆਂ ਦੇ ਪ੍ਰਮੁੱਖ ਅਧਿਕਾਰੀ ਹਫਤੇ-ਦੋ-ਹਫਤੇ ’ਚ ਦੂਰ-ਦੁਰਾਡੇ ਦੇ ਖੇਤਰਾਂ ਦਾ ਦੌਰਾ ਕਰਦੇ ਸਨ। ਇਨ੍ਹਾਂ ਦੌਰਿਆਂ ਦਾ ਦੋਹਰਾ ਲਾਭ ਸੀ। ਅਜਿਹੇ ਦੌਰਿਆਂ ਨਾਲ ਅਧਿਕਾਰੀ ਅਸਲ  ਸਥਿਤੀਆਂ ਤੋਂ ਆਸਾਨੀ ਨਾਲ ਜਾਣੂ ਹੋ ਜਾਂਦੇ ਸਨ। ਉਨ੍ਹਾਂ ਨੂੰ ਜ਼ਮੀਨੀ ਹਾਲਾਤਾਂ ਬਾਰੇ ਪਤਾ ਲਗਦਾ ਰਹਿੰਦਾ ਸੀ। ਇਸ ਦਾ ਅਸਰ ਪ੍ਰਸ਼ਾਸਨਿਕ ਫੈਸਲਿਆਂ ਉਪਰ ਵੀ ਪੈਂਦਾ ਸੀ। ਦੂਸਰੇ ਪਾਸੇ ਆਮ ਲੋਕਾਂ ਨੂੰ ਵੀ ਅਜਿਹੇ ਦੌਰਿਆਂ ਤੋਂ ਰਾਹਤ ਮਿਲਦੀ ਸੀ। ਉਹ ਬਿਨਾਂ ਝਿਜਕ ਆਪਣੀਆਂ ਮੁਸ਼ਕਿਲਾਂ ਅਧਿਕਾਰੀਆਂ ਨਾਲ ਸਾਂਝੀਆਂ ਕਰ ਸਕਦੇ ਸਨ। ਪਿਛਲੇ ਕੁਝ ਸਾਲਾਂ ਤੋਂ ਇਹ ਪ੍ਰੰਪਰਾ ਕਾਇਮ ਨਹੀਂ ਰਹਿ ਸਕੀ। ਨਵੇਂ ਹਾਲਾਤਾਂ ਕਾਰਨ ਅਧਿਕਾਰੀ ਆਪਣੇ ਅਧਿਕਾਰ ਹੇਠਲੇ ਇਲਾਕੇ ਵਿੱਚ ਘੱਟ ਹੀ ਜਾਂਦੇ ਹਨ। ਅਧਿਕਾਰੀਆਂ ਕੋਲ ਕੰਮ ਦੀ ਬਹੁਤਾਤ ਹੈ। ਲਗਾਤਾਰ ਰੁਝੇਵਿਆਂ ਕਾਰਨ ਉਹ ਸ਼ਾਇਦ ਅਜਿਹੇ ਦੌਰਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ। ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਨੂੰ ਦਫਤਰ ਵਿੱਚ ਦਿੱਤੀ ਗਈ ਜਾਣਕਾਰੀ ਉਪਰ ਹੀ ਨਿਰਭਰ ਕਰਨਾ ਪੈਂਦਾ ਹੈ। ਹਾਲਾਤ ਇਸ ਤਰ੍ਹਾਂ ਦੇ ਹਨ ਕਿ ਪ੍ਰਸ਼ਾਸਨ ਅਤੇ ਆਮ

ਲੋਕਾਂ ਵਿੱਚ ਸਿੱਧਾ ਰਾਬਤਾ ਨਹੀਂ ਹੋ ਰਿਹਾ। ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਤਾਂ ਸਾਲਾਂ ਬੱਧੀ ਕੋਈ ਅਧਿਕਾਰੀ ਨਹੀਂ ਜਾ ਰਿਹਾ। ਇਸ ਨਾਲ ਲੋਕਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਅਤੇ ਜ਼ਮੀਨੀ ਹਾਲਾਤਾਂ ਬਾਰੇ ਪ੍ਰਸ਼ਾਸਨ ਨੂੰ ਠੀਕ ਸੂਚਨਾ ਨਹੀਂ ਮਿਲਦੀ। ਠੀਕ ਜਾਣਕਾਰੀ ਨਾ ਹੋਣ ਕਾਰਨ ਪ੍ਰਸ਼ਾਸਨ ਲੋਕਾਂ ਦੀ ਸੁੱਖ-ਸਹੂਲਤ ਲਈ ਸਮੇਂ ਸਿਰ ਕਾਰਵਾਈ ਨਹੀਂ ਕਰਦਾ। ਇਹੋ ਕਾਰਨ ਹੈ ਕਿ ਲੋਕਾਂ ਅੰਦਰ ਲਗਾਤਾਰ ਬੇਚੈਨੀ ਵਧ ਰਹੀ ਹੈ। ਲੋਕਤੰਤਰ ਵਿੱਚ ਆਮ ਲੋਕਾਂ ਤੇ ਪ੍ਰਸ਼ਾਸਨ ਦਰਮਿਆਨ ਫਾਸਲਾ ਨਹੀਂ ਹੋਣਾ ਚਾਹੀਦਾ। ਦੋਹਾਂ ਧਿਰਾਂ ਦਾ ਆਪਸ ਵਿੱਚ ਸਿੱਧਾ ਰਾਬਤਾ ਹੋਵੇ ਤਾਂ ਕਈ ਮੁਸ਼ਕਿਲਾਂ ਤੇਜ਼ੀ ਨਾਲ ਹੱਲ ਹੋ ਸਕਦੀਆਂ ਹਨ। ਇਸ ਰਾਬਤੇ ਨੂੰ ਮਜ਼ਬੂਤ ਅਤੇ ਨਿੱਘਾ ਬਣਾਉਣ ਲਈ ਯਤਨ ਹੋਣੇ ਚਾਹੀਦੇ ਹਨ। ਚੰਗਾ ਹੋਵੇਗਾ ਜੇਕਰ ਜ਼ਿਲ੍ਹਿਆਂ ਵਿੱਚ ਤਾਇਨਾਤ ਪ੍ਰਮੁੱਖ ਅਧਿਕਾਰੀ ਹਰ ਹਫਤੇ ਘੱਟੋ-ਘੱਟ ਇੱਕ ਦਿਨ ਹਲਕੇ ਦੇ ਦੌਰੇ ਉੱਪਰ ਜਾਣ।
ਪੰਜਾਬ ਸਰਕਾਰ ਇਸ ਸਬੰਧ ਵਿੱਚ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕਰ ਸਕਦੀ ਹੈ। ਜੇਕਰ ਅਧਿਕਾਰੀ ਮੌਕੇ ’ਤੇ ਜਾ ਕੇ ਲੋਕਾਂ ਨੂੰ ਮਿਲਣਗੇ ਤਾਂ ਇਸ ਦਾ ਚੰਗਾ ਅਸਰ ਪਵੇਗਾ। ਪ੍ਰਸ਼ਾਸਨ ਅਤੇ ਸਰਕਾਰ ਦਾ ਕੰਮ ਲੋਕਾਂ ਨੂੰ ਬਿਹਤਰ ਸੁੱਖ-ਸਹੂਲਤਾਂ ਦੇਣਾ ਹੈ। ਪੰਜਾਬ ਨੂੰ ਚੰਗਾ ਸ਼ਾਸਨ ਚਾਹੀਦਾ ਹੈ। ਇਸ ਲਈ ਆਮ ਲੋਕਾਂ ਅਤੇ ਪ੍ਰਸ਼ਾਸਨ ਦਰਮਿਆਨ ਰਿਸ਼ਤਾ ਹੋਰ ਪੀਡਾ ਕਰਨ ਲਈ ਯਤਨ ਹੋਣੇ ਚਾਹੀਦੇ ਹਨ।

WRITTEN BY