ਬਠਿੰਡਾ/ਬੋਹਾ, 13 ਦਸੰਬਰ (ਬਸੰਤ ਸਿੰਘ ਅਗਰੋਇਆ, ਸਿਕੰਦਰ, ਨਵੀਨ ਕੁਮਾਰ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੇਸ਼ ਲਈ ਕੁਰਬਾਨ ਹੋਣ ਵਾਲੇ ਇਨ੍ਹਾਂ ਫੌਜੀ ਜਵਾਨਾਂ ਦੀ ਕੁਰਬਾਨੀ ਅੱਗੇ ਸਾਰੇ ਦੇਸ਼ ਦਾ ਸਿਰ ਝੁੱਕਦਾ ਹੈ ਅਤੇ ਇਨ੍ਹਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਸਦਕਾ ਹੀ ਆਮ ਲੋਕ ਆਜ਼ਾਦ ਫਿਜ਼ਾ ਵਿਚ ਸਾਂਹ ਲੈ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੀਬੀ ਬਾਦਲ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਵਿਖੇ ਜੰਮੂ ਦੇ ਅਰਨੀਆ ਸੈਕਟਰ ’ਤੇ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਨਾਇਕ ਜਗਸੀਰ ਸਿੰਘ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਦੇਸ਼ ਦੇ ਜਵਾਨਾਂ ਅੱਗੇ ਸਾਰਾ ਭਾਰਤ ਨਤਮਸਤਕ ਹੁੰਦਾ ਹੈ। ਬੀਬੀ ਬਾਦਲ ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਸ਼੍ਰੀ ਹਰਬੰਤ ਸਿੰਘ ਦਾਤੇਵਾਸ ਦੇ ਘਰ ਉਨ੍ਹਾਂ ਦੇ ਵੱਡੇ ਭਰਾ ਸ਼੍ਰੀ ਸੁਰਜਨ ਸਿੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰ ਕੇ ਆਏ
ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਤੀ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਯੂਰੀਆ ਬਣਾਉਣ ਵਾਲੀਆਂ ਯੂਨਿਟਾਂ ਨੂੰ ਵੱਧ ਯੂਰੀਆ ਦੀ ਪੈਦਾਵਾਰ ਲਈ ਵੀ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਗਬਾਨੀ ਦੇ ਧੰਦੇ ਵੱਲ ਕਿਸਾਨਾਂ ਦਾ ਧਿਆਨ ਲਿਆਉਣ ਲਈ ਵੀ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਧੰਦਿਆਂ ਨੂੰ ਪ੍ਰਫੂਲਤ ਕਰਨ ਲਈ ਸਮੇਂ-ਸਮੇਂ ’ਤੇ ਸਰਕਾਰ ਵਲੋਂ ਗ੍ਰਾਂਟਾਂ ਵੀ ਦਿੱਤੀਆਂ ਜਾਂਦੀਆਂ ਹਨ।



