ਚੰਡੀਗੜ੍ਹ, 12 ਦਸੰਬਰ (ਪੀ. ਟੀ.)- ਅੱਜ ਸਵੇਰੇ 9.20 ਵਜੇ ਦੇ ਕਰੀਬ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦੇ ਬਾਹਰ ਇਕ 38 ਸਾਲਾ ਬੇਰੁਜ਼ਗਾਰ ਔਰਤ ਨੇ ਖੁਦ ਨੂੰ ਅੱਗ ਲਗਾ ਲਈ। ਦੱਸਿਆ ਜਾਂਦਾ ਹੈ ਕਿ ਉਹ ਬੇਰੁਜ਼ਗਾਰ ਹੋਣ ਤੋਂ ਪ੍ਰੇਸ਼ਾਨ ਸੀ।ਉਸ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਉਹ 40 ਫੀਸਦੀ ਸੜ ਗਈ ਹੈ।ਉਸ ਨੂੰ ਜਨਰਲ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ +2 ਕਰਨ ਬਾਅਦ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਬੇਰੁਜ਼ਗਾਰੀ ਦੇ ਚੱਲਦਿਆਂ ਉਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਇਹ ਕਦਮ ਚੁੱਕਿਆ।ਆਪਣੇ ਮਾਤਾ ਪਿਤਾ ਦੀ ਮੌਤ ਦੇ ਬਾਅਦ ਉਹ ਪਿਛਲੇ ਕਈ ਸਾਲਾਂ ਤੋਂ ਦਰਬਾਰ ਸਾਹਿਬ ਕੰਪਲੈਕਸ ਵਿਖੇ ਰਹਿ
ਰਹੀ ਸੀ। ਨੌਕਰੀ ਲਈ ਆਖਿਰ ਕੋਈ ਚਾਰਾ ਨਾ ਚਲਦਾ ਦੇਖ ਉਸ ਨੇ ਮੁੱਖ ਮੰਤਰੀ ਨੂੰ ਮਿਲਣ ਦਾ ਫੈਸਲਾ ਕੀਤਾ। ਪਿਛਲੇ 15 ਦਿਨਾਂ ਤੋਂ ਗੁਰਪ੍ਰੀਤ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਸੁਰੱਖਿਆ ਸਟਾਫ ਨੇ ਉਸ ਨੂੰ ਮਿਲਣ ਨਹੀਂ ਦਿੱਤਾ। ਮੁੱਖ ਮੰਤਰੀ ਦੀ ਰਿਹਾਇਸ਼ਗਾਹ ਤੋਂ ਲਗਭਗ 50 ਮੀਟਰ ਦੂਰ ਉਸ ਨੇ ਆਪਣੇ ਉਪਰ ਮਿੱਟੀ ਦਾ ਤੇਲ ਛਿੜਕਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈ। ਸੁਰੱਖਿਆ ਸਟਾਫ ਨੇ ਮੌਕੇ ’ਤੇ ਪਹੁੰਚ ਕੇ ਉਸ ਦੀ ਜਾਨ ਬਚਾਈ ਅਤੇ ਉਸ ਨੂੰ ਜਨਰਲ ਹਸਪਤਾਲ ਪਹੁੰਚਾਇਆ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਆਖਿਆ ਕਿ ਮੁੱਖ ਮੰਤਰੀ ਨੇ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੇ ਸਾਹਮਣੇ ਵਾਪਰੀ ਘਟਨਾ ’ਤੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ। ਬੁਲਾਰੇ ਨੇ ਆਖਿਆ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਹ ਲੜਕੀ ਮੁੱਖ ਮੰਤਰੀ ਨੂੰ ਉਸ ਵੇਲੇ ਮਿਲਣ ਆਈ ਜਦੋਂ ਉਹ ਨਾ ਆਪਣੀ ਰਿਹਾਇਸ਼ ’ਤੇ ਸਨ ਅਤੇ ਨਾ ਹੀ ਸ਼ਹਿਰ ਵਿੱਚ ਸਨ ਅਤੇ ਮੁੱਖ ਮੰਤਰੀ ਦਾ ਟੂਰ ਪ੍ਰੋਗਰਾਮ ਅਤੇ ਹੋਰ ਰੁਝੇਵਿਆਂ ਬਾਰੇ ਬਕਾਇਦਾ ਅਖਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਸੂਚਿਤ ਕੀਤਾ ਜਾਂਦਾ ਹੈ। ਬੁਲਾਰੇ ਨੇ ਆਖਿਆ ਕਿ ਸ. ਬਾਦਲ ਨੂੰ ਹਰੇਕ ਵਿਅਕਤੀ ਸੌਖਿਆਂ ਹੀ ਮਿਲ ਸਕਦਾ ਹੈ ਅਤੇ ਉਹ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਜਿਹੜਾ ਵਿਅਕਤੀ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਨਹੀਂ ਮਿਲ ਸਕਿਆ, ਉਹ ਸਬੰਧਤ ਖੇਤਰਾਂ ਵਿੱਚ ਹੁੰਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਉਨ੍ਹਾਂ ਨੂੰ ਮਿਲ ਸਕਦਾ ਹੈ। ਬੁਲਾਰੇ ਨੇ ਦੱਸਿਆ ਕਿ ਇਤਫਾਕਵੱਸ ਮੁੱਖ ਮੰਤਰੀ ਨੇ 11 ਤੋਂ 12 ਦਸੰਬਰ ਤੱਕ ਅੰਮ੍ਰਿਤਸਰ ਇਲਾਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ।



