ਪਟਿਆਲਾ, 8 ਦਸੰਬਰ (ਅਰਵਿੰਦਰ ਸਿੰਘ)- ਕੇਂਦਰੀ ਵਾਤਾਵਰਣ ਮੰਤਰਾਲੇ ਵੱਲੋਂ ਪੰਜਾਬ ਵਿੱਚ ਰੇਤਾ ਬਜਰੀ ਨੂੰ ਨਦੀਆਂ ਵਿਚੋਂ ਕੱਢਣ ’ਤੇ ਲਗਾਈ ਰੋਕ ਨੂੰ ਹਟਾਏ ਜਾਣ ਕਾਰਨ ਪਹਿਲਾਂ ਤੋਂ ਵਧੀਆਂ ਹੋਈਆਂ ਕੀਮਤਾਂ ’ਤੇ ਹੁਣ ਕਾਬੂ ਪਾ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੁਆਰਾ ਸਰਕਾਰ ਰੇਤੇ ਅਤੇ ਬਜਰੀ ਦੀ ਵਿਕਰੀ ਕਰੇਗੀ। ਇਹ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸ਼੍ਰੀ ਐਨ.ਕੇ.ਸ਼ਰਮਾ ਨੇ ਅੱਜ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਲੱਭਣ ਲਈ ਐਨ.ਕੇ. ਸ਼ਰਮਾ ਨੇ ਸਰਕਟ ਹਾਊਸ ਵਿਖੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਰੇਤਾ ਬਜਰੀ ਦੀਆਂ ਕੀਮਤਾਂ ਨੂੰ ਤੈਅ ਕਰਦਿਆਂ ਮੌਕੇ ’ਤੇ ਰੇਤਾ 8 ਰੁਪਏ ਪ੍ਰਤੀ ਫੁੱਟ ਵੇਚਿਆ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਰ੍ਹਾਂ ਖੱਡਿਆਂ ਤੋਂ ਦੂਰੀ ਦੇ ਮਾਮਲੇ ਵਿੱਚ ਰੇਤਾ ਬਜਰੀ ਦੀ ਹੋਣ ਵਾਲੀ ਵਿਕਰੀ ਲਈ ਵੱਖ-ਵੱਖ ਟਰਾਂਸਪੋਰਟ
ਐਸੋਸੀਏਸ਼ਨਾਂ ਤੇ ਯੂਨੀਅਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਲੋਮੀਟਰ ਅਨੁਸਾਰ ਟਰਾਂਸਪੋਰਟ ਦਾ ਖਰਚਾ ਤੈਅ ਕੀਤਾ ਗਿਆ ਹੈ। ਇਸ ਨਾਲ ਰੇਟ ਵੀ ਘੱਟ ਹੋਣਗੇ ਅਤੇ ਪ੍ਰਕਿਰਿਆ ਵੀ ਪਾਰਦਰਸ਼ੀ ਹੋਵੇਗੀ । ਸ਼੍ਰੀ ਐਨ.ਕੇ. ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ 8 ਥਾਵਾਂ ਤੋਂ ਖੁਦਾਈ ਦੀ ਇਜਾਜ਼ਤ ਕੇਂਦਰੀ ਮੰਤਰਾਲੇ ਤੋਂ ਮਿਲ ਗਈ ਹੈ ਜਦੋਂ ਕਿ ਕੁੱਲ 35 ਖੱਡਾਂ ਵਿੱਚੋਂ ਰੇਤਾ ਕੱਢਣ ਦੀ ਇਜਾਜ਼ਤ ਮਿਲਣ ਦੀ ਪ੍ਰਕਿਰਿਆ ਚਲ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਵਿੱਚ ਰੇਤਾ ਬਜਰੀ ’ਚ ਕੋਈ ਘਾਟ ਪੇਸ਼ ਨਹੀਂ ਆਵੇਗੀ।
ਸੰਗਤ ਦਰਸ਼ਨ ਸਬੰਧੀ ਸ਼੍ਰੀ ਐਨ.ਕੇ. ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਨ੍ਹਾਂ ਨੇ ਆਪਣੇ ਜ਼ੋਨ ਦੇ 5 ਜ਼ਿਲ੍ਹਿਆਂ ਵਿੱਚ ਕੀਤੇ ਜਾਣ ਵਾਲੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਪ ਮੁੱਖ ਮੰਤਰੀ ਵੱਲੋਂ ਵਪਾਰ ਅਤੇ ਉਦਯੋਗਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਛੇਤੀ ਤੋਂ ਛੇਤੀ ਕਰਨ ਦੇ ਦਿੱਤੇ ਗਏ ਨਿਰਦੇਸ਼ਾ ਤਹਿਤ ਹੁਣ ਹਰ ਮਹੀਨੇ ਜ਼ਿਲ੍ਹਾ ਪੱਧਰ ’ਤੇ ਸੰਗਤ ਦਰਸ਼ਨ ਵਪਾਰੀਆਂ ਅਤੇ ਉਦਯੋਗਪਤੀਆਂ ਆਦਿ ਦੀਆਂ ਐਸੋਸੀਏਸ਼ਨਾਂ ਅਤੇ ਸੰਗਠਨਾਂ ਦੇ ਨਾਲ ਕੀਤੇ ਜਾਣਗੇ। ਸ਼੍ਰੀ ਐਨ.ਕੇ. ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸੰਗਤ ਦਰਸ਼ਨਾਂ ਤੋਂ ਮਿਲੀ ਫੀਡ ਬੈਕ ਨੂੰ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕੋਲ ਰੱਖਿਆ ਜਾਵੇਗਾ ਅਤੇ ਜਿਹੜੀ ਸਮੱਸਿਆ ਮੌਕੇ ’ਤੇ ਹੀ ਹੱਲ ਹੋ ਸਕਦੀ ਹੋਈ ਉਸ ਦਾ ਹੱਲ ਤੁਰੰਤ ਕੀਤਾ ਜਾਵੇਗਾ। ਮੁੱਖ ਸੰਸਦੀ ਸਕੱਤਰ ਨੇ ਦੱਸਿਆ ਕਿ ਉਹਨਾਂ ਨੂੰ 50 ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਨੂੰ ਅਗਲੇ ਸੰਗਤ ਦਰਸ਼ਨ ਤੋਂ ਪਹਿਲਾਂ ਨਿਪਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਵਪਾਰੀਆਂ ਲਈ ਸਲੈਬ ਬਣਾ ਦਿੱਤੀ ਹੈ ਜਿਸ ਤਹਿਤ ਘੱਟ ਤੋਂ ਘੱਟ ਟੈਕਸ ਭਰ ਕੇ ਹਿਸਾਬ ਕਿਤਾਬ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਕੋਈ ਵੀ ਇੰਸਪੈਕਟਰ ਕਿਸੇ ਵੀ ਵਪਾਰਕ ਅਦਾਰੇ ਦੀ ਜਾਂਚ ਨਹੀਂ ਕਰ ਸਕੇਗਾ।
ਇਸ ਮੌਕੇ ਵਿਧਾਇਕ ਸ਼੍ਰੀਮਤੀ ਵਨਿੰਦਰ ਕੌਰ ¦ੂਬਾ, ਮੇਅਰ ਸ. ਅਮਰਿੰਦਰ ਸਿੰਘ ਬਜਾਜ, ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਸ਼੍ਰੀ ਭਗਵਾਨ ਦਾਸ ਜੁਨੇਜਾ, ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ. ਇੰਦਰਮੋਹਨ ਸਿੰਘ ਬਜਾਜ, ਸ. ਮੱਖਣ ਸਿੰਘ ਲਾਲਕਾ, ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ, ਸ. ਜਸਵਿੰਦਰ ਸਿੰਘ ਜੱਸੀ ਅਤੇ ਸਹਾਇਕ ਆਬਕਾਰੀ ਤੇ ਕਰ ਵਿਭਾਗ ਦੇ ਕਮਿਸ਼ਨਰ ਲਾਜਪਾਲ ਜਾਖੜ ਵੀ ਮੌਜੂਦ ਸਨ।



