ਨਵੀਂ ਦਿੱਲੀ ਆਵਾਜ਼ ਬਿਊਰੋ-ਕੇਂਦਰੀ ਬਿਜਲੀ ਅਤੇ ਕੋਲਾ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਬਿਜਲੀ ਐਕਟ ਵਿੱਚ ਜਰੂਰੀ ਸੁਧਾਰ ਕਰੇਗੀ। ਜਿਸ ਨਾਲ ਉਪਭੋਗਤਾਵਾਂ ਨੂੰ ਆਪਣੀ ਮਨਪਸੰਦ ਬਿਜਲੀ ਸਪਲਾਈ ਕੰਪਨੀ ਚੁਨਣ ਦਾ ਅਧਿਕਾਰ ਮਿਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਖਰੀ ਪੜਾਅ ਤੱਕ ਸਪਲਾਈ ਦੇ ਮਾਮਲੇ ਵਿੱਚ ਮੁਕਾਬਲੇਬਾਜ਼ੀ ਦੀ ਇਜਾਜਤ ਦੇਣ ’ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਉਪਭੋਗਤਾਵਾਂ ਦੇ ਕੋਲ ਬਿਜਲੀ ਸਪਲਾਈ ਦੇ ਸਬੰਧ ਵਿੱਚ ਬਦਲ ਹੋਵੇ। ਇਸ ਨਾਲ ਰਾਜਾਂ ਨੂੰ ਵੀ ਵਧੀਆ ਤਰੀਕੇ ਨਾਲ ਸੇਵਾ ਕਰਨ ਵਿੱਚ ਮੱਦਦ ਮਿਲੇਗੀ। ਗੋਇਲ ਨੇ ਸੀ.ਆਈ.ਆਈ. ਦੇ ਸਮਾਰੋਹ ਤੋਂ ਬਾਅਦ ਕਿਹਾ ਕਿ ਬਿਜਲੀ ਐਕਟ ’ਤੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਐਕਟ ਸਾਰੇ ਸਬੰਧਿਤ ਪੱਖਾਂ ਦੀ ਸਲਾਹ ਦੇ ਲਈ ਜਨਤਕ ਕੀਤਾ ਗਿਆ ਸੀ, ਸਾਨੂੰ ਕਈ ਸੁਝਾਅ ਮਿਲੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਕੰਪਨੀ ਚੁਣਨ ਦਾ ਮੌਕਾ ਦੇਣ ਨਾਲ ਬਿਜਲੀ ਸੈਕਟਰ ਵਿੱਚ ਲੱਗੀਆਂ ਕੰਪਨੀਆਂ ਵਿੱਚ ਮੁਕਾਬਲਾ ਵਧੇਗਾ ਅਤੇ ਬਿਜਲੀ ਦੇ ਖਰਚਿਆਂ ਵਿੱਚ ਕਮੀ ਆਵੇਗੀ। ਇਸ ਨਾਲ ਖਪਤਕਾਰਾਂ ਨੂੰ ਲਾਭ ਮਿਲੇਗਾ।



