ਨਵੀਂ ਦਿੱਲੀ, 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਅੱਜ ਜਾਰੀ ਹੋਈਆਂ ਖਬਰਾਂ ਅਨੁਸਾਰ ਜਲੰਧਰ ਦੇ ਨੇੜੇ ਨੂਰਮਹਿਲ ਵਿਚ ਵੀ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਅਤੇ ਸਿੱਖਾਂ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਆਸ਼ੂਤੋਸ਼ ਦੀ ਦੇਹ ਦਾ ਅਦਾਲਤ ਵੱਲੋਂ ਜਾਰੀ ਆਦੇਸ਼ ਅਨੁਸਾਰ 15 ਦਿਨਾਂ ਵਿਚ ਸਸਕਾਰ ਕਰਨ ੳਪਰੰਤ ਉੱਥੇ ਵੀ ਸਤਲੋਕ ਆਸ਼ਰਮ ਵਰਗੇ ਹਾਲਾਤ ਬਣ ਰਹੇ ਹਨ। ਡੇਰੇ ਦੇ ਸਮਰਥਕ ਅਦਾਲਤ ਦੇ ਇਸ ਫੇਸਲੇ ਨੂੰ ਮੰਨਣ ਨੂੰ ਤਿਆਰ ਨਾ ਹੋਣ ਕਰਕੇ ਪੰਜਾਬ ਅਤੇ ਹਰਿਆਣਾ ਪੁਲਿਸ ਵੀ ਭਾਰੀ ਦਬਾਅ ਹੇਠ ਆ ਗਈ ਹੈ। ਅੱਜ ਮੀਡੀਆ ਵਿਚ ਆ ਰਹੀਆਂ ਰਿਪੋਰਟਾਂ ਅਨੁਸਾਰ ਡੇਰੇ ਅਤੇ ਉਸਦੇ ਨੇੜੇ-ਤੇੜੇ ਹਰ ਰਾਹ ’ਤੇ ਡੇਰੇ ਵੱਲੋਂ ਸਖਤ ਸੁਰਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਡੇਰੇ ਦੇ ਪੈਰੋਕਾਰਾਂ ਨੂੰ ਇਕੱਠਾ ਕਰਨ ਲਈ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਪਰ ਮੀਡੀਆ ਕਰਮੀਆਂ ਨੂੰ ਡੇਰੇ ਦੇ ਕਮਾਂਡੋ ਰੋਕ ਰਹੇ ਹਨ। ਉੱਥੇ ਤਾਇਨਾਤ ਪੁਲਿਸ ਕੋਲੋਂ ਇਹ ਪੁਛਿਆ ਜਾ ਰਿਹਾ ਹੈ ਕਿ ਡੇਰੇ ਦੇ ਰੱਖੇ ਹੋਏ ਕਮਾਂਡੋ ਸਰਕਾਰੀ ਰਾਹਦਾਰੀ ’ਤੇ ਬੈਰੀਕੇਡ ਲਗਾ ਕੇ ਰਾਹਦਾਰੀ ਕਿੱਦਾਂ ਰੋਕ ਸਕਦੇ ਹਨ, ਤਦ ਪੁਲਿਸ ਕੋਲ ਇਸਦਾ ਕੋਈ ਜੁਆਬ ਨਹੀਂ ਸੀ। ਨੂਰਮਹਿਲ ਡੇਰੇ ਦੇ ਬਾਹਰ ਪੁਲਿਸ ਦਾ ਭਾਰੀ ਜਮਾਵੜਾ ਦੇਖਦੇ ਹੋਏ ਅਤੇ ਅਦਾਲਤ ਦੇ ਆਦੇਸ਼ ਦੇ ਬਾਵਜੂਦ ਡੇਰੇ ਦੇ ਸਮਰਥਕਾਂ ਵੱਲੋਂ ਜ਼ਿੱਦ ਫੜਨ
ਕਾਰਨ ਇਹ ਕਿਆਸਅਰਾਈਆਂ ਲਾਉਣੀਆਂ ਸੌਖੀਆਂ ਹੀ ਹਨ ਕਿ ਆਉਣ ਵਾਲੇ ਸਮੇਂ ਵਿਚ ਇਥੋਂ ਦੇ ਹਾਲਾਤ ਵੀ ਸਿਰਸਾ ਦੇ ਸਤਲੋਕ ਆਸ਼ਰਮ ਵਰਗੇ ਬਣ ਸਕਦੇ ਹਨ।
ਧਿਆਨਦੇਣ ਯੋਗ ਹੈ ਕਿ ਆਸ਼ੂਤੋਸ ਨੂੰ ਅੱਜ ਤੋਂ 10 ਮਹੀਨੇ ਪਹਿਲਾਂ ਹੀ ਡਾਕਟਰਾਂ ਵੱਲੋਂ ਮ੍ਰਿਤ ਐਲਾਨ ਕਰ ਦਿਤਾ ਗਿਆ ਸੀ ਪਰ ਡੇਰੇ ਵੱਲੋਂ ਇਹ ਕਹਿ ਕੇ ਕਿ ਆਸ਼ੂਤੋਸ਼ ਸਮਾਧੀ ਵਿਚ ਲੀਨ ਹੈ ਤੇ ਉਹ ਮਰਿਆ ਨਹੀਂ ਹੈ, ਦੀ ਦੇਹ ਨੂੰ ਫ੍ਰੀਜ਼ਰ ਵਿਚ ਰੱਖ ਦਿਤਾ ਸੀ। ਇਸ ਦੇ ਬਾਵਜੂਦ ਪੁਲਿਸ ਵੱਲੋਂ ਇਸ ਮਸਲੇ ’ਤੇ ਵਰਤੀ ਗਈ ਢਿੱਲ-ਮਠ ਆਉਣ ਵਾਲੇ ਸਮੇਂ ਵਿਚ ਸਤਲੋਕ ਆਸ਼ਰਮ ਵਾਲੇ ਹਾਲਾਤ ਪੈਦਾ ਕਰਨ ਵਿਚ ਸਹਾਈ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਆਸਥਾ ਤੋਂ ਜ਼ਿਆਦਾ ਆਸ਼ੂਤੋਸ਼ ਦੇ ਲੰਮੇ-ਚੌੜੇ ਸਮਰਾਜ ਦਾ ਝਗੜਾ ਦਿਖਾਈ ਦੇ ਰਿਹਾ ਹੈ। ਡੇਰੇ ਦੇ ਬੁਲਾਰੇ ਵਿਸ਼ਾਲ ਅੰਨਦ ਮੁਤਾਬਿਕ ਅਸੀਂ ਹਾਈਕੋਰਟ ਜਾ ਕੇ ਦੂਹਰੀ ਬੈਂਚ ਕੋਲ ਅਪਣਾ ਪੱਖ ਰਖਾਂਗੇ ਤੇ ਇਸ ਮਾਮਲੇ ’ਤੇ ਕਾਨੂੰਨੀ ਲੜਾਈ ਵੀ ਲੜਾਂਗੇ।
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਦੁਨੀਆ ਭਰ ਵਿਚ 109 ਡੇਰੇ ਹਨ ਤੇ ਸ਼ਰਧਾਲੂਆਂ ਦੀ ਤਾਦਾਦ ਲੱਖਾਂ ਦੀ ਗਿਣਤੀ ਵਿਚ ਹੈ। ਜਿਸ ਵਿਚ ਨੇਤਾਵਾਂ ਤੋਂ ਇਲਾਵਾ ਸਰਕਾਰੀ ਅਫਸਰ ਅਤੇ ਉੱਚ ਅਹੁਦੇ ’ਤੇ ਬੈਠੇ ਪੁਲਿਸ ਵਾਲੇ ਵੀ ਹਨ।
ਡੇਰੇ ਦੇ ਕੋਲ ਇੱਕ ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦੀ ਸੰਪਤੀ ਹੈ ਤੇ ਤਕਰੀਬਨ 500 ਏਕੜ ਦੀ ਜ਼ਮੀਨ ਦਾ ਮਾਲਿਕਾਨਾ ਹੱਕ ਵੀ ਹੈ, ਜਿਸ ਨੂੰ ਡੇਰੇ ਨੇ 2013 ਵਿਚ ਪੰਜਾਬ ਸਰਕਾਰ ਕੋਲੋ ਦਿਵਯ ਗ੍ਰਾਮ ਯੋਜਨਾ ਦੇ ਤਹਿਤ ਲਿਆ ਸੀ।



