ਚੰਡੀਗੜ੍ਹ, ਜੰਮੂ 5 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਸਿਵਲ ਸਰਜਨਾਂ ਦੀ ਅਗਾਊਂ ਮਨਜ਼ੂਰੀ ਤੋਂ ਬਿਨ੍ਹਾਂ ਸਿਹਤ ਜਾਂਚ ਕੈਂਪ Ñਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ।ਗੈਰ ਸਰਕਾਰੀ ਸੰਗਠਨਾਂ ਵਲੋਂ ਸਿਹਤ ਜਾਂਚ ਕੈਂਪਾਂ ਦੌਰਾਨ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਲੋੜੀਂਦੀ ਗਿਣਤੀ ਵਿਚ ਮੈਡੀਕਲ ਮਾਹਿਰ ਨਾ ਹੋਣ ਦੀ ਸੂਰਤ ਵਿਚ ਕਿਸੇ ਵੀ ਸੰਸਥਾ ਨੂੰ ਸਿਹਤ ਜਾਂਚ ਕੈਂਪ Ñਲਾਉਣ ਦੀ ਮਨਜ਼ੂਰੀ ਨਾ ਦੇਣ। ਜੰਮੂ ਵਿਖੇ ਚੋਣ ਪ੍ਰਚਾਰ ਲਈ ਪਹੁੰਚੇ ਸ਼੍ਰੀ ਜਿਆਣੀ ਨੇ ਇਹ ਮਾਮਲਾ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਢਾ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਨੇ ਜਾਂਚ ਕੈਂਪ ਦੌਰਾਨ ਪ੍ਰਭਾਵਿਤ ਹੋਏ ਸਾਰੇ ਮਰੀਜ਼ਾਂ ਦਾ ਏਮਜ਼ ਤੇ ਪੀ.ਜੀ.ਆਈ. ਵਿਖੇ ਇਲਾਜ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ
ਸਿਹਤ ਵਿਭਾਗ ਇਨ੍ਹਾਂ ਮਰੀਜ਼ਾਂ ਨੂੰ ਉਪਰੋਕਤ ਸੰਸਥਾਵਾਂ ਵਿਖੇ ਭੇਜ ਸਕਦਾ ਹੈ। ਸ੍ਰੀ ਜਿਆਣੀ ਨੇ ਕਿਹਾ ਕਿ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਸਿਵਲ ਸਰਜਨ ਇਹ ਪੜਤਾਲ ਕਰਨ ਕਿ ਕੈਂਪ Ñਲਾਉਣ ਦੀ ਇਛੁੱਕ ਸੰਸਥਾ ਕੋਲ ਲੋੜੀਂਦੀ ਗਿਣਤੀ ਵਿਚ ਮਾਹਿਰ ਸਰਜਨ ਹਨ ਜਾਂ ਨਹੀਂ। ਇਸ ਤੋਂ ਇਲਾਵਾ ਇਲਾਜ ਲਈ ਲੋੜੀਂਦੀ ਮਸ਼ੀਨਰੀ ਦੀ ਵੀ ਪੜਤਾਲ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸੰਸਥਾਵਾਂ ਵਲੋਂ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਦੇਣ ਦੇ ਕੰਮ ਦਾ ਸਵਾਗਤ ਕਰਦੇ ਹਨ ਪਰ ਬਿਨਾਂ ਮਾਹਿਰ ਡਾਕਟਰਾਂ ਤੇ ਮਸ਼ੀਨਰੀ ਤੋਂ ਸਰਜਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੰਮ੍ਰਿਤਸਰ ਦੇ ਗੁਰਦਾਸਪੁਰ ਦੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਵਾਉਣ। ਇਸ ਤੋਂ ਇਲਾਵਾ ਘੁਮਾਣ ਵਿਖੇ ਅੱਖਾਂ ਦੀ ਜਾਂਚ ਦੌਰਾਨ ਪ੍ਰਭਾਵਿਤ ਮਰੀਜ਼ਾਂ ਦਾ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ।



