Skip to content
Independent perspectives. Global stories.
BREAKING

ਇੰਗਲੈਂਡ ਵੱਲੋਂ ਦੂਜੀ ਸੰਸਾਰ ਜੰਗ ਲੜਨ ਵਾਲੇ ਸਿੱਖ ਪਾਇਲਟ ਮਹਿੰਦਰ ਸਿੰਘ ‘ਪੁੱਜੀ’ ਦਾ ਬੁੱਤ ਗ੍ਰੇਵਜੈਂਡ ਸ਼ਹਿਰ ’ਚ ਸਥਾਪਿਤ

Share this story

ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਪਾਇਲਟ ਪੁੱਜੀ ਦੂਜੇ ਦਸਤਾਰਧਾਰੀ ਸਿੱਖ ਜਿਨ੍ਹਾਂ ਦਾ ਬੁੱਤ ਇੰਗਲੈਂਡ ’ਚ ਲਗਾਇਆ ਗਿਆ
Page-3_03 ਜਲੰਧਰ, 29 ਨਵੰਬਰ-  ਇੰਗਲੈਂਡ ਵੱਲੋਂ ਦੂਜੀ ਸੰਸਾਰ ਜੰਗ ਲੜਨ ਵਾਲੇ ਸਿੱਖ ਪਾਇਲਟ ਮਹਿੰਦਰ ਸਿੰਘ ‘ਪੁੱਜੀ’ ਦਾ ਬੁੱਤ ਗ੍ਰੇਵਜੈਂਡ ਸ਼ਹਿਰ ’ਚ ਸਮੁੰਦਰ ਕਿਨਾਰੇ ਲਾਇਆ ਗਿਆ। ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਮਹਿੰਦਰ ਸਿੰਘ ਪੁੱਜੀ ਦੂਜੇ ਦਸਤਾਰਧਾਰੀ ਸਿੱਖ ਹਨ ਜਿਨ੍ਹਾਂ ਦਾ ਬੁੱਤ ਇੰਗਲੈਂਡ ’ਚ ਸਥਾਪਿਤ ਕੀਤਾ ਗਿਆ ਹੈ। ਦੂਜੀ ਸੰਸਾਰ ਜੰਗ ਦੇ ਇਸ ਸਥਾਨਕ ਹੀਰੋ ਮੰਨੇ ਜਾਂਦੇ ਮਹਿੰਦਰ ਸਿੰਘ ਪੁੱਜੀ ਦਾ 8 ਫੁੱਟ ਉਚਾ  ਕਾਂਸੇ ਦਾ  ਬੁੱਤ ਬਣਿਆ ਗਿਆ ਹੈ। ਇਸ ਬੁੱਤ ਨੂੰ ਚਾਰ ਫੁੱਟ ਉਚੇ ਚਾਬੂਤਰੇ ’ਤੇ ਲਾਇਆ ਗਿਆ ਹੈ। ਇਸ ਬੁੱਤ ਨੂੰ ਲਗਾਉਣ ਪਿੱਛੇ ਗ੍ਰੇਵਜੈਂਡ ਸ਼ਹਿਰ  ਦੇ ਸਾਬਕਾ ਮੇਅਰ ਅਤੇ ਲੇਬਰ ਪਾਰਟੀ ਵੱਲੋਂ ਪਾਰਲੀਮੈਂਟ ਚੋਣਾਂ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੇ ਕੂੰਜੀਵਤ ਭੂਮਿਕਾ ਨਿਭਾਈ ਹੈ। ਤਿੰਨ ਸਾਲਾਂ ’ਚ ਉਨ੍ਹਾਂ ਇਸ ਬੁੱਤ ਨੂੰ ਲਗਾਉਣ ਲਈ 70 ਹਾਜ਼ਾਰ ਦੇ ਕਰੀਬ ਪੌਂਡ ਇੱਕਠੇ ਕੀਤੇ ਸਨ। ਤਨਮਨਜੀਤ ਸਿੰਘ ਢੇਸੀ ਹੋਰਾਂ ਦਾ ਪਿਛੋਕੜ ਜਲੰਧਰ ਜਿਲ੍ਹੇ ਦੇ ਪਿੰਡ ਰਾਏਪੁਰ ਨਾਲ ਜੁੜਿਆ ਹੋਇਆ ਹੈ।

ਇੰਗਲੈਂਡ ਦੇ ਸਰਦ ਮੌਸਮ ’ਚ ਬੋਲੇ ਸੋ ਨਿਹਾਲ ਦੇ ਜੈਕਾਰਿਆਂ ’ਚ ਇਸ ਬੁੱਤ ਤੋਂ ਪਰਦਾ ਚੁੱਕਿਆ ਗਿਆ। ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਹਾਜ਼ਰ ਹੋਏ ਜਿਹੜੇ ਇਹ ਬੁੱਤ ਲਾਏ ਜਾਣ ’ਤੇ ਮਾਣ ਮਹਿਸੂਸ ਕਰ ਰਹੇ ਸਨ। ਇਸ ਮੌਕੇ ਸ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸਿੱਖ ਪਾਇਲਟ ਮਹਿੰਦਰ ਸਿੰਘ ਪੁੱਜੀ ਦਾ ਬੁੱਤ ਲੱਗਣ ਨਾਲ ਇੱਕਲੇ ਗ੍ਰੇਵਸ਼ੈਮ ਸ਼ਹਿਰ ’ਚ ਰਹਿੰਦੇ ਸਿੱਖ ਭਾਈਚਾਰੇ ਦਾ ਮਾਣ ਨਹੀਂ ਵਧਿਆ ਸਗੋਂ ਸਮੁੱਚੇ ਇੰਗਲੈਂਡ ’ਚ ਰਹਿੰਦੇ ਸਿੱਖਾਂ ਦਾ ਸਿਰ ਫਖਰ ਨਾਲ ਉਚਾ ਹੋਇਆ ਹੈ। ਇੰਗਲੈਂਡ ’ਚ ਸਿੱਖ ਭਾਈਚਾਰੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਹਿੰਦਰ ਸਿੰਘ ਪੁੱਜੀ ਦਾ ਬੁੱਤ ਇੱਕ ਪ੍ਰੇਰਨਾਸਰੋਤ ਬਣੇਗਾ ਕਿ ਕਿਵੇਂ ਇੱਕ ਸਿੱਖ ਪਾਇਲਟ ਨੇ ਸੰਸਾਰ ਜੰਗ ’ਚ ਆਪਣੀ ਭੂਮਿਕਾ ਦਲੇਰੀ ਨਾਲ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਜਿਹੜੀ ਥਾਂ ’ਤੇ ਮਹਿੰਦਰ ਸਿੰਘ ਪੁੱਜੀ ਦਾ ਬੁੱਤ ਲਾਇਆ ਗਿਆ ਹੈ ਉਹ ਇਸ ਕੌਂਸਲ ਦੀ ਸਭ ਤੋਂ ਅਹਿਮ ਥਾਂ ਮੰਨੀ ਜਾਂਦੀ ਹੈ।
ਸ. ਤਨਮਨਜੀਤ ਸਿੰਘ ਨੇ ਕਿਹਾ ਕਿ ਇਹ ਬੁੱਤ ਲਾ ਕੇ ਇੱਕਲੇ ਸ. ਮਹਿੰਦਰ ਸਿੰਘ ਪੁੱਜੀ ਦਾ ਹੀ ਸਨਮਾਨ ਨਹੀਂ ਕੀਤਾ ਗਿਆ ਸਗੋਂ ਪਹਿਲੀ ਸੰਸਾਰ ਜੰਗ ਤੋਂ ਲੈਕੇ ਹੁਣ ਤੱਕ (1914 ਤੋਂ 2014 ਤੱਕ) ਇੰਗਲੈਂਡ ਨੂੰ ਮਜ਼ਬੂਤ ਕਰਨ ਵਾਲੇ ਸਾਰੇ ਬਹਾਦਰਾਂ ਦਾ ਸਨਮਾਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਬੁੱਤ ਵਾਸਤੇ ਮੁਸਲਿਮ ਤੇ ਹੋਰ ਭਾਈਚਾਰਿਆਂ ਨੇ ਵੀ ਆਰਥਿਕ ਮਦਦ ਕੀਤੀ ਹੈ। ਇਸ ਮੌਕੇ ਬੁੱਤ ਨੂੰ ਬਣਾਉਣ ਵਾਲੇ ਡਗਲਸ ਜੈਨਿੰਗ, ਗੁਰਦੁਆਰਾ ਨਾਨਕ ਦਰਬਾਰ ਦੇ ਸਾਬਕਾ ਪ੍ਰਧਾਨ ਸ. ਜਸਪਾਲ ਸਿੰਘ ਢੇਸੀ, ਮੌਜੂਦਾ ਪ੍ਰਧਾਨ ਸ. ਦਵਿੰਦਰ ਸਿੰਘ ਅਤੇ ਸ. ਸਾਹਿਬ ਸਿੰਘ ਸਮੇਤ ਹੋਰ ਬਹੁਤ ਪੰਜਾਬੀ ਭਾਈਚਾਰੇ ਦੇ ਲੋਕ ਹਾਜ਼ਰ ਸਨ।

WRITTEN BY