ਨਾਜਾਇਜ਼ ਸਬੰਧਾਂ ਦਾ ਡਰ ਦੇ ਕੇ ਵਸੂਲੇ ਸਨ 13 ਲੱਖ
ਰਾਮਪੁਰਾ ਫੂਲ, 27 ਨਵੰਬਰ (ਜੋਸਫ ਬਾਂਸਲ)- ਨਾਜਾਇਜ਼ ਸਬੰਧਾਂ ਦੇ ਮਾਮਲੇ ’ਚ ਫਸਾਉਣ ਦੀ ਧਮਕੀ ਬਦਲੇ ਰਿਸ਼ਵਤ ਵਸੂਲਣ ਦੇ ਦੋਸ਼ ਹੇਠ ਥਾਣਾ ਸਦਰ ਰਾਮਪੁਰਾ ਦੇ ਮੁਖੀ ਸਮੇਤ ਇੱਕ ਸਹਾਇਕ ਥਾਣੇਦਾਰ, 5 ਪੁਲਿਸ ਮੁਲਾਜ਼ਮਾਂ ਅਤੇ ਇੱਕ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਘੁੰਮਣ ਕਲਾਂ ਦੇ ਰਹਿਣ ਵਾਲੇ ਗੁਰਚਰਨ ਸਿੰਘ ਉਰਫ਼ ਰਾਜਾ ਨੇ ਕਿਹਾ ਸੀ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਇੱਕ ਸਾਜਿਸ਼ ਤਹਿਤ ਬਰਨਾਲਾ ਦੀ ਰਹਿਣ ਵਾਲੀ ਔਰਤ ਗੁਰਵਿੰਦਰ ਕੌਰ ਪਤਨੀ ਸਵਰਨ ਸਿੰਘ ਨਾਲ ਉਸ ਦੇ ਨਜਾਇਜ਼ ਸਬੰਧ ਬਣਵਾ ਦਿੱਤੇ ਅਤੇ ਬਾਅਦ ਵਿੱਚ ਉਸ ਨੂੰ ਮਾਮਲੇ ਵਿੱਚ ਫਸਾਉਣ ਦਾ ਡਰ ਦੇ ਕੇ ਉਸ ਤੋਂ 13 ਲੱਖ ਰੁਪਏ ਦੀ ਰਿਸ਼ਵਤ ਵਸੂਲ ਲਈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸਦਰ ਦੇ ਮੁਖੀ ਸਬ ਇੰਸਪੈਕਟਰ ਸਿਕੰਦਰ ਸਿੰਘ, ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਸਮੇਤ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ, ਮਨਜੀਤ ਸਿੰਘ, ਲਾਜਪਤ ਰਾਏ, ਜਸਵਿੰਦਰ ਸਿੰਘ ਤੋਂ ਇਲਾਵਾ ਗੁਰਵਿੰਦਰ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਡੀ.ਐਸ.ਪੀ. ਮੌੜ ਜਨਕ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਥਾਣਾ ਸਦਰ ਮੁਖੀ ਸਮੇਤ 7 ਵਿਰੁੱਧ ਮਾਮਲਾ ਦਰਜ



