ਚੰਡੀਗੜ੍ਹ, 27 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਇਕ ਮਹੱਤਵਪੂਰਣ ਫੈਸਲਾ ਲੈਂਦਿਆਂ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਤਾਕਤਾਂ ਸੌਂਪਦੇ ਹੋਏ ਕੈਦੀਆਂ ਨੂੰ ਆਰਜ਼ੀ ਰਿਹਾਈ ਅਤੇ ਫਰਲੋ ‘ਤੇ ਭੇਜਣ ਲਈ ਅਧਿਕਾਰਿਤ ਕਰ ਦਿੱਤਾ ਹੈ। ਇਸ ਸਬੰਧੀ ਅੱਜ ਇਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਪ੍ਰਸ਼ਾਸਕੀ ਸੁਧਾਰਾਂ ਦੀ ਅਗਲੀ ਕੜੀ ਵੱਜੋਂ ਹੁਣ ਜੇਲ੍ਹ ਵਿਭਾਗ ਵਿਚ ਵੀ ਇਨ੍ਹਾਂ ਸੁਧਾਰਾਂ ਨੂੰ ਲਾਗੂ ਕਰਨ ਦੇ ਮੰਤਵ ਵੱਜੋਂ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜੇਲ੍ਹ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੋਂ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਇਹ ਮੰਗ ਪੱਤਰ ਪ੍ਰਾਪਤ ਹੋ ਰਹੇ ਸਨ ਕਿ ਜੇਲ੍ਹ ਵਿੱਚੋਂ ਆਰਜ਼ੀ ਛੁੱਟੀ ਜਾਂ ਫਰਲੋ ਲੈਣ ਸਬੰਧੀ ਪ੍ਰਕਿਰਿਆ ਕਾਫੀ ਲੰਬੀ ਅਤੇ ਕਠਿਨ ਹੈ। ਉਨ੍ਹਾਂ ਦੱਸਿਆ ਕਿ ਕੈਦੀਆਂ ਦੇ ਪਰਿਵਾਰਾਂ ਵੱਲੋਂ ਇਹ ਮੰਗ ਵੀ ਕੀਤੀ ਜਾਂਦੀ ਸੀ ਕਿ ਕੈਦੀਆਂ ਦੇ ਪਰਿਵਾਰਾਂ ਵਿਚ ਕੋਈ ਅਚਨਚੇਤੀ ਮੈਡੀਕਲ ਐਮਰਜੈਂਸੀ ਜਾਂ ਫਿਰ ਕੋਈ ਹੋਰ ਅਣ-ਕਿਆਸੀ ਘਟਨਾ ਹੋ ਜਾਣ ਦੀ ਸੂਰਤ ਵਿਚ ਆਰਜ਼ੀ ਛੁੱਟੀ ਜਾਂ ਫਰਲੋ ਲੈਣ ਦਾ ਅਸਲ ਮੰਤਵ ਪੂਰਾ ਨਹੀਂ ਸੀ ਹੁੰਦਾ ਕਿਉਂ ਕਿ ਇਹ ਪ੍ਰਕਿਰਿਆ ਕਾਫੀ ਲੰਬੀ ਅਤੇ ਜਟਿਲ ਸੀ।
ਸ. ਠੰਡਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਕੈਦੀਆਂ ਦੀ ਆਰਜ਼ੀ ਛੁੱਟੀ ਅਤੇ ਫਰਲੋ ਦਾ ਅਖਤਿਆਰ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦੇਣ ਦਾ ਮਤਾ ਸਵੀਕਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਨੋਟੀਫਿਕੇਸ਼ਨ ਦੇ ਮੁਤਾਬਿਕ ਹੁਣ ਡਿਪਟੀ ਕਮਿਸ਼ਨਰ ਪੰਜਾਬ ਗੁੱਡ ਕੰਡਕਟ ਪਰੀਜ਼ਨਰਜ਼ ਐਕਟ 1962 ਦੀਆਂ ਸਬੰਧਤ ਧਾਰਾਵਾਂ ਅਧੀਨ ਰਾਜ ਸਰਕਾਰ ਦੀਆਂ ਤਾਕਤਾਂ ਦਾ ਇਸਤੇਮਾਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਇਨ੍ਹਾਂ ਤਾਕਤਾਂ ਦਾ ਇਸਤੇਮਾਲ ਸਬੰਧਤ ਐਕਟ ਦੇ ਸਬ-ਸੈਕਸ਼ਨ (1) ਦੀਆਂ ਮੱਦਾ ਏ, ਬੀ ਅਤੇ ਸੀ ਅਧੀਨ ਦਰਜ ਸ਼ਰਤਾਂ ਦੇ ਆਧਾਰ ‘ਤੇ ਹੀ ਕਰ ਸਕਣਗੇ।



