ਦਿੜ੍ਹਬਾ ਮੰਡੀ, 28 ਨਵਬੰਰ (ਸੁਰਜੀਤ ਸਰਾਓ, ਰਣਯੋਧ ਸੰਧੂ)- ਇੱਕ ਪਾਸੇ ਤਾਂ ਸਮੇਂ-ਸਮੇਂ ਪੰਜਾਬ ਅੰਦਰ ਗਊਆਂ ਮਾਰਨ ਜਾ ਗਊਆਂ ਦੇ ਅੰਗ ਮਿਲਣ ’ਤੇ ਵੱਡੇ ਵਿਵਾਦ ਛਿੜਦੇ ਰਹਿੰਦੇ ਹਨ, ਪਰ ਦੂਸਰੇ ਪਾਸੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਹਜ਼ਾਰਾਂ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਅੱਜ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਦਰਜਨਾਂ ਗਾਵਾਂ ਤੇ ਸਾਨ੍ਹਾਂ ਦੇ ਝੁੰਡ ਫਿਰਦੇ ਰਹਿੰਦੇ ਹਨ ਅਤੇ ਰੋਜ਼ਾਨਾ ਹੀ ਦਰਜਨਾਂ ਐਕਸੀਡੈਂਟਾਂ ਦਾ ਕਾਰਨ ਬਣਦੇ ਹਨ ਜਿਨ੍ਹਾਂ ਵਿੱਚ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਤੇ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਹਸਪਤਾਲਾਂ ਵਿੱਚ ਪਏ ਹਨ ਅਤੇ ਕਈ ਅਪਾਹਜ ਹੋ ਚੁੱਕੇ ਹਨ।ਅੱਜ ਤੁਸੀ ਕਿਸੇ ਵੀ ਸ਼ਹਿਰ ਕਸਬੇ ਵਿੱਚ ਜਾਓ ਤਾਂ ਤੁਹਾਨੂੰ ਸੜਕਾਂ ’ਤੇ ਪਹਿਲਾਂ ਇਨ੍ਹਾਂ ਝੁੰਡਾਂ ਦੇ ਨਾਲ ਦੋ ਚਾਰ ਹੋ ਕੇ ਗੁਜ਼ਰਨਾ ਪਵੇਗਾ
ਤੇ ਕਈ ਵਾਰ ਤਾਂ ਇਹ ਸਕੂਟਰ ਮੋਟਸਾਇਕਲ ਸਵਾਰ ਨੂੰ ਟੱਕਰ ਮਾਰ ਕੇ ਸੁੱਟ ਵੀ ਦਿੰਦੇ ਹਨ ਤੇ ਕਈ ਵਾਰ ਕਾਰਾਂ ਨਾਲ ਵੀ ਟੱਕਰ ਲਾ ਲੈਂਦੇ ਹਨ। ਅਜਿਹਾ ਨਹੀਂ ਕਿ ਇਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਦਾ ਕਈ ਵਾਰ ਇਹ ਵੀ ਹਾਦਸਿਆ ਦਾ ਸ਼ਿਕਾਰ ਹੋ ਕੇ ਆਪਣੀ ਲੱਤ ਤੁੜਵਾ ਬੈਠਦੇ ਹਨ ਤੇ ਕਈ ਵਾਰ ਜਾਨ ਵੀ ਗਵਾ ਬੈਠਦੇ ਹਨ, ਪਰ ਵਹੀਕਲ ਵਾਲਾ ਦੋਵੇਂ ਪਾਸੇ ਹੀ ਮਾਰਿਆ ਜਾਂਦਾ ਹੈ, ਕਿਉਂਕਿ ਜੇਕਰ ਆਪਣੇ ਸੱਟ ਲੱਗੀ ਤਾਂ ਤੇ ਲੋਕੀ ਉਠਾਕੇ ਪਾਣੀ ਪਿਆ ਕੇ ਘਰ ਤੋਰ ਦਿੰਦੇ ਹਨ, ਪਰ ਜੇਕਰ ਬਦਨਸੀਬੀ ਨਾਲ ਕਿਸੇ ਗਊ ਜਾਂ ਸਾਨ੍ਹ ਨੂੰ ਨੁਕਸਾਨ ਹੋ ਜਾਵੇ ਤਾਂ ਲੋਕੀ ਧਾਰਮਿਕ ਸ਼ਰਧਾਵਸ ਪਰਚਾ ਦਰਜ ਕਰਾਉਣ ਦੀ ਧਮਕੀ ’ਤੇ ਉਤਾਰੂ ਹੋ ਜਾਂਦੇ ਹਨ ਤੇ ਅਗਲੇ ਨੂੰ ਜੁਰਮਾਨੇ ਦੇ ਤੌਰ ’ਤੇ ਮੋਟੀ ਰਕਮ ਗਊਸ਼ਾਲਾ ਜਾਂ ਕਿਸੇ ਮੰਦਿਰ ਨੂੰ ਭੇਟ ਕਰਨੀ ਪੈਂਦੀ ਹੈ, ਪਰ ਇਨ੍ਹਾਂ ਗਊਆਂ ਦੇ ਨਾਂਅ ’ਤੇ ਕਰੋੜਾਂ ਰੁਪਏ ਗਰਾਂਟਾਂ, ਫੰਡ, ਚੰਦੇ ਇਕੱਠੇ ਕਰਨ ਵਾਲੀਆਂ ਇਹ ਸੰਸਥਾਵਾਂ ਕਦੇ ਕਿਸੇ ਪੀੜਤ ਦੀ ਕੋਈ ਸਹਾਇਤਾ ਕਰਦੀਆਂ ਅੱਜ ਤੱਕ ਨਹੀਂ ਦੇਖੀਆਂ। ਹਲਕਾ ਦਿੜ੍ਹਬਾ ਅੰਦਰ ਹੀ ਪਿਛਲੇ ਸਾਲ ਤੋਂ ਲੈ ਕੇ ਕਈ ਗਊਆਂ ਬਿਮਾਰੀ ਕਾਰਨ ਜਾਂ ਹਾਦਸੇ ਕਾਰਨ ਅਵਾਰਾ ਫਿਰਦੀਆਂ ਆਪਣੀ ਜਾਨ ਗੁਆ ਚੁੱਕੀਆਂ ਹਨ, ਜਦ ਕਿ ਦਿੜ੍ਹਬਾ ਤੇ ਨਾਲ ਲੱਗਦੇ ਚੰਦ ਪਿੰਡਾਂ ਅੰਦਰ ਹੀ ਦਰਜਨਾਂ ਗਊਸ਼ਾਲਾਵਾਂ ਹਨ, ਪਰ ਇਹ ਗਊਸ਼ਾਲਾਵਾਂ ਗਊਆਂ ਨੂੰ ਸੰਭਾਲਣ ਦੀ ਜਗ੍ਹਾ ਆਪਣੇ ਛਿਮਾਹੀ ਜਾਂ ਸਾਲਾਨਾ ਪ੍ਰੋਗਰਾਮਾਂ ’ਤੇ ਵੱਡੇ ਤੇ ਨਾਮੀ ਅਤੇ ਮਸਤ ਕਹਾਉਂਦੇ ਕਲਾਕਾਰਾਂ ’ਤੇ ਲੱਖਾਂ ਰੁਪਏ ਪਾਣੀ ਦੀ ਤਰ੍ਹਾਂ ਰੋੜ੍ਹਦੀਆਂ ਹਨ ਅਤੇ ਜਗਰਾਤੇ ਕਰਵਾਉਣ ਲਈ ਮਹਿੰਗੇ ਕਲਾਕਾਰਾਂ ’ਤੇ ਪੈਸਾ ਵਹਾ ਕੇ ਪਤਾ ਨਹੀਂ ਕੀ ਸੇਵਾ ਕਰ ਰਹੀਆਂ ਹਨ। ਜਦ ਕਿ ਹਲਕੇ ਦੇ ਹਰ ਪਿੰਡ ਅੰਦਰ ਸੈਂਕੜਿਆਂ ਦੀ ਗਿਣਤੀ ਵਿੱਚ ਆਵਾਰਾ ਗਊਆਂ ਤੇ ਸਾਨ੍ਹ ਘੁੰਮ ਰਹੇ ਹਨ, ਇਹ ਗਊਸ਼ਾਲਾਵਾਂ ਵਾਲੇ ਇੱਕ ਘੜਿਆ-ਘੜਾਇਆ ਜਵਾਬ ਦਿੰਦੇ ਹਨ ਕਿ ਦੇਖੋ ਜੀ ਮਰੀਕੀ (ਅਮਰੀਕਨ ਨਸਲ) ਗਊਆਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਪਰ ਜਦੋਂ ਉਨ੍ਹਾਂ ਨੂੰ ਇੱਕ ਅਮਰੀਕਨ ਨਾਲ ਦਰਜਨ ਦੇਸੀ ਗਾਵਾਂ ਘੁੰਮਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦੇਖੋ ਜੀ ਲੋਕੀ ਦੁੱਧ ਪੀ ਕੇ ਰੱਸੇ ਕੱਢ ਦਿੰਦੇ ਹਨ। ਪਰ ਸਾਡੇ ਕੋਲ ਨਹੀਂ ਛੱਡ ਕੇ ਜਾਂਦੇ ਪਰ ਦੂਸਰੇ ਪਾਸੇ ਦਰਜਨਾਂ ਲੋਕ ਅਜਿਹੇ ਵੀ ਹਨ ਜੋ ਕਹਿੰਦੇ ਹਨ ਕਿ ਅਸੀਂ ਗਊ ਨੂੰ ਛੱਡ ਕੇ ਆਏ ਪਰ ਸਾਡੇ ਮਗਰ ਹੀ ਦੋ ਘੰਟੇ ਬਾਅਦ ਗਊ ਵੀ ਸਾਡੇ ਘਰ ਆ ਗਈ। ਫਿਰ ਅਸੀਂ ਕਿੰਨੀ ਵਾਰ ਪੈਸੇ ਦੇ ਕੇ ਇਨ੍ਹਾਂ ਨੂੰ ਉ¤ਥੇ ਛੱਡੀਏ? ਸਂੈਕੜੇ ਵਾਰ ਪੰਜਾਬ ਵਿੱਚ ਆਸਥਾ ਦੇ ਨਾਂਅ ’ਤੇ ਦੰਗਿਆਂ ਦਾ ਕਾਰਨ ਬਣ ਚੁੱਕੇ ਇਸ ਮੁੱਦੇ ’ਤੇ ਸਰਕਾਰ ਪਤਾ ਨਹੀਂ ਕਦੋਂ ਜਾਗੇਗੀ ਜਾਂ ਉਹ ਆਸਥਾ ਦੇ ਨਾਂਅ ’ਤੇ ਲੋਕਾਂ ਨੂੰ ਮਰਨ ਲਈ ਛੱਡਕੇ ਆਪ ਵੀ ਆਸਥਾ ਦੇ ਨਾਂਅ ’ਤੇ ਸੁੱਤੀ ਰਹੇਗੀ।



