ਲਖਨਊ, 23 ਨਵੰਬਰ (ਪੀ. ਟੀ.)- ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਅੱਜ ਸੂਬੇ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ, ਉਨ੍ਹਾਂ ਦੇ ਮੰਤਰੀਆਂ, ਵਿਧਾਇਕਾਂ ਤੇ ਅਧਿਕਾਰੀਆਂ ਨੂੰ ਫਟਕਾਰ ਲਗਾਈ। ਮੁਲਾਇਮ ਸਿੰਘ ਨੇ ਅਖਿਲੇਸ਼ ਵੱਲ ਇਸ਼ਾਰਾ ਕਰਦਿਆਂ ਸਾਫ ਸ਼ਬਦਾਂ ‘ਚ ਕਿਹਾ ਕਿ ਸਿਰਫ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਨਾਲ ਕੰਮ ਨਹੀਂ ਚੱਲੇਗਾ, ਇਹ ਦੱਸੋ ਕਿ ਉਦਘਾਟਨ ਕਰਨ ਦਾ ਮੌਕਾ ਕਦੋਂ ਮਿਲੇਗਾ? ਇਹ ਪ੍ਰਗਟਾਵਾ ਮੁਲਾਇਮ ਸਿੰਘ ਨੇ ਅੱਜ 5 ਕਾਲੀਦਾਸ ਮਾਰਗ ‘ਤੇ ਆਪਣੇ ਪੁੱਤਰ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਡਰੀਮ ਪ੍ਰਾਜੈਕਟ ਆਗਰਾ-ਲਖਨਊ ਐਕਸਪ੍ਰੈਸ ਰਸਤੇ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਕਿਸੇ ਕੰਮ ਦਾ ਨੀਂਹ ਪੱਥਰ ਰੱਖਣ ਦੇ ਨਾਲ ਹੀ ਉਦਘਾਟਨ ਦੀ ਤਰੀਕ ਵੀ ਤੈਅ ਕਰ ਦਿੱਤੇ ਸੀ ਪਰ ਮੌਜੂਦਾ ਸਰਕਾਰ ‘ਚ ਇਸ ਗੱਲ ਦੀ ਘਾਟ ਹੈ।



