ਲੋਕ ਸੇਵਾ ਕਮਿਸ਼ਨ ਡਿਜੀਟਲਾਈਜ਼ਸ਼ਨ ਵਿਚ ਨਵੀਂ ਪਹਿਲਕਦਮੀ
ਜਲੰਧਰ/ਚੰਡੀਗੜ੍ਹ, 23 ਨਵੰਬਰ- ਪੰਜਾਬ ਨੇ ਸੂਚਨਾ ਤਕਨੀਕ ਦੇ ਖੇਤਰ ਵਿਚ ਤਰੱਕੀ ਵੱਲ ਇਕ ਹੋਰ ਪਹਿਲਕਦਮੀ ਕੀਤੀ ਹੈ।ਇਸ ਤਹਿਤ ਪੰਜਾਬ ਸਰਕਾਰ ਨੇ ਸੇਵਾ ਦਾ ਅਧਿਕਾਰ ਐਕਟ ਤਹਿਤ ਮਿੱਥੇ ਸਮੇਂ ਵਿਚ ਸੇਵਾਵਾਂ ਉਪਲੱਬਧ ਕਰਵਾਉਣ ਵਾਲੀ ਪ੍ਰਣਾਲੀ ਨੂੰ ਡਿਜੀਟਲ ਰੂਪ ਦੇਣ ਦੀ ਪ੍ਰਕ੍ਰਿਰਿਆ ਸ਼ੁਰੂ ਕਰ ਦਿੱਤੀ ਹੈ।ਪੰਜਾਬ ਦੇ ਸੇਵਾ ਦਾ ਅਧਿਕਾਰ ਕਮਿਸ਼ਨ ਵੱਲੋਂ ਪ੍ਰਾਪਤ ਅਰਜ਼ੀਆਂ ਅਤੇ ਉਹਨਾਂ ਦੇ ਨਿਪਟਾਰੇ ਲਈ ਆਨ-ਲਾਈਨ ਮੋਨੀਟਰਿੰਗ ਕਰਨ ਲਈ ਨੈਸ਼ਨਲ ਇਨਫਰਮੇਟਿਕ ਸੈਂਟਰ ਤੋਂ ਰਾਈਟ-ਟੂ-ਸਰਵਿਸ ਇਨਫਰਮੇਸ਼ਨ ਸਿਸਟਮ ਵਿਕਸਿਤ ਕਰਵਾਇਆ ਗਿਆ ਹੈ।ਪੰਜਾਬ ਰਾਜ ਸੇਵਾ ਕਮਿਸ਼ਨ ਦੇ ਮੁੱਖ ਕਮਿਸ਼ਨਰ ਸ਼੍ਰੀ ਐਸ.ਸੀ. ਅਗਰਵਾਲ ਨੇ ਦੱਸਿਆ ਕਿ ਰਾਜ ਵਿਚ ਸੇਵਾ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਪੰਜਾਬ ਰਾਜ ਦੇ ਨਾਗਰਿਕਾਂ ਵਲੋਂ
ਤਿੰਨ ਕਰੋੜ ਤੋਂ ਵੱਧ ਕੇਸਾਂ ਵਿਚ ਸੇਵਾਵਾਂ ਪ੍ਰਾਪਤ ਕੀਤੀਆ ਗਈਆਂ ਹਨ ਜਿਸ ਵਿਚ ਇੱਕ ਕਰੋੜ ਸੱਠ ਲੱਖ ਦਰਖ਼ਾਸਤਾਂ ਇਸ ਸਾਲ ਮਿੱਥੇ ਸਮੇਂ ਅੰਦਰ ਹੀ ਨਿਪਟਾਈਆਂ ਗਈਆਂ।ਸ਼੍ਰੀ ਅਗਰਵਾਲ ਨੇ ਦੱਸਿਆ ਕਿ ਪਹਿਲੀ, ਦੂਜੀ ਅਪੀਲ ਅਥਾਰਟੀ ਅਤੇ ਮੁੜ ਜਾਂਚ ਅਥਾਰਟੀ ਨੇ ਕੋਲ ਕੁੱਲ 1214 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ 1169 ਦਾ ਨਿਪਟਾਰਾ ਕੀਤਾ ਗਿਆ ਅਤੇ 45 ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕੀਤਾ ਜਾ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਕਮਿਸ਼ਨ ਵੱਲੋਂ ਸੁਮੋਟੋ ਨੋਟਿਸ ਲੈ ਕੇ 266 ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ 18 ਕੇਸਾਂ ਵਿਚ 44 ਅਫਸਰਾਂ/ਕਰਮਚਾਰੀਆਂ ਨੂੰ ਜੁਰਮਾਨਾਂ ਲਾਇਆ ਗਿਆ ਹੈ।ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਅਗਰਵਾਲ ਨੇ ਦੱਸਿਆ ਕਿ ਕੁੱਲ 6334 ਕੇਸ ਜਿਵੇਂ ਕਿ ਜਨਮ/ਮੌਤ ਦੇ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਜਾਰੀ ਕਰਨ, ਰਿਹਾਇਸ਼ੀ ਸਰਟੀਫਿਕੇਟ ਜਾਰੀ ਕਰਨ, ਜਮੀਨ ਦੀ ਨਿਸ਼ਾਨਦੇਹੀ, ਅਸਲਾ ਲਾਇਸੈਂਸ ਨੂੰ ਨਵਿਆਉਣਾ, ਰਾਸ਼ਨ ਕਾਰਡ ਜਾਰੀ ਕਰਨ, ਪਾਣੀ ਸੀਵਰੇਜ਼ ਦੇ ਕੁਨੈਕਸ਼ਨ ਅਤੇ ਇਮਾਰਤੀ ਯੋਜਨਾ ਸਬੰਧੀ ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ।
ਅਰਥ ਵਿਵਸਥਾ ਦੇ ਵਿਕਾਸ ਨਾਲ ਜਨਤਾ ਆਪਣੇ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋ ਗਈ ਹੈ ਅਤੇ ਇਹ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਨੂੰ ਵੱਖੋ-ਵੱਖਰੀਆਂ ਸੇਵਾਵਾਂ ਪ੍ਰਾਪਤ ਕਰਨ ਦਾ ਅਧਿਕਾਰ ਪ੍ਰਾਪਤ ਹੈ ਪਰ ਇਸ ਲਈ ਕੋਈ ਸਮਾਂ ਸੀਮਾ ਨਿਸ਼ਚਿਤ ਨਹੀਂ ਸੀ। ਪੰਜਾਬ ਰਾਜ ਸੂਚਨਾ ਅਧਿਕਾਰ ਐਕਟ-2011 ਨੇ ਲੋਕਾਂ ਨੂੰ ਵੱਖੋ-ਵੱਖਰੇ ਸਾਧਨਾਂ ਰਾਹੀਂ ਨਿਰਧਾਰਿਤ ਸਮੇਂ ਵਿਚ ਸੇਵਾਵਾਂ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਆਨ-ਲਾਈਨ ਨਿਗਰਾਨੀ ਪ੍ਰਣਾਲੀ ਦੇ ਆਉਣ ਨਾਲ ਲੋਕਾਂ ਨੂੰ ਸਹੂਲਤ ਹੋ ਗਈ ਹੈ।ਇਸ ਨਾਲ ਵਿਭਾਗਾਂ ਦੇ ਕੰਮ ਕਾਜ ਵਿਚ ਵੀ ਤੇਜੀ ਆ ਗਈ ਹੈ।
ਕਮਿਸ਼ਨਰ ਨੇ ਕਿਹਾ ਕਿ ਅਜਿਹੀ ਪ੍ਰਣਾਲੀ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਇਸ ਦੇਸ਼ ਦਾ ਪਹਿਲਾ ਸੂਬਾ ਸੀ ਜਿਸਨੇ ਪੰਜਾਬ ਸੂਚਨਾ ਐਕਟ-2011 ਦੇ ਤਹਿਤ ਪੰਜਾਬ ਸੂਚਨਾ ਅਧਿਕਾਰ ਕਮਿਸ਼ਨ ਸਥਾਪਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਆਨ-ਲਾਈਨ ਨਿਗਰਾਨੀ ਪ੍ਰਣਾਲੀ ਕਈ ਵਿਭਾਗਾਂ ਜਿਵੇਂ ਕਿ ਸਿਹਤ, ਮਾਲ, ਗ੍ਰਹਿ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗਾਂ ਨੂੰ ਆਪਸ ਵਿਚ ਜੋੜਦੀ ਹੈ। ਇਹ ਪਾਇਲਟ ਪ੍ਰੋਜੈਕਟ ਐਸ.ਏ.ਐਸ. ਨਗਰ (ਮੋਹਾਲੀ) ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਅਮਲੇ ਨੂੰ ਇਸ ਸਬੰਧੀ ਲੋੜੀਂਦੀ ਤਕਨੀਕੀ ਸਿਖਲਾਈ ਵੀ ਮੁਹੱਈਆ ਕਰਵਾਈ ਜਾ ਰਹੀ ਹੈ।



