Skip to content
Independent perspectives. Global stories.
BREAKING

ਮੁੱਖ ਮੰਤਰੀ ਬਾਦਲ ਵੱਲੋਂ ਸਵਾਮੀਨਾਥਨ ਫਾਰਮੂਲਾ ਲਾਗੂ ਕਰਨ ਦੀ ਐਨ ਡੀ ਏ ਸਰਕਾਰ ਨੂੰ ਅਪੀਲ

Share this story

ਪੰਜਾਬ ਦੇ ਕਿਸਾਨਾਂ ਸਿਰ 30000 ਕਰੋੜ ਦਾ ਕਰਜ਼ਾ
Page-3_10 ਚੰਡੀਗੜ੍ਹ, 22 ਨਵੰਬਰ (ਪੀ. ਟੀ. ਲਾਇਵ)- ਖੇਤੀ ਅਧਾਰਤ ਸੂਬਿਆਂ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਹਰੇਕ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਸਵਾਮੀਨਾਥਨ ਫਾਰਮੂਲੇ ਦੇ ਅਧਾਰ ’ਤੇ ਤੈਅ ਕਰਨ ਦੀ ਅਪੀਲ ਕੀਤੀ ਹੈ।ਸ. ਬਾਦਲ ਨੇ ਇਹ ਅਪੀਲ ਸੀ.ਆਈ. ਆਈ. ਐਗਰੋ ਟੈਕ 2014 ਦੇ ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕੀਤੀ।  ਚੰਡੀਗੜ੍ਹ ਦੇ ਸੈਕਟਰ 17 ਵਿੱਚ ਖੇਤੀ ਤਕਨੋਲੋਜੀ ਅਤੇ ਬਿਜਨਸ ਦੇ ਬਾਰੇ ਸ਼ੁਰੂ ਹੋਏ ਮੇਲੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਅਤੇ ਕੈਨੇਡਾ ਦੇ ਸਸਕੈਚਵੈਨ ਸੂਬੇ ਦੇ ਪ੍ਰੀਮੀਅਰ ਸ੍ਰੀ ਬਰੈਡ ਵਾਲ ਵੀ ਇਸ ਮੌਕੇ ਸਟੇਜ ’ਤੇ ਹਾਜ਼ਰ ਸਨ। 

ਖੇਤੀ ਲਾਗਤ ਦੇ ਨਾਲ 50 ਫੀਸਦੀ ਲਾਭ ਦੇਣ ਦੇ ਸਵਾਮੀਨਾਥਨ ਫਾਰਮੂਲੇ ਨੂੰ ਲਾਗੂ ਕਰਨ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਦੇਸ਼ ਦੀ ਖੇਤੀ ਆਰਥਿਕਤਾ ਵਿੱਚ ਪੈਦਾ ਹੋਏ ਮੌਜੂਦਾ ਸੰਕਟ ਨੂੰ ਹੱਲ ਕਰਨ ਲਈ ਇਹ ਵੀ ਇੱਕ ਰਾਹ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਜਮਹੂਰੀ ਗੱਠਜੋੜ ਦਾ ਵੀ ਇੱਕ ਪਮੁੱਖ ਨੁਕਤਾ ਸੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ  ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇਸ ਫਾਰਮੂਲੇ ਨੂੰ ਇਸ ਦੀ ਅਸਲ ਭਾਵਨਾ ਅਨੁਸਰ ਲਾਗੂ ਕਰਨ ਦਾ ਸਮਾਂ ਆ ਗਿਆ ਹੈ।
ਉਨ੍ਹ ਨੇ ਅੱਗੇ ਕਿਹਾ ਕਿ ਪੰਜਾਬ ਨੂੰ ਦੇਸ਼ ਦੇ ਅੰਨਦਾਤੇ ਵਜੋਂ ਜਾਣਿਆ ਜਾਂਦਾ ਹੈ ਜਿਸ ਦਾ ਦੇਸ਼ ਦੀ ਕੁੱਲ ਵਸੋਂ ਵਿੱਚ ਕੇਵਲ 1.5 ਫੀਸਦੀ ਹਿੱਸਾ ਹੈ ਅਤੇ ਇਹ ਦੇਸ਼ ਦੇ ਅਨਾਜ ਭੰਡਾਰ ਵਿੱਚ 50 ਫੀਸਦੀ ਹਿੱਸਾ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਆਨਾਜ ਦੀ ਕਮੀ ਵਿੱਚੋਂ ਬਾਹਰ ਕੱਢਿਆ ਹੈ  ਪਰ ਇਸ ਪ੍ਰਕਿਰਿਆ ਵਿੱਚ ਇਸ ਨੇ ਪਾਣੀ ਅਤੇ ਭੂਮੀ ਦੀ ਉਪਜਾਉ ਸ਼ਕਤੀ ਵਰਗੇ ਆਪਣੇ ਕੁਦਰੀ ਵਸੀਲਿਆਂ ਦੀ ਕੁਰਬਾਨੀ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਕਿਸਾਨਾਂ ਦੀ ਆਮਦਨ ਵਿੱਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਖੇਤੀਬਾੜੀ ਸੰਕਟ ਬਹੁਤ ਡੂੰਘਾ ਹੈ ਅਤੇ ਰਾਜ ਦੀ ਕਿਸਾਨੀ 30,000 ਕਰੋੜ ਦੇ ਕਰਜੇ ਦੇ ਬੋਝ ਹੇਠ ਦੱਬੀ ਹੋਈ ਹੈ। ਕੇਂਦਰੀ ਖੇਤੀਬਾੜੀ ਲਈ ਵੱਖਰਾ ਬਜਟ ਬਨਾਉਣ ਦੀ ਵਕਾਲਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਸੰਕਟ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਖੇਤੀ ਆਰਥਿਕਤਾ ਦੇ ਵਾਧੇ ਨੂੰ ਢੁਕਵੀਂ ਗਤੀ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਦੇਸ਼ ਦੀ 60 ਫੀਸਦੀ ਵਸੋਂ ਅਜੇ ਵੀ ਖੇਤੀ ’ਤੇ ਨਿਰਭਰ ਹੈ ਪਰ ਇਸ ਦਾ ਕੁਲ ਘਰੇਲੂ ਉਤਪਾਦਨ ਵਿੱਚ ਹਿੱਸਾ ਘਟ ਕੇ 17 ਫੀਸਦੀ ਰਹਿ ਗਿਆ ਹੈ ਜੋ ਕਿ 1965-66 ਵਿੱਚ 65 ਫੀਸਦੀ ਹੁੰਦਾ ਸੀ। ਉਨ੍ਹਾਂ ਕਿਹਾ ਕਿ ਕਰਜੇ ਹੇਠਲੇ ਕਿਸਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ।ਖੇਤੀਬਾੜੀ ਖੋਜ ਪ੍ਰੋਗਰਾਮ ਅਤੇ ਖੇਤੀ ਵਿਭਿੰਨਤਾ ਲਈ ਕੇਂਦਰੀ ਸਹਾਇਤਾ ਦੀ ਮੰਗ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਖੇਤੀ ਖੋਜ ਅਤੇ ਖੇਤੀ ਵਿਭਿੰਨਤਾ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਜਿਸ ਦੀ ਕਿ ਪੰਜਾਬ ਅਤੇ ਹਰਿਆਣਾ ਦੀ ਪ੍ਰਗਤੀ ਜਾਰੀ ਰੱਖਣ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਖੇਤੀ ਉਦਯੋਗ, ਫਲਾਂ, ਸਬਜ਼ੀਆਂ, ਅਤੇ ਫੂਡ ਪ੍ਰੋਸੈਸਿੰਘ ਵਿੱਚ ਲਾਭ ਕਮਾਇਆ ਜਾ ਸਕਦਾ ਹੈ ਪਰ ਇਸ ਤੋਂ ਪਹਿਲਾਂ ਸਰਕਾਰ ਨੂੰ ਢੁਕਵੀਂ ਮੰਡੀ ਸਹੂਲਤ ਪ੍ਰਦਾਨ ਕਰਨੀ ਪਵੇਗੀ।ਇਸ ਕਾਰਜ ਲਈ ਸੀ ਆਈ ਆਈ ਨੂੰ ਵਧਾਈ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਐਗਰੋ ਟੈਕ ਇੱਕ ਖੇਤੀਬਾੜੀ ਵਿੱਚ ਵਿਚਾਰ ਵਿਟਾਂਦਰੇ ਲਈ ਸਾਰੀਆਂ ਸਬੰਧਤ ਧਿਰਾਂ ਲਈ ਇੱਕ ਵਧੀਆ ਮੰਚ ਹੈ ਇਸ ਮੌਕੇ ਸ. ਬਾਦਲ ਨੇ ਸੀ ਆਈ ਆਈ ਐਗਰੋ ਟੈਕ 2014 ਬਾਰੇ ਪੇਪਰ ਜਾਰੀ ਕੀਤਾ ਅਤੇ ਨੁਮਾਇਸ਼ ਦਾ ਉਦਘਾਟ ਵੀ ਕੀਤਾ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਸਕੈਚਵੈਨ ਦੇ ਪ੍ਰੀਮੀਅਰ ਦੇ ਨਾਲ ਨੁਮਾਇਸ਼ ਵੀ ਦੇਖੀ। ਆਪਣੇ ਭਾਸ਼ਣ ਵਿੱਚ ਸਸਕੈਚਵੈਨ ਦੇ ਪ੍ਰੀਮੀਅਰ ਸ੍ਰੀ ਬਰੈਡ ਵਾਲ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਖੇਤੀਬਾੜੀ ਵਿੱਚ ਦੁਵੱਲਾ ਸਹਿਯੋਗ ਕਰਨ ਲਈ ਵਿਚਾਰ ਵਿਟਾਂਦਰਾ ਹੋਇਆ ਹੈ। ਦੋਵਾਂ ਦੇਸ਼ਾਂ ਵਿੱਚ ਸਬੰਧ ਮਜ਼ਬੂਤ ਹੋਣ ਦੀ ਉਮੀਦ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਨੂੰ ਫੂਡ ਤਕਨੋਲੋਜੀ, ਫੂਡ ਪ੍ਰੋਸੈਸਿੰਗ, ਐਗਰੀ ਬਾਇੳ ਤਕਨੋਲੋਜੀ ਆਦਿ ਖੇਤਰਾਂ ਵਿੱਚ ਸਹਾਇਤਾ ਦਾ ਭਰੋਸਾ ਦੁਆਇਆ ਹੈ।

WRITTEN BY