ਸ਼ਰਨਜੀਤ ਢਿੱਲੋਂ ਨੇ ਕੇਂਦਰੀ ਮੰਤਰੀ ਉਮਾ ਭਾਰਤੀ ਨੂੰ ਮਿਲ ਕੇ ਰੱਖੀ ਮੰਗ
ਚੰਡੀਗੜ੍ਹ/ਨਵੀਂ ਦਿੱਲੀ, 20 ਨਵੰਬਰ- ਪੰਜਾਬ ਸਰਕਾਰ ਨੇ ਸੂਬੇ ਦੀ ਸਿੰਜਾਈ ਵਿਵਸਥਾ ਵਿੱਚ ਹੋਰ ਸੁਧਾਰਾਂ ਅਤੇ ਪਾਣੀ ਦੀ ਸ਼ੁੱਧਤਾ ਲਈ ਕੇਂਦਰ ਸਰਕਾਰ ਅੱਗੇ ਕੋਲ ਜ਼ੋਰਦਾਰ ਢੰਗ ਨਾਲ ਮੁੱਦਾ ਚੁੱਕਦਿਆਂ ਗੰਗਾ ਦੇ ਪ੍ਰਾਜੈਕਟ ਦੇ ਪੈਟਰਨ ’ਤੇ ਪੰਜਾਬ ਦੇ ਦਰਿਆਵਾਂ ਨੂੰ ਸਾਫ-ਸੁਥਰਾ ਕਰ ਕੇ ਕਾਇਆ ਕਲਪਣ ਲਈ ਮੰਗ ਪੱਤਰ ਰੱਖਿਆ। ਇਸ ਦੇ ਨਾਲ ਹੀ ਪੰਜਾਬ ਨੇ ਨਹਿਰਾਂ ਦੀ ਰੀਲਾਈਨਿੰਗ ਅਤੇ ਨਵ ਨਿਰਮਾਣ ਲਈ ਯਕਮੁਸ਼ਤ ਰਾਸ਼ੀ ਐਲਾਨਣ ਦੀ ਮੰਗ ਰੱਖੀ
ਇਹ ਮੰਗਾਂ ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਭਾਰਤ ਸਰਕਾਰ ਵੱਲੋਂ ਕਰਵਾਏ ਜਲ ਮੰਥਨ ਪ੍ਰੋਗਰਾਮ ਦੌਰਾਨ ਜਲ ਸਰੋਤਾਂ, ਦਰਿਆਵਾਂ ਦੇ ਵਿਕਾਸ ਅਤੇ ਗੰਗਾ ਪ੍ਰਾਜੈਕਟ ਬਾਰੇ ਕੇਂਦਰੀ ਮੰਤਰੀ ਉਮਾ ਭਾਰਤੀ ਅੱਗੇ ਰੱਖਦਿਆਂ
ਕਿਹਾ ਕਿ ਪਿਛਲੇ 67 ਸਾਲਾਂ ਤੋਂ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿੱਚ ਅੱਧ ਦੇ ਕਰੀਬ ਯੋਗਦਾਨ ਪਾ ਕੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਕਿ ਦੇਸ਼ ਦੇ ਅੰਨਦਾਤਾ ਪੰਜਾਬ ਦੇ ਕਿਸਾਨਾਂ ਨੂੰ ਬਿਹਤਰ ਸਿੰਜਾਈ ਸਹੂਲਤਾਂ ਦੇਣ ਲਈ ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਦੀ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਰੰਭੇ ਯਤਨਾਂ ਵਿੱਚ ਆਪਣਾ ਵੀ ਯੋਗਦਾਨ ਪਾਵੇ। ਇਸ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ ਉਪਰ ਚੁੱਕਣ ਅਤੇ ਨਹਿਰਾਂ ਦੀ ਰੀਲਾਈਨਿੰਗ ਤੇ ਨਵ ਨਿਰਮਾਣ ਲਈ ਵਿਸ਼ੇਸ਼ ਪੈਕੇਜ ਦਿੰਦਿਆਂ ਯਕਮੁਸ਼ਤ ਰਾਸ਼ੀ ਜਾਰੀ ਕਰੇ।
ਤਿੰਨ ਦਿਨ ਚੱਲਣ ਵਾਲੇ ਇਸ ਜਲ ਮੰਥਨ ਪ੍ਰੋਗਰਾਮ ਦਾ ਉਦੇਸ਼ ਪਾਣੀ ਦੇ ਸਰੋਤਾਂ ਨੂੰ ਬਿਹਤਰ ਬਣਾਉਣਾ ਹੈ ਜਿਸ ਦਾ ਉਦਘਾਨ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕੀਤਾ।
ਸ. ਢਿੱਲੋਂ ਨੇ ਕਿਹਾ ਕਿ 1950 ਦੇ ਦਹਾਕੇ ਵਿੱਚ ਦੇਸ਼ ਅਨਾਜ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਮੋਹਰੀ ਰੋਲ ਨਿਭਾਉਂਦਿਆਂ ਸਖਤ ਮਿਹਨਤ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੁਹੱਈਆਂ ਕਰਵਾਈਆਂ ਆਧੁਨਿਕ ਤਕਨੀਕਾ ਨਾਲ 10 ਸਾਲਾਂ ਦੇ ਵਕਫੇ ਵਿੱਚ ਭਾਰਤ ਦੀ ਅਨਾਜ ਸਮੱਸਿਆ ਦੂਰ ਕਰ ਦਿੱਤੀ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਦੇਸ਼ ਦੇ ਖੇਤਰਫਲ ਦਾ ਸਿਰਫ 1.25 ਫੀਸਦੀ ਰਕਬਾ ਹੈ ਜਦੋਂ ਕਿ ਪੰਜਾਬ ਦੇ ਕਿਸਾਨ 125 ਕਰੋੜ ਵਸੋਂ ਵਾਲੇ ਮੁਲਕ ਦੀ ਅੱਧੀ ਆਬਾਦੀ ਦਾ ਢਿੱਡ ਇਕੱਲਿਆ ਭਰਦੇ ਹਨ। ਇਸ ਲਈ ਦੇਸ਼ ਨੂੰ ਹੁਣ ਪੰਜਾਬ ਦੇ ਕਿਸਾਨਾਂ ਦੀ ਬਿਹਤਰੀ ਲਈ ਨਹਿਰੀ ਢਾਂਚੇ ਵਿੱਚ ਸੁਧਾਰ ਵਿੱਚ ਮੱਦਦ ਕਰਨੀ ਚਾਹੀਦੀ ਹੈ।
ਪੰਜਾਬ ਦੇ ਦਰਿਆਵਾਂ ਲਈ ਵਿਸ਼ੇਸ਼ ਪੈਕੇਜ ਮੰਗਦਿਆਂ ਸ. ਢਿੱਲੋਂ ਨੇ ਕਿਹਾ ਕਿ ਕੈਮੀਕਲ ਖਾਦਾਂ, ਕੀਟਨਾਸ਼ਕਾਂ ਦੀ ਵੱਧ ਵਰਤੋਂ ਅਤੇ ਸਨਅਤੀ ਪ੍ਰਦੂਸ਼ਣ ਕਾਰਨ ਪੰਜਾਬ ਦਾ ਜ਼ਿਆਦਾਤਰ ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖਾਸ ਕਰ ਕੇ ਮਾਲਵੇ ਖਿੱਤੇ ਵਿੱਚ ਕੈਂਸਰ ਦੇ ਵਧਦੇ ਮਰੀਜ਼ ਪ੍ਰਦੂਸ਼ਿਤ ਪਾਣੀ ਦਾ ਹੀ ਸਿੱਟਾ ਹੈ। ਅਨਾਜ ਭੰਡਾਰਨ ਵਿੱਚ ਵੱਧ ਯੋਗਦਾਨ ਪਾਉਣ ਕਾਰਨ ਪੰਜਾਬ ਦੇ ਪਾਣੀ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੇ ਦਰਿਆਵਾਂ ਨੂੰ ਸਾਫ ਸੁਥਰਾ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ।
ਸ. ਢਿੱਲੋਂ ਨੇ ਕੇਂਦਰੀ ਮੰਤਰੀ ਉਮਾ ਭਾਰਤੀ ਕੋਲ ਦਰਿਆਵਾਂ ਦੀ ਸਾਫ ਸਫਾਈ ਲਈ ਵੀ ਵਿਸ਼ੇਸ਼ ਪੈਕੇਜ ਮੰਗਿਆ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਗੰਗਾ ਨੂੰ ਸਾਫ ਕਰਨ ਦੀ ਮੁਹਿੰਮ ਸ਼ੁਰੂ ਕਰਨ ਦੀ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਪੰਜਾਬ ਵਿੱਚ ਬੁੱਢਾ ਨਾਲਾ ਵੀ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ ਜਿਸ ਨੂੰ ਸਾਫ ਕਰਨਾ ਸਮੇਂ ਦੀ ਲੋੜ ਹੈ।
ਪੰਜਾਬ ਦੇ ਸਿੰਜਾਈ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਘਟਦਾ ਪੱਧਰ ਵੀ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸੇ ਤਰਜ਼ ’ਤੇ ਪਾਣੀ ਦਾ ਪੱਧਰ ਘਟਦਾ ਗਿਆ ਤਾਂ ਇਕ ਦਿਨ ਪੰਜਾਬ ਮਾਰੂਥਲ ਬਣ ਜਾਵੇਗਾ ਜਿਸ ਨਾਲ ਦੇਸ਼ ਵਿੱਚ ਅਨਾਜ ਸਮੱਸਿਆ ਪੈਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਯੂ.ਪੀ.ਏ. ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ।
ਉਨ੍ਹਾਂ ਇਹ ਮੰਗ ਜ਼ੋਰ ਦੇ ਕੇ ਕਹੀ ਕਿ ਪੰਜਾਬ ਕੋਲ ਦੂਜੇ ਸੂਬਿਆਂ ਨਾਲੋਂ ਕੋਈ ਵਾਧੂ ਪਾਣੀ ਨਹੀਂ ਹੈ। ਪੰਜਾਬ ਦੇ ਕਈ ਪਿੰਡਾਂ ਨੂੰ ਹਾਲੇ ਵੀ ਸਿੰਜਾਈ ਲਈ ਜੂਝਣਾ ਪੈਂਦਾ ਹੈ। ਨਹਿਰੀ ਢਾਂਚੇ ਦੇ ਪੁਰਾਣੇ ਹੋਣ ਕਾਰਨ ਇਸ ਨੂੰ ਆਧੁਨਿਕ ਜ਼ਰੂਰਤਾਂ ਅਨੁਸਾਰ ਬਣਾਉਣ ਦੀ ਲੋੜ ਹੈ। ਰਾਜ ਸਰਕਾਰ ਹਰੇਕ ਸਾਲ ਨਹਿਰਾਂ ਦੀ ਰੀਲਾਈਨਿੰਗ ਉੁਪਰ ਕਰੋੜਾਂ ਰੁਪਏ ਖਰਚ ਰਹੀ ਹੈ ਪਰ ਪੰਜਾਬ ਨੂੰ ਇਸ ਵਿੱਚ ਵੱਡੇ ਸੁਧਾਰਾਂ ਲਈ ਵਿਸ਼ੇਸ਼ ਪੈਕੇਜ ਚਾਹੀਦਾ ਹੈ।
ਸਾਰੇ ਦਰਿਆਵਾਂ ਨੂੰ ਜੋੜਨ ਦੇ ਮੁੱਦੇ ’ਤੇ ਗੱਲ ਕਰਦਿਆਂ ਸ. ਢਿੱਲੋਂ ਨੇ ਕੇਂਦਰੀ ਮੰਤਰੀ ਉਮਾ ਭਾਰਤੀ ਨੂੰ ਕਿਹਾ ਕਿ ਅਜਿਹੇ ਕਿਸੇ ਵੀ ਮੁੱਦੇ ’ਤੇ ਵਿਚਾਰਨ ਤੋਂ ਪਹਿਲਾਂ ਪੰਜਾਬ ਨੂੰ ਧਿਆਨ ਵਿੱਚ ਜ਼ਰੂਰ ਰੱਖਿਓ ਕਿਉਂਕਿ ਰਿਪੇਅਰੀਅਨ ਸੂਬੇ ਹੋਣ ਦੇ ਨਾਤੇ ਦਰਿਆਈ ਪਾਣੀਆਂ ਦੇ ਸਭ ਤੋਂ ਵੱਧ ਅਤੇ ਪਹਿਲਾ ਹੱਕ ਪੰਜਾਬ ਦਾ ਹੈ ਜਦੋਂ ਕਿ ਪੰਜਾਬ ਪਹਿਲਾਂ ਹੀ ਪਾਣੀ ਦਾ ਘਾਟ ਨਾਲ ਜੂਝ ਰਿਹਾ ਹੈ। ਕੇਂਦਰੀ ਮੰਤਰੀ ਨੇ ਪੰਜਾਬ ਵੱਲੋਂ ਉਠਾਏ ਮੁੱਦਿਆਂ ’ਤੇ ਹਾਂਪੱਖੀ ਰਵੱਈਆ ਰੱਖਦਿਆਂ ਕੇਂਦਰ ਸਰਕਾਰ ਤਰਫੋਂ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿਵਾਇਆ



