ਚੰਡੀਗੜ੍ਹ, 18 ਨਵੰਬਰ (ਪੀ. ਟੀ.)- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੇ ਮ੍ਰਿਤਕ ਮੁਲਾਜ਼ਮਾਂ ਦੇ 60 ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡੇ। ਮੁਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਚੀਮਾ ਨੇ ਵਿਭਾਗ ਵੱਲੋਂ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦੇ ਨਾਲ ਉਨ੍ਹਾਂ ਦੀ ਪਸੰਦ ਅਨੁਸਾਰ ਸਟੇਸ਼ਨ ਮੌਕੇ ’ਤੇ ਅਲਾਟ ਕੀਤੇ। 60 ਕਰਮਚਾਰੀਆਂ ਵਿੱਚ 15 ਕਲਰਕ, 43 ਸੀਨੀਅਰ ਲੈਬ ਅਟੈਂਡਟ ਤੇ 2 ਲਾਇਬ੍ਰੇਰੀ ਰਿਸੋਰਟਰ ਸ਼ਾਮਲ ਹਨ। ਡਾ. ਚੀਮਾ ਨੇ ਨਿਯੁਕਤੀ ਪੱਤਰ ਸੌਂਪਣ ਮੌਕੇ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਤਰਸ ਦੇ ਆਧਾਰ ’ਤੇ ਨਿਯੁਕਤੀ ਪੱਤਰ ਦੇਣ ਵਾਲੇ ਪੈਂਡਿੰਗ ਕੇਸਾਂ ਨੂੰ ਇਕ ਮਹੀਨੇ ਦੇ ਅੰਦਰ ਮੁਕੰਮਲ ਕੀਤੇ ਜਾਣ ਤਾਂ ਜੋ ਕੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤੁਰੰਤ ਨਿਯੁਕਤੀ ਪੱਤਰ ਸੌਂਪੇ ਜਾ ਸਕਣ। ਡਾ. ਚੀਮਾ ਨੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਉਨ੍ਹਾਂ ਕੋਲੋ ਫੀਡਬੈਕ ਹਾਸਲ ਕਰਨ ਲਈ ਦਰਪੇਸ਼ ਔਕੜਾਂ ਪੁੱਛੀਆਂ।
ਕਈ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਣ ਵਿੱਚ 2 -3 ਸਾਲ ਲੱਗ ਗਏ ਜਿਸ ’ਤੇ ਮੌਕੇ ’ਤੇ ਨੋਟਿਸ ਲੈਂਦਿਆਂ ਸਿੱਖਿਆ ਮੰਤਰੀ ਨੇ ਦੇਰੀ ਨਾਲ ਹੋਏ ਕੇਸਾਂ ਦੀ ਫਾਈਲ ਉਨ੍ਹਾਂ ਅੱਗੇ ਪੇਸ਼ ਕਰਨ ਦੇ ਹੁਕਮ ਦਿੱਤੇ। ਕਈ ਮੁਲਾਜ਼ਮਾਂ ਨੇ ਵਿਭਾਗ ਵੱਲੋਂ ਰਿਕਾਰਡ ਸਮੇਂ ਅੰਦਰ ਕੀਤੀ ਕਾਰਵਾਈ ਲਈ ਸਿੱਖਿਆ ਮੰਤਰੀ ਅਤੇ ਉਚ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਦੀ ਖੱਜਲ ਖੁਆਰੀ ਲਈ ਜ਼ਿੰਮੇਵਾਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਿੱਖਿਆ ਮੰਤਰੀ ਨੇ ਕਰਮਚਾਰੀਆਂ ਸੰਬੋਧਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਮੀ ਨੂੰ ਪੂਰਿਆ ਜਾਣਾ ਔਖਾ ਹੈ ਪਰ ਵਿਭਾਗ ਨੇ ਨੀਤੀ ਅਨੁਸਾਰ ਉਨ੍ਹਾਂ ਨੂੰ ਨੌਕਰੀ ਦੇ ਕੇ ਆਪਣਾ ਫਰਜ਼ ਨਿਭਾਇਆ ਹੈ।



