ਬਾਘਾ ਪੁਰਾਣਾ 18 ਨਵੰਬਰ (ਭੁਪਿੰਦਰ ਬਰਾੜ)- 20ਵੀਂ ਸਦੀ ਦੇ ਮਹਾਨ ਯੋਧੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਪੂਜਨੀਕ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਖਾਲਸਾ ਦੀ 21 ਵੀਂ ਬਰਸ਼ੀ ਉਨ•ਾਂ ਦੇ ਜੱਦੀ ਪਿੰਡ ਰੋਡੇ ਜਿਲ•ਾ ਮੋਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਦੇ ਭੋਗ ਉਪਰੰਤ ਵਿਸ਼ਾਲ ਇਕੱਠ ਵਿਚ ਸੰਗਤਾਂ ਨੇ ਸ਼ਾਮਿਲ ਹੋ ਕੇ ਬਾਬਾ ਜੀ ਦੀਆ ਕੌਮ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ। ਇਸ ਮੌਕੇ ਇਕੱਤਰ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੀ ਖਾਲਸਾ ਨੇ ਬਾਬਾ ਜੋਗਿੰਦਰ ਸਿੰਘ ਜੀ ਦੀਆਂ ਸਿੱਖ ਕੌਮ ਦੀ ਚੜ੍ਹਦੀ ਕਲਾਂ ਲਈ ਨਿਭਾਈਆ ਜ਼ੁੰਮੇਵਾਰੀਆ ਅਤੇ ਸੇਵਾਵਾ ਨੂੰ ਯਾਦ ਕਰਦਿਆ ਕਿਹਾ ਕਿ ਬਾਬਾ ਜੀ ਦੇ ਸੁਮੱਚੇ ਪਰਿਵਾਰ ਵੱਲੋਂ ਸਿੱਖ ਪੰਥ ਲਈ ਬੀਤੇ ਸਮੇਂ ਦਿੱਤੀਆ ਹੋਈਆਂ ਕੁਰਬਾਨੀਆਂ ਅਤੇ ਅੱਜ ਤੱਕ ਨਿਭਾਈਆ ਜਾ ਰਹੀਆ ਪੰਥਕ ਸੇਵਾਵਾ ਨੂੰ ਕਦੇ ਵੀ ਭੁਲਾਇਆ ਨਹੀ ਜਾ
ਸਕਦਾ। ਉਨ•ਾਂ ਕਿਹਾ ਕਿ ਬਾਬਾ ਜੋਗਿੰਦਰ ਸਿੰਘ ਜੀ ਦਾ ਜੀਵਨ ਇੱਕ ਖੁੱਲੀ ਕਿਤਾਬ ਦੀ ਤਰ•ਾਂ ਸੀ ਜਿਸ ਦਾ ਹਰੇਕ ਕੋਨਾ ਗੁਰਮਿਤ, ਸਿੱਖੀ ਸਿਧਾਂਤਾਂ ਅਤੇ ਗੁਰਬਾਣੀ ਦੇ ਗੁੜ ਗਿਆਨ ਨਾਲ ਕੁੱਟ-ਕੁੱਟ ਭਰਿਆ ਹੋਇਆ ਸੀ। ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਬਾਬਾ ਜੋਗਿੰਦਰ ਸਿੰਘ ਜੀ ਦੇ ਹੋਣਹਾਰ ਸਪੁੱਤਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ 1984 ’ਚ ਕੱਚੀ ਗੜ੍ਹੀ ਦੇ ਸਾਕਿਆਂ ਨੂੰ ਮੁੜ ਦੁਹਰਾ ਦਿੱਤਾ, ਦੇ ਸਦਕਾ ਵੀ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਜੋਗਿੰਦਰ ਸਿੰਘ ਜੀ ਦੇ ਇਹੇ ਨਿਡਰ ਅਤੇ ਦੂਰਅੰਦੇਸ਼ੀ ਵਾਲੀ ਸੋਚ ਸੀ ਜਿਸ ਸਦਕਾ ਉਨ੍ਹਾਂ ਨੇ ਜੂਨ 1984 ਤੋਂ ਬਾਅਦ ਇਕ ਵੱਡੀ ਲਹਿਰ ਚਲਾ ਕੇ ਸਿੱਖ ਕੌਮ ਨੂੰ ਅੰਮ੍ਰਿਤਧਾਰੀ ਕਰਨ ਦੇ ਨਾਲ-ਨਾਲ ਇਕ ਪਲੇਟਫਾਰਮ ਉਪਰ ਇਕੱਠਾ ਕਰਕੇ ਏਕਤਾ ਦਾ ਸਬੂਤ ਦਿੰਦਿਆਂ ਵੱਡੀਆਂ ਰਾਜਨੀਤਿਕ ਜਿੱਤਾਂ ਵੀ ਦਰਜ਼ ਕਰਵਾਈਆਂ। ਗਿਆਨੀ ਗੁਰਬਚਨ ਸਿੰਘ ਜੀ ਨੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਜੇਲਾਂ ’ਚ ਸਜ਼ਾ ਪੂਰੀ ਕਰ ਚੁੱਕੇ ਨੌਜਵਾਨਾ ਨੂੰ ਤੁਰੰਤ ਰਿਹਾ ਕਰਨ ਲਈ ਵੀ ਕਿਹਾ।



