ਚੰਡੀਗੜ੍ਹ, 13 ਨਵੰਬਰ (ਪੀ. ਟੀ.)- ਸਹਿਕਾਰੀ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਦੇ ਟੀਚੇ ਨਾਲ ਪੰਜਾਬ ਸਰਕਾਰ ਵੱਲੋਂ ਦੋਸ਼ੀ ਮੁਲਾਜ਼ਮਾਂ ਸਖਤ ਕਾਰਵਾਈ ਕਰਨ ਦੇ ਆਦੇਸ਼ਾਂ ਦੇ ਨਾਲ ਸੂਬੇ ਦੇ ਕਿਸਾਨਾਂ ਨੂੰ 12 ਹਜ਼ਾਰ ਕਰੋੜ ਰੁਪਏ ਸਹਿਕਾਰੀ ਖੇਤੀਬਾੜੀ ਸੁਸਾਇਟੀਆਂ ਰਾਹੀਂ ਥੋੜੇ ਸਮੇਂ ਦੇ ਫਸਲੀ ਕਰਜ਼ੇ ਦੇਵੇਗਾ। ਇਸ ਦੇ ਨਾਲ ਪੰਜਾਬ ਸਰਕਾਰ ਨੇ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ 6.5 ਲੱਖ ਮੀਟਰਿਕ ਟਨ ਯੂਰੀਆ ਅਤੇ 2.70 ਲੱਖ ਮੀਟਰਿਕ ਡੀ.ਏ.ਪੀ. ਖਾਦਾਂ ਮੁਹੱਈਆਂ ਕਰਵਾਉਣ ਦਾ ਪ੍ਰਬੰਧ ਕੀਤਾ ਹੈ। ਇਹ ਫੈਸਲਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸਹਿਕਾਰਤ ਸ੍ਰੀ ਸ੍ਰੀ ਐਸ.ਕੇ. ਸੰਧੂ ਸਹਿਕਾਰੀ ਵਿਭਾਗ ਅਤੇ ਵੱਖ-ਵੱਖ ਸਹਿਕਾਰੀ ਸੰਸਥਾਵਾਂ ਦੇ ਕੰਮ ਕਾਜ ਦੀ ਸਮੀਖਿਆ ਦੌਰਾਨ ਕੀਤਾ।ਸ੍ਰੀ ਸੰਧੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਕਿਸਾਨਾਂ ਨੂੰ 12000 ਕਰੋੜ ਰੁਪਏ ਦੇ ਥੋੜੇ ਸਮੇਂ ਦੇ ਫਸਲੀ ਕਰਜ਼ੇ ਅਤੇ 6.5 ਲੱਖ ਮੀਟਰਕ ਟਨ
ਯੂਰੀਆ ਅਤੇ 2.70 ਲੱਖ ਮੀਟਰਕ ਟਨ ਡੀ.ਏ.ਪੀ. ਖਾਦ ਸਪਲਾਈ ਕਰਨ ਲਈ ਵੀ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸਾਲ 2014-15 ਦੇ ਹਾੜੀ ਸੀਜ਼ਨ ਲਈ ਕਰਜ਼ਾ ਅਤੇ ਹੋਰ ਖੇਤੀਬਾੜੀ ਸਾਜੋ ਸਮਾਨ ਦੇਣ ਲਈ ਸਾਰੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਵਿਭਾਗ ਦੇ ਜ਼ਿਲ ਮੁਖੀਆਂ, ਸਹਿਕਾਰੀ ਬੈਂਕ, ਐਮ.ਡੀ. ਮਾਰਕਫੈਡ, ਐਮ.ਡੀ. ਮਿਲਕਫੈਡ ਅਤੇ ਹੋਰ ਸੰਸਥਾਵਾਂ ਦੁਆਰਾ ਕੀਤੇ ਜਾਂਦੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ। ਵਿੱਤ ਕਮਿਸ਼ਨਰ ਸਹਿਕਾਰਤਾ ਨੇ ਦੱਸਿਆ ਕਿ ਕੁੱਲ 3537 ਮੁੱਢਲੀਆਂ ਖੇਤੀਬਾੜੀ ਸਭਾਵਾਂ ਵਿੱਚੋਂ ਲਗਭੱਗ 2500 ਸਭਾਵਾਂ ਮੁਨਾਫਾ ਕਮਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਘਾਟੇ ਵਿੱਚ ਜਾ ਰਹੀਆਂ ਸਹਿਕਾਰੀ ਖੇਤੀਬਾੜੀ ਸੰਸਥਾਵਾਂ ਨੂੰ ਵਾਧੇ ਵਿੱਚ ਲਿਆਉਣ ਲਈ ਯੋਜਨਾ ਤਿਆਰ ਕੀਤੀ ਜਾਵੇ। ਉਨ੍ਹਾਂ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਥੇ ਵੀ ਕੋਈ ਘਪਲੇ ਦੀ ਜਾਣਕਾਰੀ ਮਿਲਦੀ ਹੈ ਤਾਂ ਸਹਿਕਾਰੀ ਸਭਾਵਾਂ/ਸਹਿਕਾਰੀ ਬੈਂਕਾਂ ਦੇ ਕਸੂਰਵਾਰ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੁਲਿਸ ਕੇਸ ਵੀ ਦਰਜ ਕੀਤਾ ਜਾਵੇ। ਮੀਟਿੰਗ ਵਿੱਚ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਏ.ਐਸ. ਮਿਗਲਾਨੀ, ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਮਿਲਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਦਿਲਰਾਜ ਸਿੰਘ ਸੰਧੇਵਾਲੀਆ ਵੀ ਹਾਜ਼ਰ ਹੋਏ।



