Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਵਪਾਰਕ ਅਦਾਰਿਆਂ ਨੂੰ ਮਹਿਲਾ ਸੁਰੱਖਿਆ ਉੱਤੇ ਧਿਆਨ ਦੇਣ ਦੇ ਹੁਕਮ

Share this story

ਚੰਡੀਗੜ੍ਹ, 8 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਇੱਕ ਵਿਸਥਾਰਪੂਰਵਕ ਨੀਤੀ ਤਿਆਰ ਕੀਤੀ ਹੈ। ਇਹ ਨੀਤੀ ਉਨ੍ਹਾਂ ਵਪਾਰਕ ਅਦਾਰਿਆਂ ਲਈ ਹੈ ਜੋ ਕਿ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਐਕਟ 1958 ਦੇ ਸੈਕਸ਼ਨ 30 ਤੋਂ ਛੋਟ ਮੰਗਦੇ ਹਨ। ਇਸ ਦਾ ਇੱਕ ਮਕਸਦ ਤਾਂ ਅਦਾਰਿਆਂ ਲਈ ਨਿਯਮਾਂ ’ਚ ਛੋਟ ਦੇਣਾ ਹੈ ਅਤੇ ਦੂਸਰਾ ਮਕਸਦ ਹੈ ਮਹਿਲਾ ਮੁਲਾਜ਼ਮ ਦੀ ਸੁਰੱਖਿਆ ਯਕੀਨੀ ਬਣਾਉਣਾ ਅਦਾਰੇ ਦੇ ਮਾਲਕ ਲਈ ਲਾਜ਼ਮੀ ਕਰਾਰ ਦੇਣਾ। ਇਹ ਸਕੀਮ ਪੰਜਾਬ ਸ਼ਾਪਸ ਐਂਡ ਕਮਰਸੀਅਲ ਇਸਟੈਬਲਿਸ਼ਮੈਂਟਸ ਐਕਟ, 1958 ਦੇ ਤਹਿਤ ਤਿਆਰ ਕੀਤੀ ਗਈ ਹੈ ਤਾਂ ਜੋ ਮਹਿਲਾ ਮੁਲਾਜ਼ਮਾਂ ਨੂੰ ਇਸ ਐਕਟ ਦੇ ਸੈਕਸ਼ਨ 30 ਤੋਂ ਰਾਹਤ ਦਿੱਤੀ ਜਾ ਸਕੇ ਜੋ ਕਿ ਮਹਿਲਾਵਾਂ ਦੇ ਕੰਮਕਾਜੀ ਹਲਾਤਾਂ ਨਾਲ ਸਬੰਧਤ ਹੈ।

ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਛੋਟ, ਹਰ ਮਾਮਲੇ ਉਤੇ ਵਿਚਾਰ ਕਰਕੇ ਪ੍ਰਦਾਨ ਕੀਤੀ ਜਾਵੇਗੀ ਅਤੇ ਵਪਾਰਕ ਅਦਾਰਿਆਂ ਨੂੰ ਇਸ ਲਈ ਅਰਜ਼ੀਆਂ ਦੇਣੀਆਂ ਪੈਣਗੀਆਂ। ਬੁਲਾਰੇ ਅਨੁਸਾਰ ਇਸ ਛੋਟ ਦੀਆਂ ਕੁਝ ਖਾਸੀਅਤਾਂ ਹੋਣਗੀਆਂ ਜਿਨ੍ਹਾਂ ਵਿਚੋਂ ਇੱਕ ਤਾਂ ਇਹ ਹੈ ਕਿ ਸਬੰਧਤ ਵਪਾਰਕ ਅਦਾਰਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਐਕਟ, 1958 ਦੇ ਤਹਿਤ ਰਜਿਸਟਰਡ ਹੋਣਾ ਚਾਹੀਦਾ ਹੈ। ਅਦਾਰੇ ਵਿੱਚ ਕੰਮਕਾਜ ਦੀ ਮਿਆਦ ਬਾਰੇ ਬੁਲਾਰੇ ਦਾ ਕਹਿਣਾ ਹੈ ਕਿ ਕੰਮਕਾਜ ਦੀ ਮਿਆਦ ਪ੍ਰਤੀ ਦਿਨ 9 ਘੰਟੇ ਅਤੇ ਪ੍ਰਤੀ ਹਫਤਾ 48 ਘੰਟੇ ਤੋਂ ਵੱਧ ਨਹੀਂ ਹੋਣੀ ਚਾਹੀਦੀ ।
       ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਵਰਟਾਈਮ ਕਰਨ ਵਾਲੀਆਂ ਮਹਿਲਾ ਮੁਲਾਜ਼ਮਾਂ ਨੂੰ ਇਸ ਲਈ ਮਿਲਣ ਵਾਲਾ ਮਿਹਨਤਾਨਾ ਪ੍ਰਤੀ ਘੰਟੇ ਦੇ ਹਿਸਾਬ ਨਾਲ ਦਿੱਤਾ ਜਾਵੇ ਅਤੇ ਇਸ ਦੀ ਦਰ ਉਸਨੂੰ ਮਿਲਣ ਵਾਲੇ ਆਮ ਮਿਹਨਤਾਨੇ ਤੋਂ ਦੁੱਗਣੀ ਹੋਣੀ ਚਾਹੀਦੀ ਹੈ। ਮੈਨੇਜਮੈਂਟ ਇਹ ਯਕੀਨੀ ਬਣਾਵੇਗੀ ਕਿ ਕੰਮਕਾਜ ਦੇ ਸਥਾਨ ਉਤੇ ਮਹਿਲਾ ਮੁਲਾਜ਼ਮਾਂ ਨੂੰ ਕਿਸੇ ਵੀ ਪ੍ਰਕਾਰ ਦੇ ਸਰੀਰਿਕ ਜਾਂ ਮਾਨਸਿਕ ਸ਼ੋਸ਼ਣ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਜਿਵੇਂ ਕਿ ਵਿਸ਼ਾਖਾ ਅਤੇ ਹੋਰ ਬਨਾਮ ਰਾਜਸਥਾਨ ਪ੍ਰਾਂਤ ਦੇ ਮਾਮਲੇ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਹਨ। ਬੁਲਾਰੇ ਮੁਤਾਬਿਕ ਸ਼ਾਮ ਅਤੇ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਮੁਲਾਜ਼ਮਾਂ ਨੂੰ ਆਵਾਜਾਈ ਦੀ ਸੁਵਿਧਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਜੇਕਰ ਇਸ ਸੁਵਿਧਾ ਬਾਬਤ ਮੈਨੇਜਮੈਂਟ ਵਲੋਂ ਕਿਸੇ ਹੋਰ ਏਜੰਸੀ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ, ਤਾਂ ਮੈਨੇਜਮੈਂਟ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਪਰੋਕਤ ਏਜੰਸੀ ਬਕਾਇਦਾ ਲਾਇਸੈਂਸਸ਼ੁਦਾ ਹੈ ਅਤੇ ਮੈਨੇਜਮੈਂਟ ਨੂੰ ਉਸ ਨਾਲ ਮਹਿਲਾ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਆਵਾਜਾਈ ਸੁਵਿਧਾ ਬਾਰੇ ਇਕਰਾਰਨਾਮਾ ਕਰਨਾ ਪਵੇਗਾ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਮਹਿਲਾ ਮੁਲਾਜ਼ਮਾਂ, ਸੁਰੱਖਿਆ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਲਿਆਉਣ ਤੇ ਛੱਡਣ ਵਾਲੇ ਵਾਹਨ ਵਿੱਚ ਸਵਾਰ ਹੋਣਗੀਆਂ ਅਤੇ ਮੈਨੇਜਮੈਂਟ ਵੱਲੋਂ ਵਾਹਨ, ਡਰਾਈਵਰ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਘਰ ਤੋਂ ਕੰਮਕਾਜ ਦੇ ਸਥਾਨ ਤੱਕ ਦੇ ਛਡਣ ਦੇ ਸਮੇਂ ਦਾ ਪੂਰਾ ਰਿਕਾਰਡ ਰੱਖਣਾ ਪਵੇਗਾ। ਮੈਨੇਜਮੈਂਟ ਇਹ ਵੀ ਯਕੀਨੀ ਬਣਾਵੇਗੀ ਕਿ ਅਦਾਰੇ ਵਿਖੇ ਤਾਇਨਾਤ ਸੁਰੱਖਿਆ ਗਾਰਡ ਦਾ ਬਕਾਇਦਾ ਇੱਕ ਰਜਿਸਟਰ ਰੱਖਿਆ ਜਾਵੇ ਅਤੇ ਵਾਹਨ ਦੇ ਆਉਣ-ਜਾਣ ਸਬੰਧੀ ਵੀ ਪੂਰਾ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ। ਇਹ ਵੀ ਧਿਆਨ ਰੱਖਿਆ ਜਾਵੇ ਕਿ ਵਾਹਨ ਵਿੱਚ ਸਵਾਰ ਮੁਲਾਜ਼ਮ ਚਾਰੇ ਪਾਸੇ ਤੋਂ ਨਜ਼ਰ ਆਉਣ।
       ਬੁਲਾਰੇ ਨੇ ਇਹ ਵੀ ਦੱਸਿਆ ਕਿ ਵਾਹਨਾਂ ਦੇ ਅੰਦਰ ਐਮਰਜੈਂਸੀ ਫੋਨ ਨੰਬਰ ਵੀ ਦਰਸਾਏ ਜਾਣ ਅਤੇ ਮੈਨੇਜਮੈਂਟ ਯਕੀਨੀ ਬਣਾਵੇ ਕਿ ਮਹਿਲਾ ਮੁਲਾਜ਼ਮਾਂ ਨੂੰ ਆਤਮ ਰਖਿਆ ਦੀ ਸਿਖਲਾਈ ਦੇਣ ਲਈ ਸੈਸ਼ਨ ਆਯੋਜਿਤ ਕੀਤੇ ਜਾਣ। ਰਾਤ ਦੀ ਸ਼ਿਫਟ ਦੇ ਦੌਰਾਨ ਮਹਿਲਾ ਮੁਲਾਜ਼ਮਾਂ ਦੀ ਗਿਣਤੀ ਪੰਜ ਤੋਂ ਵੱਧ ਨਾ ਹੋਵੇ ਅਤੇ ਅਦਾਰੇ ਦਾ ਪ੍ਰਬੰਧਕ ਸੈਕਸੂਅਲ ਹਰਾਸਮੈਂਟ ਆਫ ਵੂਮੈਨ ਐਟ ਵਰਕ ਪਲੇਸ (ਪ੍ਰੀਵੈਨਸ਼ਨ, ਪ੍ਰੋਹਿਬਸ਼ਨ ਐਂਡ ਰੀਡਰੈਸਲ) ਐਕਟ, 2013 ਦੇ ਪ੍ਰਾਵਧਾਨਾਂ ਦੀ ਪਾਲਣਾ ਯਕੀਨੀ ਬਣਾਵੇ। ਬੁਲਾਰੇ ਮੁਤਾਬਿਕ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਉਤੇ ਅਮਲ ਕਰਨਾ ਅਤੇ ਮਹਿਲਾ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹਰ ਵਪਾਰਕ ਅਦਾਰੇ ਲਈ ਲਾਜ਼ਮੀ ਹੋਵੇਗਾ।

WRITTEN BY