ਐਕਸਾਇਜ਼ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦੀ ਠੇਕੇਦਾਰਾਂ ਨਾਲ ਮਿਲੀਭੁਗਤ
ਗੁਰੂਹਰਸਹਾਏ, 7 ਨਵੰਬਰ-ਪੰਜਾਬ ਸਰਕਾਰ ਵੱਲੋਂ ਹਰ ਸਾਲ ਸ਼ਰਾਬ ਦਾ ਠੇਕਾ ਚੁਕਾਇਆ ਜਾਂਦਾ ਹੈ, ਜਿਸ ਦਾ ਸਾਰਾ ਕੰਮ ਐਕਸਾਇਜ਼ ਵਿਭਾਗ ਨੂੰ ਸੌਪਿਆ ਜਾਂਦਾ ਹੈ ਅਤੇ ਐਕਸਾਇਜ਼ ਵਿਭਾਗ ਵੱਲੋਂ ਠੇਕੇਦਾਰਾ ਨੂੰ ਸ਼ਰਤਾਂ ਅਤੇ ਨਿਯਮਾਂ ਤੋਂ ਜਾਣੂ ਕਰਵਾ ਕੇ ਮਨਜ਼ੂਰਸ਼ੁਦਾ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਅਤੇ ਬਰਾਂਚਾਂ ਅਲਾਟ ਕਰਕੇ ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਕੁਝ ਠੇਕੇਦਾਰਾਂ ਵੱਲੋਂ ਇਨ੍ਹਾਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਸੈਂਕੜੇ ਨਜਾਇਜ਼ ਬਰਾਂਚਾਂ ਖੋਲ੍ਹੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦਾ ਹੀ ਕੁਝ ਸਰਕਲ ਗੁਰੂਹਰਸਹਾਏ, ਪੰਜੇ ਕੇ ਉਤਾੜ ਅਤੇ ਲੱਖੋ ਕੇ ਬਹਿਰਾਮ ਅੰਦਰ ਹੋ ਰਿਹਾ ਹੈ। ਗੁਰੂਹਰਸਹਾਏ ਅੰਦਰ ਮਨਜ਼ੂਰਸ਼ੁਦਾ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ ਅਤੇ ਬਰਾਂਚਾਂ ਤੋਂ ਇਲਾਵਾ ਸੈਂਕੜੇ ਨਜਾਇਜ਼ ਬਰਾਂਚਾਂ
ਚਲਾਈਆਂ ਜਾ ਰਹੀਆਂ ਹਨ ਅਤੇ ਦੇਸੀ ਠੇਕਿਆਂ ਉਪਰ ਅੰਗਰੇਜ਼ੀ ਸ਼ਰਾਬ ਸ਼ਰੇਆਮ ਵੇਚੀ ਜਾ ਰਹੀ ਹੈ। ਇੰਨ੍ਹਾਂ ਸਬੰਧਤ ਠੇਕੇਦਾਰਾਂ ਵੱਲੋਂ ਹਰ ਪਿੰਡ ਵਿਚ ਸ਼ਰਾਬ ਵੇਚਣ ਦਾ ਕੋਈ ਨਾ ਕੋਈ ਜ਼ਰੀਆ ਬਣਾਇਆ ਹੋਇਆ ਹੈ, ਇਥੋਂ ਤੱਕ ਕਿ ਇਨ੍ਹਾਂ ਠੇਕੇਦਾਰਾਂ ਵੱਲੋਂ ਕਰਿਆਨੇ ਵਾਲੀਆਂ ਦੁਕਾਨਾਂ ’ਤੇ ਵੀ ਆਪਣੀ ਸ਼ਰਾਬ ਰੱਖ ਕੇ ਵੇਚੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰ ਪਿੰਡ ਵਿਚ ਬਰਾਂਚ ਖੋਲ੍ਹੀ ਗਈ ਹੈ ਅਤੇ ਕਈ ਪਿੰਡਾਂ ਵਿਚ ਤਾਂ ਹਰ ਨੁੱਕਰ ’ਤੇ ਸ਼ਰਾਬ ਦੀ ਬਰਾਂਚ ਖੋਲ੍ਹੀ ਗਈ ਹੈ, ਜਿਸ ਨਾਲ ਪਿੰਡਾਂ ਅੰਦਰਲਾ ਮਾਹੌਲ ਖਰਾਬ ਹੋ ਰਿਹਾ ਹੈ। ਇਹ ਸਾਰਾ ਕਾਰੋਬਾਰ ਐਕਸਾਇਜ਼ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਦੀ ਠੇਕੇਦਾਰਾਂ ਨਾਲ ਮਿਲੀਭੁਗਤ ਨਾਲ ਚੱਲ ਰਿਹਾ ਹੈ ਅਤੇ ਇਹ ਠੇਕੇਦਾਰ ਬੇਖੌਫ਼ ਹੋ ਕੇ ਆਪਣੀਆਂ ਬਰਾਂਚਾਂ ਚਲਾ ਰਹੇ ਹਨ। ਇਲਾਕੇ ਦੇ ਸਮਾਜ ਸੇਵੀ ਲੋਕਾਂ ਵੱਲੋਂ ਇਹ ਮਾਮਲਾ ਵਾਰ-ਵਾਰ ਐਕਸਾਇਜ਼ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਵੀ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਜਦੋਂ ਨਵੇਂ ਆਏ ਐਕਸਾਇਜ਼ ਵਿਭਾਗ ਇੰਸਪੈਕਟਰ ਅਮੀਰ ਚੰਦ ਬੱਤਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਆ ਗਿਆ ਹੈ ਅਤੇ ਇਨ੍ਹਾਂ ਸਰਕਲਾਂ ਉਪਰ ਜੋ ਨਜਾਇਜ਼ ਬਰਾਂਚਾਂ ਚੱਲ ਰਹੀਆਂ ਹਨ, ਉਹ ਜਲਦ ਬੰਦ ਕਰਵਾਈਆਂ ਜਾਣਗੀਆਂ ਅਤੇ ਇਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਚੱਲ ਰਹੀਆਂ ਨਜਾਇਜ਼ ਬਰਾਚਾਂ ਸਬੰਧੀ ਏ.ਈ.ਟੀ.ਸੀ. ਮੈਡਮ ਪੰਨੂੰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਨਜਾਇਜ਼ ਚੱਲ ਰਹੀਆਂ ਬਰਾਂਚਾਂ ਨੂੰ ਛਾਪੇਮਾਰੀ ਕਰਕੇ ਬੰਦ ਕਰਵਾਇਆ ਜਾਵੇਗਾ। ਪਰ ਕਈ ਦਿਨ ਬੀਤਣ ’ਤੇ ਵੀ ਇਨ੍ਹਾਂ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਕਾਰੋਬਾਰ ਐਕਸਾਇਜ਼ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਸ਼ਰੇਆਮ ਚੱਲ ਰਿਹਾ ਹੈ। ਕੁਝ ਪਿੰਡਾਂ ਅੰਦਰ ਸਕੂਲਾਂ, ਧਾਰਮਿਕ ਸਥਾਨਾਂ ਦੇ ਨਾਲ ਖੋਲ੍ਹੀਆਂ ਸ਼ਰਾਬ ਦੀਆਂ ਬਰਾਂਚਾਂ ਐਕਸਾਇਜ਼ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਮੂੰਹ ਚਿੜਾ ਰਹੀਆਂ ਹਨ। ਦੇਖਣਾ ਇਹ ਹੋਵੇਗਾ ਕਿ ਐਕਸਾਇਜ਼ ਅਤੇ ਪੁਲਿਸ ਵਿਭਾਗ ਵੱਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ ਜਾਂ ਨਹੀਂ।



