Skip to content
Independent perspectives. Global stories.
BREAKING

ਮੁੱਖ ਮੰਤਰੀ ਵਲੋਂ ਪੰਜਾਬ ਵਿੱਚ ਭੱਠਿਆਂ ਲਈ ਮਿੱਟੀ ਦੀ ਪੁਟਾਈ ਵਾਸਤੇ ਵਾਤਾਵਰਣ ਪ੍ਰਵਾਨਗੀ ਤੋਂ ਛੋਟ ਲਈ ਜਾਵੇਡਕਰ ਨੂੰ ਪੱਤਰ

Share this story

ਚੰਡੀਗੜ੍ਹ, 7 ਨਵੰਬਰ (ਪੀ.ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇੱਟਾਂ ਲਈ ਮਿੱਟੀ ਦੀ ਪੁਟਾਈ ਅਤੇ ਆਮ ਜ਼ਮੀਨ ਤੋਂ ਮਿੱਟੀ ਦੀ ਪੁਟਾਈ ਲਈ ਵਾਤਾਵਰਣ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਛੋਟ ਦੇਣ ਲਈ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰੀ ਸ੍ਰੀ ਪਰਕਾਸ਼ ਜਾਵੇਡਕਰ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਨੂੰ ਇਸ ਸਬੰਧ ਵਿੱਚ ਨਿੱਜੀ ਦਖਲ ਦੇਣ ਦੀ ਮੰਗ ਕੀਤੀ ਹੈ।  ਇਹ ਪ੍ਰਵਾਨਗੀ ਵਾਤਾਵਰਣ ਪ੍ਰਭਾਵ ਅਨੁਮਾਨ (ਈ.ਆਈ.ਏ) ਦੇ ਹੇਠ 14 ਸਤੰਬਰ, 2006 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਦੇ ਅਨੁਸਾਰ ਲੈਣੀ ਪੈਂਦੀ ਹੈ ਜੋ ਕਿ ਸਮੇਂ ਸਮੇਂ ਸੋਧਿਆ ਗਿਆ ਹੈ।  ਮੁੱਖ ਮੰਤਰੀ ਨੇ 5 ਹੈਕਟਰ ਰਕਬੇ ਤੱਕ 1.5 ਮੀਟਰ ਡੂੰਘੀ ਮਿੱਟੀ ਦੀ ਪੁਟਾਈ ਵਾਸਤੇ ਵਾਤਾਵਰਣ ਪ੍ਰਵਾਨਗੀ ਤੋਂ ਛੋਟ ਦੇਣ ਵਾਸਤੇ ਇਹ ਪੱਤਰ ਲਿਖਿਆ ਹੈ। ਸ੍ਰੀ ਜਾਵੇਡਕਰ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਈ.ਆਈ.ਏ ਨੋਟੀਫਿਕੇਸ਼ਨ ਦੇ ਘੇਰੇ ਵਿਚ ਭੱਠਿਆਂ ਲਈ ਮਿੱਟੀ ਦੀ ਪੁਟਾਈ ਲਈ ਛੋਟ ਦੇਣ ਵਾਸਤੇ ਕਾਨੂੰਨ ਵਿੱਚ ਜਰੂਰੀ

ਸੋਧ ਕਰਨ ਲਈ ਬੇਨਤੀ ਕੀਤੀ ਹੈ।  ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਹੈ ਕਿ ਲਾਲ ਇੱਟਾਂ ਦੀ ਬਣਾਈ ਸਾਧਾਰਣ ਮਿੱਟੀ ਨਾਲ ਹੁੰਦੀ ਹੈ ਅਤੇ ਇਹ ਅਮਲ ਭਾਰਤ ਵਿੱਚ ਸਦੀਆਂ ਤੋਂ ਚਲਿਆ ਆ ਰਿਹਾ ਹੈ। ਵਿਸ਼ੇਸ ਡੂੰਘਾਈ ਤੱਕ ਮਿੱਟੀ ਪੁੱਟਣ ਦਾ ਕੰਮ ਸਿਰਫ ਛੋਟੇ ਪੱਧਰ ਦਾ ਹੈ।  ਪੰਜਾਬ ਵਿੱਚ ਤਕਰੀਬਨ 3000 ਭੱਠੇ ਹਨ ਜੋ ਕਿ ਸਾਧਾਰਣ ਮਿੱਟੀ ਨਾਲ ਪੱਕੀਆਂ ਇੱਟਾਂ ਬਨਾਉਂਦੇ ਹਨ।  ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਵਲੋਂ 14 ਸਤੰਬਰ, 2006 ਨੂੰ ਜਾਰੀ ਕੀਤੇ ਅਸਲ ਈ.ਆਈ.ਏ ਦੇ ਨੋਟੀਫਿਕੇਸ਼ਨ ਦਾ ਜ਼ਿਕਰ ਕਰਦੇ ਹੋਏ ਸ.ਬਾਦਲ ਨੇ ਕਿਹਾ ਕਿ 5 ਹੈਕਟਰ ਰਕਬੇ ਤੋਂ ਘੱਟ ਮਿੱਟੀ ਦੀ ਪੁਟਾਈ ਲਈ ਇਸ ਨੋਟੀਫਿਕੇਸ਼ਨ ਦੇ ਹੇਠ ਵਾਤਾਵਰਣ ਮੰਤਰਾਲੇ ਤੋਂ ਪ੍ਰਵਾਨਗੀ ਦੀ ਲੋੜ ਨਹੀਂ ਸੀ ਪਰ 27 ਫਰਵਰੀ, 2012 ਨੂੰ ਭਾਰਤ ਦੀ ਸੁਪਰੀਮ ਕੋਰਟ ਵਲੋਂ ਦੀਪਕ ਕੁਮਾਰ ਆਦਿ ਬਨਾਮ ਹਰਿਆਣਾ ਰਾਜ ਅਤੇ ਹੋਰ ਦੇ ਮਾਮਲੇ ਵਿੱਚ ਆਪਣੇ ਫੈਸਲੇ ਵਿੱਚ ਆਖਿਆ ਹੈ ਕਿ 5 ਹੈਕਟਰ ਤੋਂ ਘੱਟ ਰਕਬੇ ਵਿੱਚੋਂ ਮਿੱਟੀ ਦੀ ਪੁਟਾਈ ਦੇ ਵਾਸਤੇ ਵਾਤਾਵਰਣ ਪ੍ਰਵਾਨਗੀ ਦੀ ਲੋੜ ਹੈ।  ਸੁਪਰੀਮ ਕੋਰਟ ਦੇ ਇਨ੍ਹਾਂ ਹੁਕਮਾਂ ਦੇ ਮੱਦੇਨਜ਼ਰ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਨੇ 18 ਮਈ, 2012 ਨੂੰ ਜਾਰੀ ਕੀਤੇ ਨਿਰਦੇਸ਼ ਵਿੱਚ ਕਿਹਾ ਹੈ ਕਿ ਮਿੱਟੀ ਦੀ ਪੁਟਾਈ ਦੇ ਸਾਰੇ ਪ੍ਰਾਜੈਕਟਾਂ ਲਈ ਵਾਤਾਵਰਣ ਪ੍ਰਵਾਨਗੀ ਦੀ ਅਗਾਊ ਪ੍ਰਵਾਨਗੀ ਲੋੜੀਂਦੀ ਹੋਵੇਗੀ ਇਸ ਵਿੱਚ ਭਾਵੇਂ ਪੁਟਾਈ ਦਾ ਕਿਨਾਂ ਵੀ ਰਕਬਾ ਕਿਉਂ ਨਾ ਹੋਵੇ।
       ਮੁੱਖ ਮੰਤਰੀ ਨੇ ਸ੍ਰੀ ਜਾਵੇਡਕਰ ਨੂੰ ਅੱਗੇ ਦੱਸਿਆ ਕਿ ਆਮ ਮਿੱਟੀ ਦੀ ਪੁਟਾਈ ਦਾ ਅਮਲ 5 ਹੈਕਟਰ ਤੱਕ ਦੇ ਰਕਬੇ ਦੇ ਛੋਟੇ ਛੋਟੇ ਖੇਤਰਾਂ ਵਿੱਚ ਹੁੰਦਾ ਹੈ ਅਤੇ ਇਨ੍ਹਾਂ ਦੀ ਪੁਟਾਈ ਇਕ ਮੀਟਰ ਤੋਂ 1.5 ਮੀਟਰ ਤੱਕ ਡੂੰਘੀ ਕੀਤੀ ਜਾਂਦੀ ਹੈ।  ਇਹ ਪੁਟਾਈ ਵਿਅਕਤੀਗਤ ਭੱਠਾ ਮਾਲਕਾਂ ਵਲੋਂ ਕੀਤੀ ਜਾਂਦੀ ਹੈ।  ਭੱਠਾ ਮਾਲਕਾਂ ਕਿਸਾਨਾਂ ਤੋਂ ਜਮੀਨ ਪੱਟੇ ’ਤੇ ਲੈਂਦੇ ਹਨ ਅਤੇ ਉਸ ਵਿੱਚੋਂ ਮਿੱਟੀ ਦੀ ਪੁਟਾਈ ਕਰਦੇ ਹਨ ਅਤੇ ਇਹ ਜਮੀਨ ਬਾਅਦ ਵਿੱਚ ਖੇਤੀ ਲਈ ਵਰਤੀ ਜਾਂਦੀ ਹੈ।  ਇਨ੍ਹਾਂ ਸਰਗਰਮੀਆਂ ਦਾ ਵਾਤਾਵਰਣ ਉਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਪੈਂਦਾ।  ਜ਼ਮੀਨ ਦਾ ਇਹ ਪਟਾ 6 ਮਹੀਨੇ ਜਾਂ ਇਕ ਸਾਲ ਤੱਕ ਦੇ ਸੀਮਿਤ ਸਮੇਂ ਦਾ ਹੁੰਦਾ ਹੈ।  ਇਸ ਕਰਕੇ ਭੱਠਾ ਮਾਲਕਾਂ ਲਈ ਇਹ ਬਹੁਤ ਜ਼ਿਆਦਾ ਮੁਸ਼ਕਲ ਹੈ ਕਿ ਉਹ ਵਿਅਕਤੀਗਤ ਤੌਰ ’ਤੇ ਛੋਟੀਆਂ ਛੋਟੀਆਂ ਸਰਗਰਮੀਆਂ ਵਾਸਤੇ ਵਾਤਾਵਰਣ ਪ੍ਰਵਾਨਗੀ ਲੈਣ। 

WRITTEN BY