Skip to content
Independent perspectives. Global stories.
BREAKING

ਫਿਰ ਸ਼ੁਰੂ ਹੋ ਗਈ ਪੰਜਾਬ ਨੂੰ ਭੁੱਕੀ ਆਉਣੀ

Share this story

ਮਲੋਟ, 7 ਨਵੰਬਰ (ਲੱਖਾ ਸ਼ਰਮਾ)-ਪੰਜਾਬ ਦੀ ਹੱਦ ਨਾਲ ਰਾਜਸਥਾਨ ਸਰਕਾਰ ਵੱਲੋਂ 28 ਪੋਸਤ ਦੇ ਠੇਕੇ ਖੋਲ੍ਹੇ ਹੋਏ ਹਨ। ਇਨ੍ਹਾਂ ਠੇਕਿਆਂ ’ਚੋਂ ਮਟੀਲੀ, ਕੰਦੂ ਖੇੜਾ ਅਤੇ ਗੰਗਾਨਗਰ ਦੇ ਠੇਕੇ, ਅਮਲੀਆਂ ਅਤੇ ਤੱਸਕਰਾਂ ਵੱਲੋਂ ਜ਼ਿਅਦਾ ਵਰਤੋਂ ’ਚ ਲਿਆਂਦੇ ਜਾ ਰਹੇ ਹਨ। ਅਮਲੀ ਭੁੱਕੀ ਦੇ ਪੈਕਟਾਂ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ’ਚ ਲੁਕਾ ਕੇ ਪਿੰਡਾਂ ਵਿਚਦੀ ਆਉਣ ਵਾਲੀਆਂ ਬੱਸਾਂ ਰਾਹੀਂ ਪੰਜਾਬ ’ਚ ਦਾਖਲ ਹੁੰਦੇ ਹਨ। ਕੰਦੂ ਖੇੜਾ ਦੇ ਠੇਕੇ ਦੇ ਅੱਗਿਓਂ ਆਉਣ ਵਾਲੀਆਂ ਬੱਸਾਂ ’ਚ ਜ਼ਿਆਦਾਤਰ ਅਮਲੀ ਹੀ ਆਉਂਦੇ ਹਨ। ਕੰਦੂ ਖੇੜਾ ਪਿੰਡ, ਜਿੱਥੋਂ ਪੰਜਾਬ ਦੀ ਹੱਦ ਸ਼ੁਰੂ ਹੂੰਦੀ ਹੈ, ਵਿੱਚ ਦਾਖਲ ਹੋਣ ਤੋਂ ਪਹਿਲਾਂ ਕੰਡਕਟਰ ਦੀ ਆਵਾਜ਼ ’ਤੇ ਇੱਕ ਅਮਲੀ ਸਾਰੇ ਅਮਲੀਆਂ ਕੋਲੋਂ ਪੈਸੇ ਇਕੱਠੇ ਕਰ ਲੈਂਦਾ ਹੈ। ਪੈਸੇ ਵਜ਼ਨ ਦੇ ਹਿਸਾਬ ਨਾਲ ’ਕੱਠੇ ਕੀਤੇ ਜਾਂਦੇ ਹਨ। ਮਸਲਣ; ਜੇਕਰ ਕਿਸੇ ਕੋਲ ਕਿੱਲੋ ਭੁੱਕੀ ਹੁੰਦੀ ਹੈ ਤਾਂ ਪੰਜਾਹ, ਅੱਧਾ ਕਿਲੋ ਤਾਂ ਵੀਹ ਰੁਪਏ। ਇਕੱਠੇ ਕਰਕੇ ਪੈਸੇ ਕੰਡਕਟਰ ਨੂੰ ਫੜਾ ਦਿੱਤੇ ਜਾਂਦੇ ਨੇ ਜੋ ਉੱਥੇ ਹੀ ਮੁੱਠ ’ਚ ਦੇ ਦਿੰਦਾ ਹੈ, ਜਿੱਥੇ ਪੁਲਿਸ ਵਾਲੇ ਚੈਕਿੰਗ ਲਈ ਚੜ੍ਹਦੇ ਹਨ। ਇਸ ਤਰ੍ਹਾਂ ਬਿਨ੍ਹਾਂ ਕਿਸੇ ਤਕਲੀਫ਼ ਤੋਂ ਭੁੱਕੀ ਪੰਜਾਬ ’ਚ ਆ ਜਾਂਦੀ ਹੈ। ਇਹ ਬੱਸਾਂ ਮਲੋਟ ਆਉਂਦੀਆਂ ਹਨ ਤੇ ਇਨ੍ਹਾਂ ’ਚੋਂ ਕੁਝ ਬੱਸਾਂ ਸਿਆਸਦਾਨਾਂ ਦੀਆਂ ਵੀ ਹਨ। ਇਨ੍ਹਾਂ ਬੱਸਾਂ ਦੀ ਕਮਾਈ ਦਾ ਸਾਧਨ ਹੀ ਅਮਲੀ ਹਨ, ਜੋ ਸੈਂਕੜਿਆਂ ਦੀ

ਤਾਦਾਦ ’ਚ ਰੋਜ਼ਾਨਾ ਕੰਦੂ ਖੇੜਾ, ਮਟੀਲੀ, ਸੰਗਰੀਆਂ ਆਦਿ ਠੇਕਿਆਂ ਨੂੰ ਸਫ਼ਰ ਕਰਦੇ ਹਨ।
ਗੌਰਤਲਬ ਹੈ ਕਿ ਰਾਜਸਥਾਨ ਨੂੰ ਜਾਣ ਵਾਲੀਆਂ ਬੱਸਾਂ ਦੇ ਕਈ ਡਰਾਇਵਰ-ਕੰਡਕਟਰ ਵੀ ਇਸ ਧੰਦੇ ’ਚ ਕਥਿਤ ਤੌਰ ’ਤੇ ਹੱਥ-ਅਜ਼ਮਾਈ ਕਰ ਰਹੇ ਹਨ। ਮੀਟੀਲੀ ਇੱਕ ਚਾਹ ਵਾਲੀ ਦੁਕਾਨ ’ਚ ਪਿੱਛੇ ਬਣੇ ਗੁਪਤ ਟਿਕਾਣੇ ’ਤੇ ਜਦੋਂ ਕੁਝ ਅਮਲੀ ‘ਉਡਾਣ’ ਲਈ ਤਿਆਰ ਹੋ ਰਹੇ ਸਨ ਤਾਂ ਇਸ ਪ੍ਰਤੀਨਿਧੀ ਨੇ ਉਨ੍ਹਾਂ ਨੂੰ ਲੱਭ ਕੇ ਗੱਲਬਾਤ ਕੀਤੀ। ਉਨ੍ਹਾਂ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਸੀਂ ਲੱਕ ਨਾਲ ਜਾਂ ਗੁਪਤ ਅੰਗਾਂ ਨਾਲ ਬੰਨ੍ਹ ਕੇ ਭੁੱਕੀ ਲਿਜਾਂਦੇ ਹਾਂ ਜੇ ਨਾਕਾ ਹੋਵੇ ਵੀ ਤਾਂ ਉਹ ਪੈਕੇਟ (ਭੁੱਕੀ ਦਾ ਸੌ ਗ੍ਰਾਮ ਦਾ ਪੈਕੇਟ) ਦੇ ਹਿਸਾਬ ਨਾਲ ਪੈਸੇ ਲੈ ਕੇ ‘ਹਰੀ ਝੰਡੀ’ ਦੇ ਦਿੰਦੇ ਹਨ। ਇਨ੍ਹਾਂ ਅਮਲੀਆਂ ਨੇ ਇਹ ਵੀ ਦੱਸਿਆ ਕਿ ਜ਼ਿਆਦਾ ਸਖ਼ਤਾਈ ਹੋ ਜਾਵੇ ਤਾਂ ਅਸੀਂ ਜਾਂ ਤਾਂ ਪੈਦਲ ਜਾਂਦੇ ਹਾਂ ਜਾਂ ਕੁਝ ਦਿਨ ਇੱਥੇ ਹੀ ਰਹਾਇਸ਼ ਕਰ ਲੈਂਦੇ ਹਾਂ। ਕੰਦੂ ਖੇੜਾ, ਮਟੀਲੀ, ਸੰਗਰੀਆ ਸ਼ਹਿਰ ’ਚੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਕੁਝ ਜਵਾਆਨ ਵੀ ਇੱਥੋਂ ਨਿਯਮਤ ਤੌਰ ’ਤੇ ਭੁੱਕੀ ਲੈ ਕੇ ਜਾਂਦੇ ਹਨ। ਇਹ ਵੇਚਦੇ ਨੇ ਜਾਂ ਖਾਂਦੇ ਨੇ ਇਸ ਗੱਲ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ। ਪੰਜਾਬ ਦੇ ਸਰਹੱਦੀ ਕਸਬੇ, ਜਿਵੇ; ਲੰਬੀ, ਦੋਦਾ, ਸੀਤੋ, ਖੁੱਬਣ ਆਦਿ ਵਿੱਚ ਹੁਣ ਫੇਰ ਭੁੱਕੀ ਆਮ ਮਿਲ ਜਾਂਦੀ ਹੈ। ਲੋੜ ਦਾਅਵੇ ਕਰਨ ਦੀ ਨਹੀਂ, ਸਗੋਂ ਸਭ ਤੋਂ ਵੱਡੀ ਇਸ ਸਪਲਾਈ ਲਾਈਨ ਨੂੰ ਤੋੜਨ ਦੀ ਹੈ, ਜਿੱਥੋਂ ਫਿਲਹਾਲ ਪੰਜਾਬ ਪੁਲਿਸ ਦੇ ਦਾਅਵਿਆਂ ’ਤੇ ਪਾਣੀ ਫਿਰ ਰਿਹਾ ਹੈ।  ਇਸ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਚਾਹਲ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਪੜਤਾਲ ਖੁਦ ਜਾ ਕੇ ਕਰਨਗੇ, ਜੇਕਰ ਜ਼ਿਲ੍ਹੇ ਅੰਦਰ ਕਿਸੇ ਵੀ ਤਰੀਕੇ ਨਸ਼ਾ ¦ਘਦਾ ਹੈ ਜਾਂ ਕਿਸੇ ਦੀ ਮਿਲੀਭੁਗਤ ਪਾਈ ਗਈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

WRITTEN BY