ਨਵੀਂ ਦਿੱਲੀ, 7 ਨਵੰਬਰ (ਮਨਪ੍ਰੀਤ ਸਿੰਘ ਖਾਲਸਾ)-ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਖੇ ਵਾਪਰੇ 1984 ਵਿਚ ਸਿੱਖ ਕਤਲੇਆਮ ਨੂੰ ਉਜਾਗਰ ਕਰਨ ਵਾਲੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਪ੍ਰਧਾਨ ਹੋਂਦ ਚਿੱਲੜ ਤਾਲਮੇਲ ਕਮੇਟੀ, ਵਾਸੀ ਮਕਾਨ ਨੰ.317, ਪਿੰਡ ਗਿਆਸਪੁਰਾ ਨੂੰ ਜਾਨ ਦਾ ਖਤਰਾ ਪੈ ਗਿਆ ਹੈ ਤੇ ਬਾਰ-ਬਾਰ ਉਨ੍ਹਾਂ ਨੂੰ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ।ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਜਨਵਰੀ 2011 ਤੋਂ ਪਹਿਲਾਂ ਆਮ ਟੈਕਸਟਾਈਲ ਪ੍ਰੋਫੈਸ਼ਨਲ, ਗੁੜਗਾਉਂ ਵਿੱਚ ਮਲਟੀਨੈਸ਼ਨਲ ਕੰਪਨੀ ਵਿੱਚ ਬਤੌਰ ਜਨਰਲ ਮੈਨੇਜਰ ਪਿਛਲੇ ਪੰਜ ਸਾਲਾਂ ਤੋਂ ਕੰਮ ਕਰ ਰਿਹਾ ਸੀ । ਉਨ੍ਹਾਂ ਦੱਸਿਆ ਕਿ 22 ਜਨਵਰੀ 2011 ਨੂੰ ਹੋਂਦ ਚਿੱਲੜ ਵਿਖੇ ਸਿੱਖ ਕਤਲੇਆਮ ਦੇ ਪਿੰਡ ਦਾ ਪਤਾ ਲੱਗਾ ਜਿਥੇ ਨਵੰਬਰ 1984 ਨੂੰ ਦਰਜਨਾਂ ਸਿੱਖਾਂ ਨੂੰ ਜ਼ਿੰਦਾ ਜਲ਼ਾ
ਦਿਤਾ ਗਿਆ ਸੀ । ਉਨ੍ਹਾਂ ਦੀ ਅੰਤਿਮ ਕਿਰਿਆ ਲਈ 26 ਸਾਲਾਂ ਬਾਅਦ ਮੇਰੇ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਸਦਕਾ 4 ਮਾਰਚ 2011 ਤੋਂ 6 ਮਾਰਚ 2011 ਤੱਕ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਸੀ ।ਉਨ੍ਹਾਂ ਕਿਹਾ ਕਿ ਮੈਨੂੰ ਡਰਾਉਣ-ਧਮਕਾਉਣ ਲਈ 3 ਮਾਰਚ ਦੀ ਰਾਤ ਨੂੰ ਲੁਧਿਆਣੇ ਸਥਿਤ ਮੇਰੇ ਘਰ ’ਚ ਚੋਰੀ ਅਤੇ ਭੰਨਤੋੜ ਕਰਵਾਈ ਗਈ। ਇੱਕ ਇੱਕ ਸਮਾਨ ਲੁੱਟ ਲਿਆ ਗਿਆ ਤੇ ਪੁਲਿਸ ਵਲੋਂ ਐਫ.ਆਈ.ਆਰ. ਵੀ ਦਰਜ ਕੀਤੀ ਗਈ । ਉਸੇ ਦਿਨ ਸਾਡੇ ਘਰ ਅੰਦਰ ਹੀ, ਮਾਲ ਜ਼ਿਆਦਾ ਹੱਥ ਲੱਗਣ ਕਾਰਨ ਡਕੈਤ ਆਪਿਸ ਵਿੱਚ ਹੀ ਲੜ ਪਏ ਸਨ। ਉਨ੍ਹਾਂ ਦੇ ਖੂਨ ਨਾਲ਼ ਲੱਥਪੱਥ ਕੱਪੜੇ ਵੀ ਸਾਡੇ ਵਲੋਂ ਪੁਲਿਸ ਨੂੰ ਸੌਂਪੇ ਗਏ ਸਨ, ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਲਟਾ ਅੱਜ ਕੱਲ੍ਹ ਸ਼ੇਰਪੁਰ ਚੌਕੀ ਵਲੋਂ ਸਾਡੇ ਘਰ ਪੁਲਿਸ ਮੁਲਾਜ਼ਮ ਭੇਜ ਕੇ ਧਮਕਾਇਆ ਜਾ ਰਿਹਾ ਹੈ ਕਿ ਕੇਸ ਵਾਪਿਸ ਲਵੋ। ਉਨ੍ਹਾਂ ਕਿਹਾ ਕਿ ਇਸ ਕਤਲਗਾਹ ਨੂੰ ਉਜਾਗਰ ਕਰਨ ਦੀ ਮਨੁੱਖਤਾਪ੍ਰਸਤੀ ਬਦਲੇ ਮੈਨੂੰ ਨੌਕਰੀ ਤੋਂ ਵੀ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ 21.12.2011 ਨੂੰ ਅਖੌਤੀ ਸ਼ਿਵ ਸੈਨਾ ਦੇ ਪ੍ਰਧਾਨ ਬਲਜੀਤ ਜੱਸੀਆਂ ਅਤੇ ਸਲੇਮ ਟਾਬਰੀ ਪੁਲਿਸ ਦੀ ਮਿਲੀਭੁਗਤ ਨਾਲ ਮੇਰੇ ’ਤੇ 153 ਏ ਦਾ ਝੂਠਾ ਕੇਸ ਦਰਜ ਕੀਤਾ ਗਿਆ। ਇਸ ਕੇਸ ਦੀਆਂ ਮੈਂ ਅੱਜ ਤੱਕ ਹਾਈਕੋਰਟ ਵਿੱਚ ਤਰੀਕਾਂ ਭੁਗਤ ਰਿਹਾ ਹਾਂ । ਅੰਤ ਵਿਚ ਉਨ੍ਹਾਂ ਦੱਸਿਆ ਕਿ ਕੱਲ੍ਹ ਮਿਤੀ 6.11.2014 ਨੂੰ ਫੋਨ ਨੰ. 98149-24708 ਤੋਂ 9:50 ਵਜੇ ਅਤੇ 9:56 ਵਜੇ ਸਵੇਰੇ ਧਮਕੀ ਭਰਿਆ ਫੋਨ ਆਇਆ। ਉਸ ਸ਼ਖਸ਼ ਨੇ ਆਪਣਾ ਨਾਮ ਦੱਸੇ ਬਗੈਰ ਗਾਲ਼ਾਂ ਕੱਢੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਨ੍ਹਾਂ ਧਮਕੀਆਂ ਕਾਰਨ ਮੈਂ ਬਹੁਤ ਪਰੇਸ਼ਾਨ ਹਾਂ ।ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਪੁਲਿਸ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਅਸੀਂ ਮਨੁੱਖਤਾਪ੍ਰਸਤੀ ਦੀ ਲੜਾਈ ਲੰਬੇ ਸਮੇਂ ਤੋਂ ਲੜ ਰਹੇ ਹਾਂ ਇਸ ਲਈ ਸਾਡੀ ਜਾਨ-ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਆਪ ਜੀ ਦੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਧਮਕੀ ਭਰਿਆ ਫੋਨ ਕਰਨ ਵਾਲੇ ’ਤੇ ਕਰੜੀ ਕਾਰਵਾਈ ਕਰਕੇ ਮੈਨੂੰ ਅਤੇ ਮੇਰੇ ਹੋਂਦ ਚਿੱਲੜ ਤਾਲਮੇਲ ਕਮੇਟੀ ਮੈਂਬਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਜਾਂ ਲਾਇਸੈਂਸੀ ਹਥਿਆਰ ਜਾਰੀ ਕੀਤੇ ਜਾਣ ਤਾਂ ਜੋ ਅਸੀਂ ਆਪਣੀ ਲੜਾਈ ਨੂੰ ਨਿਰਭੈਤਾ ਨਾਲ਼ ਜਾਰੀ ਰੱਖ ਸਕੀਏ ।



