ਸੁਨਾਮ, 4 ਨਵੰਬਰ (ਰਾਕੇਸ਼ ਜਿੰਦਲ)- ਏਸ਼ੀਆ ਵਿੱਚ ਜਾਣੀ ਜਾਂਦੀ ਅਨਾਜ ਮੰਡੀ ਸੁਨਾਮ ਵਿਖੇ ਬਾਸਮਤੀ ਜੀਰੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਆ ਰਹੀ ਸੀ, ਪਰ ਐਸੋਸੀਏਸ਼ਨ ਦੇ ਗਲਤ ਰਵੱਈਏ ਨਾਲ ਇਸਦੀ ਆਮਦ ਕਾਫੀ ਘੱਟ ਹੋ ਗਈ ਹੈ, ਕਿਉਂਕਿ ਇੱਥੇ ਬੋਲੀ ਦਾ ਕੋਈ ਵੀ ਸਿਸਟਮ ਨਹੀਂ, ਜਿਸ ਨਾਲ ਕਿਸਾਨ, ਆੜ੍ਹਤੀਏ ਅਤੇ ਮਜ਼ਦੂਰ ਕਾਫੀ ਪ੍ਰੇਸ਼ਾਨ ਰਹਿੰਦੇ ਹਨ। ਪਹਿਲਾਂ ਵੀ ਕਈ ਵਾਰੀ ਪ੍ਰਸ਼ਾਸਨ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਕੋਈ ਫਰਕ ਨਹੀਂ ਪਿਆ। ਬੋਲੀ ਲਗਭਗ ਇੱਕ ਦੁਕਾਨ ਉਪਰ 20-25 ਦਿਨ ਤੋਂ ਬਾਅਦ ਹੀ ਆਉਂਦੀ ਹੈ, ਜਿਸ ਨਾਲ ਆੜ੍ਹਤੀਆਂ ਦਾ ਬਹੁਤ ਨੁਕਸਾਨ ਹੁੰਦਾ ਹੈ। ਬੀਤੇ ਸੋਮਵਾਰ ਨੂੰ ਸਿਰਫ 13 ਦੁਕਾਨਾਂ ਉਪਰ ਹੀ ਬੋਲੀ ਹੋਈ। ਇਸ ਮੰਡੀ ਵਿੱਚ ਲਗਭਗ 300 ਆੜ੍ਹਤੀਏ ਕੰਮ ਕਰ ਰਹੇ ਹਨ। ਇਸ ਤੋਂ ਹਿਸਾਬ ਲਾਇਆ ਜਾਵੇ ਕਿ ਇੱਕ ਦੁਕਾਨ ਉਪਰ ਬੋਲੀ ਕਦੋਂ ਪਹੁੰਚੇਗੀ। ਸ. ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ, ਚੇਅਰਮੈਨ
ਪੰਜਾਬ ਮੰਡੀ ਬੋਰਡ, ਡੀ.ਸੀ., ਐਸ.ਡੀ.ਐਮ., ਪ੍ਰਬੰਧਕ ਮਾਰਕੀਟ ਕਮੇਟੀ, ਜ਼ਿਲ੍ਹਾ ਮੰਡੀ ਅਫਸਰ, ਸੈਕਟਰੀ ਤੋਂ ਕਿਸਾਨਾਂ ਅਤੇ ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ ਸਾਰੀ ਮੰਡੀ ਵਿੱਚ ਹਰ ਰੋਜ਼ ਬੋਲੀ ਕਰਵਾਈ ਜਾਵੇ। ਸਰਕਾਰ ਆੜ੍ਹਤੀਆ ਐਸੋਸੀਏਸ਼ਨ ਦਾ ਖਿਆਲ ਛੱਡ ਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਰਾਹਤ ਦਿਵਾਵੇ। ਜੇਕਰ ਸਾਰੀ ਮੰਡੀ ਵਿੱਚ ਬੋਲੀ ਨਹੀਂ ਹੋਵੇਗੀ ਤਾਂ ਸਰਕਾਰ ਨੂੰ ਵੀ ਕਾਫੀ ਨੁਕਸਾਨ ਹੋਵੇਗਾ। ਜਿਵੇਂ ਮਾਰਕੀਟ, ਆਰ.ਡੀ.ਐਫ. ਅਤੇ ਵੈਟ ਆਦਿ ਘਟਣ ਦੇ ਖਦਸ਼ੇ ਹਨ, ਜਿਸ ਨਾਲ ਮਾਰਕੀਟ ਕਮੇਟੀ ਅਤੇ ਸਰਕਾਰ ਦੇ ਖਜ਼ਾਨੇ ਉਪਰ ਮਾਲੀ ਘਾਟੇ ਦਾ ਅਸਰ ਪਵੇਗਾ। ਇਸ ਮੰਡੀ ਦਾ ਪ੍ਰਧਾਨ ਜਦੋਂ ਕੋਈ ਵੀ ਔਕੜ ਆਉਂਦੀ ਹੈ ਤਾਂ ਪਤਾ ਕਰਨ ’ਤੇ ਪਤਾ ਲੱਗਦਾ ਹੈ ਕਿ ਪ੍ਰਧਾਨ ਸਾਹਿਬ ਆਪ ਤਾਂ ਮੰਡੀ ਤੋਂ ਬਾਹਰ ਹਨ। ਅੱਜ ਬੋਲੀ ਦੇ ਵਿਚਕਾਰ ਕੁੱਝ ਰੌਲਾ-ਰੱਪਾ ਪੈ ਗਿਆ। ਤਾਂ ਪਤਾ ਲੱਗਿਆ ਕਿ ਪ੍ਰਧਾਨ ਸਾਹਿਬ ਮੰਡੀ ਤੋਂ ਬਾਹਰ ਗਏ ਹੋਏ ਹਨ। ਅਜਿਹਾ ਪਹਿਲਾਂ ਵੀ ਕਾਫੀ ਵਾਰ ਹੋ ਚੁੱਕਾ ਹੈ। ਜਦੋਂ ਸੀਨੀਅਰ ਪ੍ਰਧਾਨ ਪ੍ਰਵੀਨ ਕੁਮਾਰ ਬਿੱਟੂ ਅਤੇ ਦਲਜੀਤ ਸਿੰਘ ਬਿੱਟੂ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਮਸਲਾ ਹੱਲ ਕਰਨ ਬਾਰੇ ਕਿਹਾ। ਬਾਅਦ ਵਿੱਚ ਮਸਲੇ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਅੱਜ ਵੀ ਬੋਲੀ ਥੋੜੀਆਂ ਜਿਹੀਆਂ ਦੁਕਾਨਾਂ ’ਤੇ ਕਰਵਾ ਕੇ ਬਾਅਦ ਵਿੱਚ ਅਤੇ ਪਹਿਲਾਂ ਮਾਲ ਖਰੀਦਦਾਰ ਜ਼ੀਰੀ ਖਰੀਦਦੇ ਦੇਖੇ ਗਏ। ਕੱਲ੍ਹ ਵੀ ਆੜ੍ਹਤੀਆ ਐਸੋਸੀਏਸ਼ਨ ਨੇ ਇੱਕ ਸਰਕਲ ਭੇਜਿਆ ਸੀ, ਜਿਸ ਵਿੱਚ ਆੜ੍ਹਤੀਆਂ ਨੂੰ ਬੋਲੀ ਬਾਰੇ ਹਦਾਇਤ ਕੀਤੀ ਗਈ ਸੀ ਪਰ ਉਸਦੀਆਂ ਧੱਜੀਆਂ ਉੱਡਦੀਆਂ ਦੇਖੀਆਂ ਗਈਆਂ। ਇਸ ਪ੍ਰਕਾਰ ਪਤਾ ਚੱਲਦਾ ਹੈ ਕਿ ਆੜ੍ਹਤੀਆ ਐਸੋਸੀਏਸ਼ਨ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਮੰਡੀ ਵਿੱਚ ਜ਼ੀਰੀ ਵੇਚਣ ਆਏ ਕਿਸਾਨਾਂ ਨੇ ਪ੍ਰਧਾਨ ਨੂੰ ਮਿਲਣਾ ਚਾਹਿਆ ਪਰ ਪਤਾ ਕਰਨ ’ਤੇ ਪਤਾ ਲੱਗਾ ਕਿ ਪ੍ਰਧਾਨ ਸਾਹਿਬ ਤਾਂ ਮੰਡੀ ਤੋਂ ਬਾਹਰ ਗਏ ਹੋਏ ਹਨ। ਜ਼ਮੀਂਦਾਰਾਂ ਅਤੇ ਆੜ੍ਹਤੀਆਂ ਨੇ ਪ੍ਰਸ਼ਾਸਨ ਅਤੇ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਪ੍ਰਧਾਨ ਨੂੰ ਚਲਦਾ ਕੀਤਾ ਜਾਵੇ। ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ ਹਨੀ ਮਰਦਖੇੜਾ, ਮੁਖਤਿਆਰ ਸਿੰਘ ਸੇਖੋਂ, ਜਗਰੂਪ ਸਿੰਘ ਸੋਹੀ, ਜਰਨੈਲ ਸਿੰਘ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।



