Skip to content
Independent perspectives. Global stories.
BREAKING

ਜੂਨ ’84 ਦੀ ਸ਼ਹੀਦੀ ਯਾਦਗਾਰ ਦਾ ਵਿਵਾਦ ਕਦੋਂ ਹੱਲ ਹੋਵੇਗਾ?

Share this story

ਅੰਮ੍ਰਿਤਸਰ, 27 ਜੁਲਾਈ (ਨਰਿੰਦਰ ਪਾਲ ਸਿੰਘ)-ਨਵੰਬਰ 84 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦਗਾਰ ਪ੍ਰਤੀ ਪੈਦਾ ਹੋਏ ਵਿਵਾਦ ਦਾ ਅਸਥਾਈ ਹੱਲ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਬੀਤੇ ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੂੰ ਯਾਦਗਾਰ ਦਾ ਵਿਰੋਧ ਕਰਨ ਦੇ ਦੋਸ਼ ਤਹਿਤ ਤਾਂ ਧਾਰਮਿਕ ਸਜਾ ਸੁਣਾ ਦਿੱਤੀ ਲੇਕਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ,ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਸਬੰਧੀ ਉਠੇ ਵਿਵਾਦ ਦੀ ਤਿੰਨ ਮਹੀਨੇ ਬੀਤ ਜਾਣ ਤੇ ਵੀ ਸੁਣਵਾਈ ਨਹੀ ਹੋ ਸਕੀ।ਸ੍ਰੀ ਦਰਬਾਰ ਸਾਹਿਬ ਕੰਪਲੈਕਸ  ਸਥਿਤ ਸ਼ਹੀਦੀ ਯਾਦਗਾਰ ਦੀ ਗਲ ਕੀਤੀ ਜਾਵੇ ਤਾਂ ਇਹ ਯਾਦਗਾਰ ਮੁਕੰਮਲ ਹੋਣ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਭਿੰਡਰਾਂਵਾਲਾ ਵਲੋਂ ਇਕ ਵਿਸ਼ੇਸ਼ ਸਮਾਗਮ ਦਾ ਅਯੋਜਨ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੌਪ ਦਿੱਤੀ ਗਈ ਸੀ ।ਟਕਸਾਲ ਵਲੋਂ ਯਾਦਗਾਰ ਦੇ ਇਤਿਹਾਸ ਬਾਰੇ ਵਿਸ਼ੇਸ਼ ਤੌਰ ਤੇ ਬੋਰਡ ਬਣਵਾਕੇ ਵੀ ਲਗਾਏ ਗਏ ਸਨ ਲੇਕਿਨ 27-28 ਅਪ੍ਰੈਲ ਦੀ ਰਾਤ ਨੂੰ ਹੀ ਸ੍ਰੀ ਦਰਬਾਰ ਸਾਹਿਬ ਦੇ ਕੁਝ ਮੁਲਾਜਮਾਂ ਨੇ ਇਨ੍ਹਾਂ ਬੋਰਡਾਂ ਵਿਚੋਂਇਕ ਪ੍ਰਮੁਖ ਬੋਰਡ ਨੂੰ ਇਲੈਕਟਰਿਕ ਕਟਰ ਨਾਲ ਕੱਟ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਜਿਸਨੂੰ ਹਾਜਰ ਸੰਗਤਾਂ ਨੇ ਅਸਫਲ ਬਣਾ ਦਿੱਤਾ । ਦਮਦਮੀ ਟਕਸਾਲ ਵਲੋਂ ਇਹ ਸਾਰਾ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਧਿਆਨ ਵਿਚ ਲਿਆਉਣ ਕਾਰਣ ਇਹ ਮਾਮਲਾ ਐਨਾ ਤੂਲ ਫੜ੍ਹ ਗਿਆ ਕਿ ਸ੍ਰ ਅਵਤਾਰ ਸਿੰਘ ਮੱਕੜ ਤੇ ਬਾਬਾ ਹਰਨਾਮ ਸਿੰਘ ਖਾਲਸਾ ਦਰਮਿਆਨ ਪੈਦਾ ਹੋਈਆਂ ਦੂਰੀਆਂ ਨੂੰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਮੱਲ੍ਹ ਸਿੰਘ ,ਮੁਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਵੀ ਦੂਰ ਨਾ ਕਰ ਸਕੇ । ਸ਼੍ਰੋਮਣੀ ਕਮੇਟੀ ਨੇ ਅਗਲੇ ਹੁਕਮਾਂ ਤੀਕ ਇਸ ਸ਼ਹੀਦੀ ਯਾਦਗਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕੀਤੇ ਜਾਣ ਤੇ ਵੀ ਰੋਕ ਲਗਾ ਦਿੱਤੀ ।ਗੁਰਮਤਿ ਸਿਧਾਂਤ ਪ੍ਰਚਾਰ ਸੰਤ ਸਮਾਜ ਨੇ ਯਾਦਗਾਰ ਬਾਰੇ ਇਕ ਮੰਗ ਪੱਤਰ 6 ਮਈ ਨੂੰ ਗਿਆਨੀ ਗੁਰਬਚਨ ਸਿੰਘ ਜੀ ਨੂੰ ਸੋਪਿਆ ,24 ਮਈ ਨੂੰ ਦਮਦਮੀ ਟਕਸਾਲ ਸੰਗਰਾਵਾਂ ਦੇ ਧੜੇ ਨੇ ਵੀ ਜਥੇਦਾਰ ਨਾਲ ਮੁਲਾਕਾਤ ਕੀਤੀ ਲੇਕਿਨ ਮਈ,ਜੂਨ ਤੇ ਜੁਲਾਈ ਵਿਚ ਪੰਜ ਸਿੰਘ ਸਾਹਿਬਾਨ ਦੀਆਂ ਇਕਤਰਤਾਵਾਂ ਵਿਚ ਵੀ ਸ਼ਹੀਦੀ ਯਾਦਗਾਰ ਦਾ ਵਿਵਾਦ ਹੱਲ ਨਹੀ ਹੋ ਸਕਿਆ। ਗਿਆਨੀ ਗੁਰਬਚਨ ਸਿੰਘ ਨੇ ਤਾਂ ਪਿਛਲੇ ਮਹੀਨੇ ਹੀ ਕਹਿ ਦਿੱਤਾ ਸੀ ਕਿ ਅਜੇ ਸ਼ਹੀਦੀ ਯਾਦਗਾਰ ਸਬੰਧੀ ਦੇਸ਼ ਵਿਦੇਸ਼ ਤੋਂ ਬਹੁਤ ਸੁਝਾਅ ਆ ਰਹੇ ਹਨ ਲੇਕਿਨ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਯਾਦਗਾਰ ਦੇ ਬੋਰਡ ਪੁਟਣ ਦੀ ਕੀਤੀ  ਕੋਸ਼ਿਸ਼ ਬਾਰੇ ਲਾਏ ਦੋਸ਼ਾਂ ਲਈ ਕਿਸ ਖਿਲਾਫ ਕੀ ਕਾਰਵਾਈ ਹੋਈ ਹੈ ਇਸਦਾ ਕਿਸੇ ਪਾਸ ਕੋਈ ਜਵਾਬ ਨਹੀ ਹੈ। ਸ਼ਹੀਦੀ ਯਾਦਗਾਰ ਬਾਰੇ ਪੁਛੇ ਜਾਣ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ, ਹੱਸ ਕੇ ਟਾਲ ਦਿੰਦੇ ਹਨ ‘ਯਾਦਗਾਰ ਨੂੰ ਕੀ ਹੋਇਆ ਉਥੇ ਹੀ ਹੈ ,ਕੋਈ ਮਸਲਾ ਨਹੀ ਹੈ’। ਬਾਬਾ ਹਰਨਾਮ ਸਿੰਘ ਖਾਲਸਾ, ਸਹਿਜ ਨਾਲ ਕਹਿੰਦੇ ਹਨ ‘ਗੁਰੂ ਭਲਾ ਕਰੇਗਾ, ਸਭ ਠੀਕ ਹੋ ਜਾਵੇਗਾ’। ਵੈਸੇ ਅੱਜ ਗਿਆਨੀ ਗੁਰਬਚਨ ਸਿੰਘ ਨੇ ਸਪਸ਼ਟ ਕੀਤਾ ਹੈ ਜੂਨ 84 ਦੀ ਯਾਦਗਾਰ ਸ਼ਹੀਦੀ ਯਾਦਗਾਰ ਹੈ ਤੇ ਨਵੰਬਰ 84 ਦੀ ਯਾਦਗਾਰ ‘ਸਿੱਖ ਨਸਲਕੁਸ਼ੀ ਦੀ ਯਾਦਗਾਰ’ ਹੈ ਲੇਕਿਨ ਇਨ੍ਹਾਂ ਦੋਨਾਂ ਮਾਮਲਿਆਂ ਨੂੰ ਨਿਪਟਾਉਣ ਲਈ ਦੋਹਰੇ ਮਾਪਦੰਡ ਕਿਉਂ ਇਸਦਾ ਜਵਾਬ ਅੱਜ ਵੀ ਨਹੀ ਮਿਲ ਸਕਿਆ।

WRITTEN BY