Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਰਾਸ਼ਟਰਮੰਡਲ ਦੇਸ਼ਾਂ ਦੇ ਮੈਂਬਰਾਂ ਦਾ ਵਰਕਿੰਗ ਗਰੁੱਪ ਕਾਇਮ ਕਰਨ ਲਈ ਪੰਜਾਬ ’ਚ ਸਥਾਈ ਹੈੱਡਕੁਆਰਟਰ ਸਥਾਪਤ ਕਰਨ ਦਾ ਪ੍ਰਸਤਾਵ

Share this story

ਸੰਸਦੀ ਖੇਤੀ ਕਮੇਟੀਆਂ ਪੈਦਾਵਾਰ ਨੂੰ ਬਰਕਰਾਰ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਣ : ਸੁਖਬੀਰ ਬਾਦਲ
Page-1_06 ਜਲੰਧਰ/ਚੰਡੀਗੜ੍ਹ, 29 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਰਾਸ਼ਟਰਮੰਡਲ ਦੇਸ਼ਾਂ ਦੇ ਮੈਂਬਰਾਂ ਦਾ ਵਰਕਿੰਗ ਗਰੁੱਪ ਕਾਇਮ ਕਰਨ ਵਾਸਤੇ ਪੰਜਾਬ ਵਿੱਚ ਇਕ ਸਥਾਈ ਹੈੱਡਕੁਆਰਟਰ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਤਾਂ ਕਿ ਇਨ੍ਹਾਂ ਮੁਲਕਾਂ ਦੇ ਵਿਚਾਰਾਂ, ਤਜਰਬਿਆਂ ਅਤੇ ਭਵਿੱਖ ਰਣਨੀਤੀਆਂ ਦੇ ਆਦਾਨ-ਪ੍ਰਦਾਨ ਕਰਨ ਲਈ ਵਿਧੀ ਵਿਧਾਨ ਤਿਆਰ ਕੀਤਾ ਜਾ ਸਕੇ। ਅੱਜ ਸਵੇਰੇ ਪੰਜਾਬ ਵਿਧਾਨ ਸਭਾ ਵਿੱਚ ਭਾਰਤ, ਏਸ਼ੀਆ ਤੇ ਦੱਖਣ ਪੂਰਬ ਏਸ਼ੀਆ ਦੇ ਖੇਤਰਾਂ ਲਈ ਸੰਸਦੀ ਖੇਤੀਬਾੜੀ ਕਮੇਟੀਆਂ ਦੇ ਚੇਅਰਪਰਸਨ ਅਤੇ ਮੈਂਬਰਾਂ ਲਈ ਤਿੰਨ ਰੋਜ਼ਾ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀ. ਪੀ. ਏ.) ਦੀ ਵਰਕਸ਼ਾਪ ਦੇ ਉਦਘਾਟਨ ਮੌਕੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਕਿਹਾ

ਕਿ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਤਕਰੀਬਨ ਸਾਰੇ ਦੇਸ਼ਾਂ ਦੀਆਂ ਇਕੋ ਜਿਹੀਆਂ ਸਮਾਜਿਕ-ਆਰਥਿਕ ਹਾਲਤਾਂ ਹਨ ਅਤੇ ਇਹ ਲਗਪਗ ਇਕੋ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਸੀ. ਪੀ. ਏ. ਦਾ ਸਥਾਈ ਹੈੱਡਕੁਆਰਟਰ ਪੰਜਾਬ ਵਿੱਚ ਕਾਇਮ ਕਰਨ ਲਈ ਲੋਕ ਸਭਾ ਦੀ ਸਪੀਕਰ ਸ੍ਰੀਮਤੀ ਸੁਮਿੱਤਰਾ ਮਹਾਜਨ ਤੋਂ ਸਹਿਯੋਗ ਤੇ ਸਹਾਇਤਾ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਸਭ ਤੋਂ ਵੱਧ ਆਧੁਨਿਕ ਖੇਤੀਬਾੜੀ ਅਮਲਾਂ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦਾ ਦੇਸ਼ ਦੇ ਅਨਾਜ ਭੰਡਾਰ ਵਿੱਚ ਵੱਡਾ ਯੋਗਦਾਨ ਹੈ ਤੇ ਇਸ ਸੂਬੇ ਨੇ ਅਨਾਜ ਉਤਪਾਦਨ ਦੇ ਖੇਤਰ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾਇਆ ਹੈ।
ਸਮੁੱਚੇ ਖਿੱਤੇ ਵਿੱਚ ਕਿਸਾਨੀ ਦੀਆਂ ਨਿੱਘਰਦੀਆਂ ਹਾਲਤਾਂ ਨੂੰ ਠੁੰਮ੍ਹਣਾ ਦੇਣ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਕਾਨਫਰੰਸ ਦੌਰਾਨ ਹੋਣ ਵਾਲੇ ਵਿਚਾਰ-ਵਟਾਂਦਰੇ ਪੂਰੀ ਤਰ੍ਹਾਂ ਨਤੀਜਾ-ਮੁਖੀ ਹੋਣਗੇ ਅਤੇ ਸਾਰੇ ਪੱਧਰਾਂ ’ਤੇ ਖੇਤੀਬਾੜੀ ਵਿੱਚ ਨੇੜੇ ਦੇ ਮਿਲਵਰਤਣ ਲਈ ਰਾਹ ਪੱਧਰਾ ਕਰੇਗਾ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਵਰਕਸ਼ਾਪ ਦੌਰਾਨ ਹੋਣ ਵਾਲਾ ਵਿਚਾਰ-ਵਟਾਂਦਰਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਸਮਝ ’ਚ ਵਾਧਾ ਕਰੇਗਾ ਅਤੇ ਖੇਤੀਬਾੜੀ ਨੂੰ ਪੱਕੇ ਪੈਰੀਂ ਕਰਨ ਤੇ ਲਾਹੇਵੰਦ ਬਣਾਉਣ ਲਈ ਮੌਜੂਦਾ ਗੁੰਝਲਦਾਰ ਖੇਤੀਬਾੜੀ ਦੌਰ ਲਈ ਹੱਲ ਪ੍ਰਦਾਨ ਕਰੇਗਾ।
        ਭਾਰਤੀ ਖੇਤੀਬਾੜੀ ਦੇ ਮੌਜੂਦਾ ਰੂਪ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੀ ਆਰਥਿਕਤਾ ਮੁਢਲੇ ਰੂਪ ਵਿੱਚ ਖੇਤੀ ਅਧਾਰਿਤ ਹੈ। 60 ਫੀਸਦੀ ਤੋਂ ਵੱਧ ਆਬਾਦੀ ਅਜੇ ਵੀ ਖੇਤੀ ’ਤੇ ਨਿਰਭਰ ਕਰਦੀ ਹੈ ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਰਾਸ਼ਟਰੀ ਆਮਦਨ ਵਿੱਚ ਖੇਤੀਬਾੜੀ ਦਾ ਹਿੱਸਾ ਲਗਾਤਾਰ ਘਟਦਾ ਜਾ ਰਿਹਾ ਹੈ। ਸਾਲ 1965-66 ਵਿੱਚ 65 ਫੀਸਦੀ ਜਨਸੰਖਿਆ ਖੇਤੀਬਾੜੀ ’ਤੇ ਨਿਰਭਰ ਸੀ ਅਤੇ ਇਸ ਦਾ ਯੋਗਦਾਨ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) ਵਿੱਚ ਤਕਰੀਬਨ 65 ਫੀਸਦੀ ਹੀ ਸੀ ਪਰ ਇਸ ਵੇਲੇ 60 ਫੀਸਦੀ ਜਨਸੰਖਿਆ ਅਜੇ ਵੀ ਖੇਤੀਬਾੜੀ ’ਤੇ ਨਿਰਭਰ ਕਰਦੀ ਹੈ ਪਰ ਇਸ ਦਾ ਕੁੱਲ ਘਰੇਲੂ ਉਤਪਾਦਨ ਵਿੱਚ ਯੋਗਦਾਨ ਵੱਡੀ ਮਾਤਰਾ ਵਿੱਚ ਘਟ ਕੇ 17 ਫੀਸਦੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ  ਵਿੱਚ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਪ੍ਰਣਾਲੀ ਕਿਸਾਨਾਂ ਨੂੰ ਯਕੀਨਨ ਮੰਡੀ ਪ੍ਰਦਾਨ ਕਰਨ ਲਈ ਲਾਗੂ ਕੀਤੀ ਗਈ ਸੀ ਜਿਸ ਦਾ ਉਦੇਸ਼ ਉਤਪਾਦਨ ਨੂੰ ਵਧਾਉਣਾ ਅਤੇ ਦੇਸ਼ ਦੀਆਂ ਖੁਰਾਕੀ ਜ਼ਰੂਰਤਾਂ ਨਾਲ ਨਿਪਟਣਾ ਸੀ। ਇੱਥੋਂ ਤੱਕ ਕਿ ਬਹੁਤ ਜ਼ਿਆਦਾ ਵਿਕਸਤ ਮੁਲਕਾਂ ਦੀਆਂ ਸਰਕਾਰਾਂ ਖੇਤੀ ਆਰਥਿਕਤਾ ਨੂੰ ਬਚਾਉਣ ਲਈ ਉਦਾਰਵਾਦੀ ਆਰਥਿਕ ਮਦਦ ਮੁਹੱਈਆ ਕਰਵਾਉਂਦੀਆਂ ਹਨ। ਕਿਸਾਨਾਂ ਦੀ ਹਾਲਤਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਰਿਆਇਤਾਂ ਦੇਣ ਦੀ ਵਕਾਲਤ ਕੀਤੀ ਹੈ ਕਿਉਂਕਿ ਇਹ ਵਰਗ ਹਾਸ਼ੀਏ ’ਤੇ ਪਹੁੰਚ ਗਿਆ ਹੈ।
ਇਸ ਰਿਆਇਤ ਦੇ ਸਬੰਧ ਵਿੱਚ ਆਪਣੀ ਦ੍ਰਿੜਤਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਬੰਗਲਾਦੇਸ਼ ਦੀ ਸਪੀਕਰ ਤੇ ਸੀ.ਪੀ.ਏ. ਦੀ ਚੇਅਰਪਰਸਨ ਡਾ. ਸ਼ਿਰੀਨ ਸ਼ਰਮਿਨ ਚੌਧਰੀ ਨਾਲ ਮੰਚ ’ਤੇ ਹੋਏ ਵਿਚਾਰ-ਵਟਾਂਦਰੇ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਅਜਿਹੀ ਰਿਆਇਤ ਬੰਗਲਾਦੇਸ਼ ਵੀ ਆਪਣੇ ਕਿਸਾਨਾਂ ਨੂੰ ਦੇ ਰਿਹਾ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੇਤੀ ਪੈਦਾਵਾਰ ਨੂੰ ਬਰਕਰਾਰ ਰੱਖਣ ਲਈ ਸੰਸਦੀ ਖੇਤੀ ਕਮੇਟੀਆਂ ਮਹੱਤਵਪੂਰਨ ਭੂਮਿਕਾ ਨਿਭਾਉਣ। ਸ. ਬਾਦਲ ਨੇ ਕਿਹਾ ਕਿ ਕਮੇਟੀਆਂ ਖੇਤੀ ਨਾਲ ਸਬੰਧਿਤ ਨੀਤੀ ਨਿਰਮਾਣ ਤੇ ਕੀਟਨਾਸ਼ਕਾਂ ਤੇ ਨਦੀਨਨਾਸ਼ਕਾਂ ਦੀ ਬੇਲੋੜੀ ਵਰਤੋਂ ਨੂੰ ਰੋਕਣ ਲਈ ਵੀ ਨਿਗਰਾਨ ਦਾ ਰੋਲ ਨਿਭਾਉਣ। ਪੰਜਾਬ ਵਲੋਂ ਭਾਰਤ ਨੂੰ ਖੇਤੀ ਦੇ ਮਾਮਲੇ ਵਿਚ ਸਵੈ ਨਿਰਭਰ ਬਣਾਉਣ ਲਈ  ਪਾਏ  ਯੋਗਦਾਨ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਖੇਤੀ ਪੈਦਾਵਾਰ ਨੂੰ ਵਧਾਉਣ ਲਈ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਵੱਡਾ ਮੁੱਲ ਤਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਫਸਲ ਨੂੰ ਪੁੱਤਾਂ ਵਾਂਗ ਪਾਲਦੇ ਹਨ ਤੇ ਭਾਰੀ ਮੀਂਹ ਜਾਂ ਸੋਕੇ ਦੇ ਸਮੇਂ ਦੌਰਾਨ ਵੀ ਉਨ੍ਹਾਂ ਕਦੀ ਫਸਲੀ ਪੈਦਾਵਾਰ ਨੂੰ ਘਟਣ ਨਹੀਂ ਦਿੱਤਾ।
ਸ. ਬਾਦਲ ਨੇ ਕਿਹਾ ਕਿ ਖੇਤੀ ਖੇਤਰ ਦੇ ਸਾਹਮਣੇ ਆ ਰਹੀਆਂ ਮੁਸ਼ਕਿਲਾਂ ਤੋਂ ਪਾਰ  ਪਾਉਣ ਲਈ ਤਾਕਤਵਾਰ ਖੇਤੀ ਸੰਗਠਨ ਸਮੇਂ ਦੀ ਲੋੜ ਹਨ। ਉਨ੍ਹਾਂ ਕੌਮੀ ਤੇ ਕੌਮਾਂਤਰੀ ਖੇਤੀ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਨਾਲ ਸਬੰਧਿਤ ਸੰਸਦਾਂ ਵਿਚ ਨੀਤੀ ਨਿਰਮਾਣ ਵੇਲੇ ਖੇਤੀ ਨੂੰ ਵਧੇਰੇ ਤਵੱਜ਼ੋਂ ਦੇਣ।  
ਆਪਣੇ ਉਦਘਾਟਨੀ ਭਾਸ਼ਣ ਵਿੱਚ ਲੋਕ ਸਭਾ ਦੀ ਸਪੀਕਰ ਸ੍ਰੀਮਤੀ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਸੰਸਦੀ ਪ੍ਰਣਾਲੀ ਵਿੱਚ ਸੰਸਥਾਈ ਪ੍ਰਬੰਧਾਂ ਵਾਸਤੇ ਸੰਸਦੀ ਕਮੇਟੀਆਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜੋ ਕਿ ਸੰਸਦ ਨੂੰ ਆਪਣੀ ਭੂਮਿਕਾ ਜ਼ਿਆਦਾ ਪ੍ਰਭਾਵੀ ਤੇ ਕੁਸ਼ਲ ਤਰੀਕੇ ਨਾਲ ਨਿਭਾਉਣ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ ਇਹ ਕਮੇਟੀਆਂ ਕਾਰਪਾਲਿਕਾ ਦੀ ਲੋਕਾਂ ਪ੍ਰਤੀ ਜੁਆਬਦੇਹੀ ਨੂੰ ਵੀ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਕਿਸੇ ਵੀ ਮੁੱਦੇ ’ਤੇ ਲੋਕਾਂ ਦਾ ਰਾਏ ਪ੍ਰਾਪਤ ਕਰਕੇ ਨੀਤੀਆਂ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਸਾਡੀ ਸੰਸਦੀ ਖੇਤੀਬਾੜੀ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਕੋਈ ਵੀ ਨਵੀਂ ਅਤੀ ਆਧੁਨਿਕ ਤਕਨਾਲੋਜੀ ਸਿਰਫ ਸਥਾਨਕ ਲੋੜਾਂ ਅਤੇ ਉਸ ਦੀ ਹੰਢਣਸਾਰਤਾ ਦੇ ਅਧਿਐਨ ਤੋਂ ਬਾਅਦ ਹੀ ਅਪਣਾਈ ਜਾਵੇ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਆਪਣੇ ਭਾਸ਼ਣ ਵਿੱਚ ਪੰਜਾਬ ’ਚ ਖੇਤੀਬਾੜੀ ਬਾਰੇ ਤਿੰਨ ਦਿਨਾ ਵਰਕਸ਼ਾਪ ਕਰਵਾਉਣ ਲਈ ਸੀ.ਪੀ.ਏ. ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਅਨਾਜ ਦੇ ਉਤਪਾਦਨ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਵੱਡਾ ਹਿੱਸਾ ਪਾਇਆ ਹੈ ਅਤੇ ਇਹ ਵਰਕਸ਼ਾਪ ਇਨ੍ਹਾਂ ਬਹਾਦਰ ਕਿਸਾਨਾਂ ਦੀ ਲਗਨ, ਮਿਹਨਤ ਤੇ ਜਜ਼ਬੇ ਨੂੰ ਸਿਜਦਾ ਕਰਨ ਵਾਂਗ ਹੈ।
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਦੇ ਇਸ ਮੌਕੇ ਨੂੰ ਇਕ ਮਹਾਨ ਘੜੀ ਕਰਾਰ ਦਿੱਤਾ ਜਿਸ ਦਾ ਉਦੇਸ਼ ਸੰਕਟਾਂ ਵਿੱਚ ਘਿਰੀ ਮੌਜੂਦਾ ਖੇਤੀਬਾੜੀ ਨੂੰ ਬਾਹਰ ਕੱਢਣਾ ਹੈ। ਪੰਜਾਬ ਦੀ ਰਾਜਧਾਨੀ ਨੂੰ ਇਸ ਇਤਿਹਾਸਕ ਵਰਕਸ਼ਾਪ ਲਈ ਸੀ.ਪੀ.ਏ. ਵੱਲੋਂ ਚੁਣੇ ਜਾਣ ਲਈ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਹੀ ਚੋਣ ਹੈ ਕਿਉਂਕਿ ਪੰਜਾਬ ਵਿੱਚ ਖੇਤੀਬਾੜੀ ਦਾ ਵਿਕਾਸ ਤੇ ਤਰੱਕੀ ਸਮਾਨਆਰਥਕ ਹਨ। ਉਨ੍ਹਾਂ ਨੇ ਉਮੀਦ ਪ੍ਰਗਟ ਕਰਦਿਆਂ ਆਖਿਆ ਕਿ ਇਸ ਵਰਕਸ਼ਾਪ ਵਿੱਚ ਹੋਣ ਵਾਲਾ ਵਿਚਾਰ-ਵਟਾਂਦਰਾ ਗਰੀਬੀ ਦੇ ਖਾਤਮੇ ਵਾਸਤੇ ਰਾਸ਼ਟਰਮੰਡਲ ਦੇਸ਼ਾਂ ਲਈ ਰਾਹ ਕੱਢਣ ਵਾਸਤੇ ਮਦਦ ਕਰੇਗਾ। ਇਸ ਉਪਰੰਤ ਮੁੱਖ ਮੰਤਰੀ ਦੇ ਨਾਲ ਮੰਚ ’ਤੇ ਹਾਜ਼ਰ ਸਾਰੇ ਪਤਵੰਤਿਆਂ ਨੇ ਸੀ.ਪੀ.ਏ. ਵੱਲੋਂ ਪ੍ਰਕਾਸ਼ਿਤ ਕੀਤਾ ਸੋਵੀਨਾਰ ਜਾਰੀ ਕੀਤਾ।

WRITTEN BY