ਸਮਾਣਾ, 28 ਅਕਤੂਬਰ (ਬਲਜੀਤ ਸਿੰਘ ਦੋਦੜਾ)- ਸਾਂਝ ਕੇਂਦਰ ਵਿਖੇ ਡੀ ਐਸ ਪੀ ਸਮਾਣਾ ਸ. ਅਮਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਸਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਸਾਂਝ ਕੇਂਦਰ ਦੇ ਐਗਜ਼ੈਕਟਿਵ ਮੈਂਬਰ ਅਤੇ ਸ਼ਹਿਰ ਵਾਸੀਆਂ ਨੇ ਸਮੱਸਿਆਵਾਂ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ। ਐਡਵੋਕੇਟ ਨਵਜੋਤ ਸਿੰਘ ਢਿੱਲੋਂ ਨੇ ਟ੍ਰੈਫਿਕ ਸਮੱਸਿਆ ਬਾਰੇ ਅਤੇ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਨਾਜਾਇਜ਼ ਤੌਰ ’ਤੇ ਕੀਤੇ ਕਬਜ਼ਿਆਂ ਕਾਰਨ ਦਿਨੋ-ਦਿਨ ਤੰਗ ਹੋ ਰਹੇ ਬਾਜ਼ਾਰ ਕਾਰਨ ਟ੍ਰੈਫਿਕ ਸਮੱਸਿਆ ਹੋਰ ਗੰਭੀਰ ਹੁੰਦੀ ਜਾ ਰਹੀ ਹੈ, ਦੇ ਬਾਰੇ ਠੋਸ ਕਦਮ ਚੁੱਕਣ ਦਾ ਸੁਝਾਅ ਦਿੱਤਾ। ਸਕੂਲਾਂ ਵਿੱਚ
ਛੁੱਟੀ ਹੋਣ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਬਾਰੇ ਵੀ ਕਿਹਾ ਗਿਆ। ਸ਼ਹਿਰ ਵਿੱਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਅਤੇ ਅਵਾਰਾ ਜਾਨਵਰਾਂ ਤੋਂ ਸ਼ਹਿਰ ਵਾਸੀਆਂ ਨੂੰ ਨਿਜ਼ਾਤ ਦਵਾਈ ਜਾਵੇ। ਡੀ ਐੱਸ ਪੀ ਘੁੰਮਣ ਵੱਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਬੜੀ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਨੇ ਠੋਸ ਹੱਲ ਦਾ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਵਾਇਆ। ਇਸ ਮੌਕੇ ਸਾਂਝ ਕੇਂਦਰ ਮੁਖੀ ਤਾਰਾ ਸਿੰਘ, ਥਾਣੇਦਾਰ ਝਿਰਮਲ ਸਿੰਘ, ਹੌਲਦਾਰ ਧਰਮ ਪਾਲ ਸਿੰਘ, ਐਡਵੋਕੇਟ ਨਵਦੀਪ ਢਿੱਲੋਂ, ਐਡਵੋਕੇਟ ਗੁਲਜ਼ਾਰ ਸਿੰਘ, ਜੇ ਪੀ ਗਰਗ, ਜੀਵਨ ਕੁਮਾਰ, ਪਵਨ ਸ਼ਾਸਤਰੀ, ਸੋਮਨਾਥ ਸ਼ਰਮਾ, ਪਰਮਜੀਤ ਸਿੰਘ ਸੰਧੂ, ਰਮਲਦੀਪ ਸਿੰਘ ਸਿੱਧੂ ਆਦਿ ਹਾਜ਼ਰ ਸਨ।



